ਲੋਕ ਅਕਾਲੀ ਦਲ ਤੋਂ ਨਹੀਂ ਸਗੋਂ ਬਾਦਲ ਪਰਿਵਾਰ ਤੋਂ ਦੁਖੀ : ਜੀ. ਕੇ.

01/25/2020 6:51:36 PM

ਫ਼ਤਿਹਗੜ੍ਹ ਸਾਹਿਬ,(ਜਗਦੇਵ) : ਲੋਕ ਸ਼੍ਰੋਮਣੀ ਅਕਾਲੀ ਦਲ ਤੋਂ ਨਹੀਂ ਬਾਦਲ ਪਰਿਵਾਰ ਤੋਂ ਦੁਖੀ ਹਨ ਤੇ ਆਉਣ ਵਾਲੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵਿਧਾਨ ਸਭਾ ਦੀਆਂ ਚੋਣਾਂ 'ਚ ਗੁਰੂ ਦੇ ਸਿੱਖ ਬਾਦਲਾਂ ਨੂੰ ਸਬਕ ਸਿਖਾਉਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਟਕਸਾਲੀ ਅਕਾਲੀ ਦਲ ਦੇ ਆਗੂ ਮਨਜੀਤ ਸਿੰਘ ਜੀ ਕੇ ਨੇ ਫਤਿਹਗੜ੍ਹ ਸਾਹਿਬ ਵਿਖੇ ਪੱਤਰਕਾਰਾਂ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਟਕਸਾਲੀ ਅਕਾਲੀ ਅਤੇ ਹੋਰ ਇਕੱਠੇ ਹੋ ਰਹੇ ਦਲਾਂ ਦਾ ਇਹ ਇੱਕੋ ਨਿਸ਼ਾਨਾਂ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚੋਂ ਬਾਦਲਾਂ ਨੂੰ ਬਾਹਰ ਕੱਢ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਆਜ਼ਾਦ ਕਰਵਾਇਆ ਜਾਵੇ । ਮਨਜੀਤ ਸਿੰਘ ਜੀ ਕੇ ਨੇ ਕਿਹਾ ਕਿ ਉਹ ਅਤੇ ਹੋਰ ਸਿੱਖ ਸ਼੍ਰੋਮਣੀ ਅਕਾਲੀ ਦਲ ਵਾਸਤੇ ਆਪਣੀ ਜਾਨ ਤੱਕ ਦੇਣ ਲਈ ਤਿਆਰ ਹਨ ਤੇ ਅੱਜ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਤੋਂ ਨਹੀਂ ਸਗੋਂ ਬਾਦਲ ਪਰਿਵਾਰ ਤੋਂ ਹੀ ਦੁਖੀ ਹਨ ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਹਿਬਲ ਕਲਾਂ ਕਾਂਡ, ਬਰਗਾੜੀ ਕਾਂਡ, ਚਿੱਟਾ, ਡੇਰਾ ਮੁਆਫੀ ਸਾਰੀਆਂ ਹੀ ਕਾਰਵਾਈਆਂ ਖ਼ਿਲਾਫ਼ ਗਈਆਂ ਜਿਨ੍ਹਾਂ ਸਦਕਾ ਸਮੁੱਚੀ ਸਿੱਖ ਕੌਮ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਨਕਾਰ ਕੇ ਰੱਖ ਦਿੱਤਾ ਹੈ । ਉਨ੍ਹਾਂ ਕਿਹਾ ਕਿ ਇਸ ਤੇ ਅਜਿਹੀਆਂ ਕਾਰਵਾਈਆਂ ਨੂੰ ਦੇਖਦੇ ਹੋਇਆਂ ਹੀ ਦਿੱਲੀ ਵਿਧਾਨ ਸਭਾ ਚੋਣਾਂ ਲੜਨ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਪੈਰ ਪਿੱਛੇ ਖਿੱਚ ਲਏ ਹਨ । ਉਨ੍ਹਾਂ ਦਿੱਲੀ ਵਿਧਾਨ ਚੋਣਾਂ ਸਬੰਧੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਣੀ ਹਾਰ ਨੂੰ ਦੇਖਦਿਆਂ ਹੋਇਆ ਇਹ ਚੋਣਾਂ ਨਹੀਂ ਲੜ ਰਿਹਾ ਤੇ ਸੀ.ਏ.ਏ ਨੂੰ ਤਾਂ ਕੇਵਲ ਸਿਆਸੀ ਮੁੱਦਾ ਹੀ ਬਣਾਇਆ ਜਾ ਰਿਹਾ ਹੈ, ਕਿਉਂਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਚੋਣਾਂ ਲੜਨ ਲਈ ਪੂਰੀ ਤਰ੍ਹਾਂ ਕਮਰ ਕਸੀ ਬੈਠਾ ਸੀ । ਉਨ੍ਹਾਂ ਕਿਹਾ ਕਿ ਜੇਕਰ ਦਿੱਲੀ ਵਿਧਾਨ ਸਭਾ ਚੋਣਾਂ ਸ਼੍ਰੋਮਣੀ ਅਕਾਲੀ ਦਲ ਹਾਰ ਜਾਂਦਾ ਤਾਂ ਕੈਬਨਿਟ ਵਿੱਚੋਂ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਅਸਤੀਫ਼ਾ ਦੇਣਾ ਪੈਣਾ ਸੀ, ਜਦ ਕਿ ਅਕਾਲੀ ਦਲ ਕੇਂਦਰੀ ਮਨਿਸਟਰੀ ਪਿੱਛੇ ਸਾਰੀ ਕੌਮ ਨੂੰ ਵੇਚਦਾ ਆਇਆ ਹੈ ।ਜੀ ਕੇ ਨੇ ਕਿਹਾ ਕਿ ਅੱਜ ਰੌਲਾ ਪਾਇਆ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਮਨਜੀਤ ਜੀ. ਕੇ, ਢੀਂਡਸਾ, ਬ੍ਰਹਮਪੁਰਾ, ਸੇਖਵਾਂ ਆਦਿ ਨੂੰ ਕੱਢ ਦਿੱਤਾ ਗਿਆ ਹੈ ਉਨ੍ਹਾਂ ਸਵਾਲ ਕਰਦਿਆਂ ਕਿਹਾ ਕਿ ਅਕਾਲੀ ਦਲ ਵਿੱਚੋਂ ਕਿਸ ਨੂੰ ਕੀ ਕੱਢੋਗੇ ਤੁਹਾਨੂੰ ਤਾਂ ਸੰਗਤ ਨੇ ਹੀ ਨਕਾਰ ਕੇ ਕੱਢ ਦਿੱਤਾ ਹੈ ।

ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਨੂੰ ਬਾਦਲਾਂ ਪਾਸੋਂ ਕਿਸੇ ਤਰ੍ਹਾਂ ਦਾ ਕੋਈ ਲਾਲਚ ਨਹੀਂ ਹੈ, ਕਿਉਂਕਿ ਬਾਦਲ ਕੇਵਲ ਆਪਣੇ ਪਰਸਨਲ ਕੰਮਾਂ ਲਈ ਹੀ ਮੋਦੀ ਕੋਲ ਜਾਂਦੇ ਰਹੇ ਹਨ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਹੈ ਅਤੇ ਸ਼ਹਾਦਤਾਂ ਦੇਣ ਤੋਂ ਬਾਅਦ 1920 ਵਿੱਚ ਹੋਂਦ ਵਿੱਚ ਆਈ ਸੀ ਕਿਤੇ ਹੁਣ 100 ਸਾਲ ਬਾਅਦ ਫਿਰ ਸ਼੍ਰੋਮਣੀ ਕਮੇਟੀ ਉਸੇ ਤਰ੍ਹਾਂ ਮਹੰਤਾਂ ਦੇ ਕਬਜ਼ੇ ਵਿੱਚ ਆ ਗਈ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ, ਪਟਨਾ ਸਾਹਿਬ ਕਮੇਟੀ, ਸ੍ਰੀ ਅਕਾਲ ਤਖਤ ਸਾਹਿਬ ਸਮੇਤ ਸਿੱਖ ਵਿਦਿਅਕ ਸੰਸਥਾਵਾਂ ਤੇ ਵੀ ਕਬਜ਼ੇ ਕਰ ਲਏ ਗਏ ਹਨ ਤੇ ਇਨ੍ਹਾਂ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤਿਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਆਉਣ ਵਾਲਾ ਸਮਾਂ ਹੁਣ ਬਾਦਲਾਂ ਦਾ ਨਹੀਂ ਸਗੋਂ ਬਦਲਾਓ ਦਾ ਹੈ ਜੋ ਛੇਤੀ ਹੀ ਆਵੇਗਾ ।


Related News