ਸ਼੍ਰੋਮਣੀ ਅਕਾਲੀ ਦਲ (ਬ) ਹੁਣ ਐਨ. ਡੀ. ਏ. ਦਾ ਹਿੱਸਾ ਨਹੀਂ : ਸੁਖਬੀਰ ਬਾਦਲ
Saturday, Sep 26, 2020 - 11:17 PM (IST)
ਜਲੰਧਰ- ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਤੇ ਪੰਜਾਬੀ ਪ੍ਰਤੀ ਨੀਤੀਆਂ ਦੇ ਚਲਦਿਆਂ ਹੁਣ ਸ਼੍ਰੋਮਣੀ ਅਕਾਲੀ ਦਲ ਭਾਜਪਾ ਅਗਵਾਈ ਵਾਲੇ ਐਨ.ਡੀ.ਏ. ਦਾ ਹਿੱਸਾ ਨਹੀਂ ਰਹਿ ਸਕਦਾ। ਉਨ੍ਹਾਂ ਕਿਹਾ ਕਿ ਕੇਂਦਰ ਦੀ ਸਰਕਾਰ ਜਿਸ ਨੇ ਕਿਸਾਨੀ ਵਿਰੋਧੀ 3 ਆਰਡੀਨੈਂਸ ਲਿਆਂਦੇ ਹਨ, ਜੋ ਕਿ ਪੰਜਾਬ ਵਿਰੋਧੀ ਹਨ ਅਤੇ ਦੇਸ਼ ਵਿਰੋਧੀ ਵੀ ਹਨ, ਅਸੀਂ ਉਸ ਪਾਰਟੀ ਦੇ ਐਨ. ਡੀ. ਏ. ਦਾ ਹਿੱਸਾ ਨਹੀਂ ਹੋ ਸਕਦੇ।
ਸੁਖਬੀਰ ਸਿੰਘ ਬਾਦਲ ਨੇ ਦੇਰ ਰਾਤ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਸੀ ਕਿ ਘੱਟ ਤੋਂ ਘੱਟ ਸ਼੍ਰੋਮਣੀ ਅਕਾਲੀ ਦਲ ਨਾਲ ਸਲਾਹ ਮਸ਼ਵਰਾ ਕਰਦੇ ਪਰ ਉਹਨਾਂ ਨੇ ਅਜਿਹਾ ਨਹੀਂ ਕੀਤਾ। ਉਹਨਾਂ ਕਿਹਾ ਕਿ ਜਿਹੜੀ ਪਾਰਟੀ ਨੇ ਆਪਣਾ ਸਾਰਾ ਜੀਵਨ ਕਿਸਾਨਾਂ ਤੇ ਖੇਤੀਬਾੜੀ 'ਤੇ ਲਾਇਆ, ਉਸ ਨਾਲ ਹੀ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਅਸੀਂ ਦੋ ਮਹੀਨਿਆਂ ਤੋਂ ਕੋਸ਼ਿਸ਼ ਕਰ ਰਹੇ ਸੀ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਗੱਲ ਸੁਣੇ ਪਰ ਸਰਕਾਰ ਨੇ ਗੱਲ ਸੁਣੇ ਬਗੈਰ ਧੱਕੇ ਨਾਲ ਖੇਤੀਬਾੜੀ ਬਿੱਲ ਪਾਸ ਕਰਵਾਏ ਹਨ। ਉਹਨਾਂ ਕਿਹਾ ਕਿ ਅਸੀਂ ਕਈ ਦਿਨਾਂ ਤੋਂ ਆਪਣੀ ਲੀਡਰਸ਼ਿਪ ਨਾਲ ਗੱਲਬਾਤ ਕਰ ਰਹੇ ਸੀ ਤੇ ਅਸੀਂ ਇਸ ਨਤੀਜੇ 'ਤੇ ਪੁੱਜੇ ਹਾਂ ਕਿ ਅਸੀਂ ਅਜਿਹੇ ਗਠਜੋੜ ਦਾ ਹਿੱਸਾ ਨਹੀਂ ਰਹਿ ਸਕਦੇ ਜਿਸਨੇ ਕਿਸਾਨ ਵਿਰੋਧੀ ਬਿੱਲ ਲਿਆਂਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨੀ ਪੰਜਾਬ ਦੀ ਸ਼ਾਨ ਹੈ ਅਤੇ ਜਿਨ੍ਹੇ ਵੀ ਐਮ. ਪੀ. ਪਾਰਲੀਮੈਂਟ 'ਚ ਬੈਠਦੇ ਹਨ, ਉਹ ਕਿਸਾਨਾਂ ਦਾ ਹੀ ਖਾਂਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਆਰਡੀਨੈਂਸਾਂ ਦਾ ਅਸਰ 20 ਲੱਖ ਕਿਸਾਨਾਂ 'ਤੇ ਅਤੇ 20 ਤੋਂ 50 ਹਜ਼ਾਰ ਆੜੜੀਏ ਭਾਈਚਾਰੇ ਤੇ 15 ਤੋਂ 20 ਲੱਖ ਮਜ਼ਦੂਰਾਂ 'ਤੇ ਪਿਆ ਹੈ।
ਹਰਸਿਮਰਤ ਕੌਰ ਬਾਦਲ ਦਾ ਅਸਤੀਫਾ
ਇਸ ਤੋਂ ਪਹਿਲਾਂ ਖੇਤੀ ਬਿੱਲਾਂ ਦਾ ਵਿਰੋਧ ਕਰਦੇ ਹੋਏ ਕੇਂਦਰੀ ਮੰਤਰੀ ਅਹੁਦੇ ਤੋਂ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦੇ ਦਿੱਤਾ ਸੀ। ਹਰਸਿਮਰਤ ਕੌਰ ਬਾਦਲ ਕੇਂਦਰੀ ਖਾਧ ਅਤੇ ਪ੍ਰੋਸੈਸਿੰਗ ਮੰਤਰੀ ਸੀ। ਅਹੁਦੇ ਤੋਂ ਅਸਤੀਫਾ ਦੇਣ ਦੇ ਬਾਅਦ ਹਰਸਿਮਰਤ ਬਾਦਲ ਨੇ ਕਿਹਾ ਸੀ ਕਿ ਪੰਜਾਬ ਦੀ ਧੀ ਨੇ ਕਿਸਾਨ ਵਿਰੋਧੀ ਆਰਡੀਨੈਂਸਾਂ ਤੇ ਕਾਨੂੰਨਾਂ ਦੇ ਵਿਰੋਧ 'ਚ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦਿੱਤਾ ਹੈ।