ਪੰਜਾਬ ''ਚ ਵੱਡਾ ਕਾਂਡ: ਅਕਾਲੀ ਆਗੂ ਦੀ ਮਾਤਾ ਦੀ ਮੌਤ! 3 ਔਰਤਾਂ ਸਮੇਤ 7 ''ਤੇ ਪਰਚਾ ਦਰਜ
Friday, Aug 21, 2026 - 07:05 PM (IST)
ਬੁਢਲਾਡਾ (ਬਾਂਸਲ): ਸਥਾਨਕ ਸ਼ਹਿਰ ਅੰਦਰ ਨਗਰ ਕੌਂਸਲ ਚੋਣਾਂ ਤੋਂ ਬਾਅਦ ਆਪਸੀ ਰੰਜਿਸ਼ ਤਹਿਤ ਹੋਈ ਝਗੜੇ 'ਚ ਜ਼ਖ਼ਮੀ ਹੋਏ ਵਿਅਕਤੀ ਦੇ ਪਰਿਵਾਰ ਅਤੇ ਉਸ ਦੇ ਹਮਾਇਤੀਆਂ ਵੱਲੋਂ ਅਕਾਲੀ ਆਗੂ ਦੇ ਘਰ ਵਿਚ ਜਾ ਕੇ ਗਾਲੀ ਗਲੋਚ ਕਰਦਿਆਂ ਧਮਕੀਆਂ ਦਿੱਤੀਆਂ ਗਈਆਂ। ਇਸ ਕਾਰਨ ਅਕਾਲੀ ਆਗੂ ਦੀ ਮਾਤਾ ਦੀ ਦਹਿਲਣ ਕਾਰਨ ਮੌਤ ਹੋ ਗਈ। ਪੁਲਸ ਨੇ ਮ੍ਰਿਤਕਾ ਦੀ ਧੀ ਜੋਤੀ ਸ਼ਰਮਾ ਪੁੱਤਰੀ ਪ੍ਰਿਥੀ ਰਾਜ ਸ਼ਰਮਾ ਦੇ ਬਿਆਨਾਂ ਦੇ ਅਧਾਰ 'ਤੇ 3 ਔਰਤਾਂ ਸਮੇਤ 7 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬੁਢਲਾਡਾ ਵਿਖੇ ਭੇਜ ਦਿੱਤਾ ਗਿਆ ਹੈ।
ਮ੍ਰਿਤਕ ਦੀ ਪੁੱਤਰੀ ਜੋਤੀ ਸ਼ਰਮਾਂ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਦੀਪਕ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਤਰਫੋ ਨਗਰ ਕੌਂਸਲ ਚੋਣਾਂ 'ਚ ਉਮੀਦਵਾਰ ਸੀ। ਉਸ ਦੀ ਕੁਸ਼ਦੀਪ ਸ਼ਰਮਾ ਨਾਲ ਲੜਾਈ ਹੋਈ ਸੀ ਤੇ ਉਨ੍ਹਾਂ ਨੇ ਦੀਪਕ ਦੇ ਖ਼ਿਲਾਫ਼ ਮੁਕੱਦਮਾ ਵੀ ਦਰਜ ਕਰਵਾ ਦਿੱਤਾ ਸੀ। ਦੋਸ਼ ਹੈ ਕਿ ਕੁਸ਼ਦੀਪ ਸ਼ਰਮਾ ਦੇ ਪਰਿਵਾਰ ਦੇ ਰਣਜੀਤ ਸ਼ਰਮਾ ਅਤੇ ਉਸ ਦੀ ਪਤਨੀ ਮਨੂ, ਕਮਲਜੀਤ ਸ਼ਰਮਾ ਅਤੇ ਉਸ ਦੀ ਪਤਨੀ ਸਾਬਕਾ ਕੌਂਸਲਰ ਰਾਣੀ ਸ਼ਰਮਾ ਅਤੇ ਕੁਸ਼ਦੀਪ ਸ਼ਰਮਾ ਦੀ ਪਤਨੀ ਰੂਬੀ ਸ਼ਰਮਾ ਤੋਂ ਇਲਾਵਾ ਉਨ੍ਹਾਂ ਦਾ ਸਾਥੀ ਸੁਭਾਸ਼ ਵਰਮਾਂ, ਰਜਿੰਦਰ ਬਿੱਟੂ ਚੌਧਰੀ ਨੇ ਦੀਪਕ ਦੇ ਘਰ ਆ ਕੇ ਗਾਲੀ ਗਲੋਚ ਕਰਦਿਆਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।
ਜੋਤੀ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਯੋਗਤਾ ਸ਼ਰਮਾ (69 ਸਾਲਾ) ਦਿਲ ਦੀ ਮਰੀਜ਼ ਸੀ ਤੇ ਉਨ੍ਹਾਂ ਦੀ ਦਵਾਈ ਚੱਲ ਰਹੀ ਸੀ। ਇਸ ਸਭ ਕਾਰਨ ਉਹ ਦਹਿਲ ਕੇ ਬੇਹੋਸ਼ ਹੋ ਗਏ। ਪਰਿਵਾਰ ਨੇ ਤੁਰੰਤ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਪਰਿਵਾਰ ਵੱਲੋਂ ਸਾਰੀ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਉੱਧਰ ਐੱਸ.ਐੱਚ.ਓ. ਕੰਵਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪੁੱਤਰੀ ਦੇ ਬਿਆਨਾਂ 'ਤੇ ਉਪਰੋਕਤ 3 ਔਰਤਾਂ ਸਮੇਤ 7 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
