ਸ਼੍ਰੋਮਣੀ ਅਕਾਲੀ ਦਲ ਨੂੰ ਨਿਰਾਸ਼ ਆਗੂਆਂ ਦੀ ਯਾਦ ਲੱਗੀ ਸਤਾਉਣ, ਬਣਾਇਆ ਜਾ ਰਿਹੈ ਰਾਬਤਾ

Sunday, Sep 26, 2021 - 12:34 PM (IST)

ਸ਼੍ਰੋਮਣੀ ਅਕਾਲੀ ਦਲ ਨੂੰ ਨਿਰਾਸ਼ ਆਗੂਆਂ ਦੀ ਯਾਦ ਲੱਗੀ ਸਤਾਉਣ, ਬਣਾਇਆ ਜਾ ਰਿਹੈ ਰਾਬਤਾ

ਹੁਸ਼ਿਆਰਪੁਰ (ਇਕਬਾਲ ਸਿੰਘ ਘੁੰਮਣ)-ਸ਼੍ਰੋਮਣੀ ਅਕਾਲੀ ਦਲ ਆਪਣੀ ਸਿਆਸੀ ਜ਼ਮੀਨ ਨੂੰ ਤਲਾਸ਼ਣ ਲਈ ਹਰ ਹੀਲਾ ਵਰਤ ਰਿਹਾ ਹੈ ਅਤੇ ਹੁਣ ਪੁਰਾਣੇ ਵੱਡੇ ਅਕਾਲੀ ਆਗੂਆਂ ਦੀ ਯਾਦ ਸਤਾਉਣ ਲੱਗੀ ਹੈ ਅਤੇ ਉਨ੍ਹਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਜਿਸ ਦੀ ਕਮਾਂਡ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸੰਭਾਲੀ ਗਈ ਹੈ। ਉਨ੍ਹਾਂ ਦੇ ਨਜ਼ਦੀਕ ਰਹੇ ਕੁਝ ਆਗੂ ਜੋ ਪਾਰਟੀ ਦੇ ਜ਼ਿੰਮੇਵਾਰ ਅਹੁਦਿਆਂ ’ਤੇ ਸਨ ਅਤੇ ਉਹ ਉਸ ਸਮੇਂ ਪਾਰਟੀ ਤੋਂ ਬਾਹਰ ਹੋ ਗਏ, ਜਦੋਂ ਪਾਰਟੀ ਦੀ ਕਮਾਂਡ ਨਵੀਂ ਪੀੜ੍ਹੀ ਦੇ ਹੱਥ ਆਈ ਅਤੇ ਆਪਣੀ ਘਟਦੀ ਪੁੱਛ-ਪ੍ਰਤੀਤ ਵੇਖ ਕੇ ਉਹ ਦੂਜੀਆਂ ਪਾਰਟੀਆਂ ’ਚ ਚਲੇ ਗਏ ਪਰ ਅੱਜ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਅਜਿਹੇ ਆਗੂਆਂ ਨੂੰ ਪਾਰਟੀ ’ਚ ਸ਼ਾਮਲ ਕਰਵਾਉਣ ਲਈ ਕਵਾਇਦ ਤੇਜ਼ ਕਰ ਦਿੱਤੀ ਗਈ ਹੈ। ਉਥੇ ਜ਼ਿਲ੍ਹਿਆਂ ’ਚ ਬੈਠੇ ਅਕਾਲੀ ਆਗੂਆਂ ਨੇ ਨਿਰਾਸ਼ ਵੱਡੇ ਅਤੇ ਛੋਟੇ ਆਗੂਆਂ ਤੱਕ ਵੀ ਪਹੁੰਚ ਸ਼ੁਰੂ ਕਰ ਦਿੱਤੀ ਹੈ ਅਤੇ ਉਨ੍ਹਾਂ ਨੂੰ ਮਨਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਕਈ ਆਗੂਆਂ ਨੂੰ ਵੱਡੀ ਲੀਡਰਸ਼ਿਪ ਨਾਲ ਮਿਲਾਉਣ ਲਈ ਚੰਡੀਗੜ੍ਹ ਲਿਜਾਇਆ ਜਾ ਰਿਹਾ ਹੈ। ਪਿਛਲੇ ਸਮੇਂ ਦੀ ਰਵਾਇਤੀ ਪਾਰਟੀਆਂ ਵਾਲੀ ਰਾਜਨੀਤੀ, ਜਿਸ ਵਿਚ ਹਮੇਸ਼ਾਂ ਹੀ ਵਾਰੋ-ਵਾਰੀ ਰਾਜ ਕਰਨ ਦੀ ਵਾਰੀ ਲੱਗ ਰਹੀ ਸੀ ਪਰ ਅੱਜ ਉਸ ਰਾਜਨੀਤੀ ਲਈ ਵੱਡੀ ਮੁਸ਼ਕਿਲ ਆ ਖੜ੍ਹ ਹੋਈ ਹੈ ਕਿ ਚੋਣ ਮੈਦਾਨ ’ਚ ਬਹੁਤ ਸਾਰੀਆਂ ਪਾਰਟੀਆਂ ਉੱਤਰ ਆਈਆਂ ਹਨ।

ਇਹ ਵੀ ਪੜ੍ਹੋ :  ਅਸਤੀਫ਼ਾ ਦੇਣ ਦੇ ਬਾਅਦ ਫੁਰਸਤ ਦੇ ਪਲਾਂ ਦਾ ਕੈਪਟਨ ਮਾਣ ਰਹੇ ਆਨੰਦ, 'ਓ ਗੋਰੇ-ਗੋਰੇ ਬਾਂਕੇ ਛੋਰੇ' ਗਾਇਆ ਗੀਤ

ਸ਼੍ਰੋਮਣੀ ਅਕਾਲੀ ਦਲ ਨੇ ਸੱਤਾਧਾਰੀ ਪਾਰਟੀ ਕਾਂਗਰਸ ਨੂੰ ਟੱਕਰ ਦੇਣ ਲਈ ਆਪਣੀ ਸੌ ਦਿਨ ਦੀ ਯਾਤਰਾ ਸ਼ੁਰੂ ਕੀਤੀ ਸੀ ਤਾਂ ਜੋ ਪੰਜਾਬ ਦੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਜਾ ਸਕੇ ਪਰ ਅੱਜ ਪੰਜਾਬ ਦੇ ਘਰ-ਘਰ ’ਚ ਰਾਜਨੀਤੀ ਦਾਖ਼ਲ ਹੋ ਚੁੱਕੀ ਹੈ ਅਤੇ ਲੋਕ ਇੰਨੇ ਹੁਸ਼ਿਆਰ ਹੋ ਚੁੱਕੇ ਹਨ ਕਿ ਸੱਚ ਨੂੰ ਅੰਦਰੋਂ ਬਾਹਰ ਲਿਆਉਣ ਲਈ ਕੰਨੀ ਕਤਰਾ ਰਹੇ ਹਨ। ਹਰ ਪਾਰਟੀ ਦੇ ਆਗੂ ਨੂੰ ਹੱਦ ਤੋਂ ਵੱਧ ਵਿਸ਼ਵਾਸ ਦਿਵਾਇਆ ਜਾ ਰਿਹਾ ਹੈ ਕਿ ਉਹ ਉਨ੍ਹਾਂ ਦੇ ਨਾਲ ਹਨ, ਪਰ ਉਹ ਕਿਸ ਪਾਸੇ ਭੁਗਤਦੇ ਹਨ, ਇਸ ਬਾਰੇ ਕਹਿਣਾ ਬੜਾ ਮੁਸ਼ਕਿਲ ਹੈ। ਸ਼੍ਰੋਮਣੀ ਅਕਾਲੀ ਦਲ ਆਪਣੀ ਸਿਆਸੀ ਜ਼ਮੀਨ ਤਲਾਸ਼ਣ ’ਚ ਪੰਜਾਬ ਵਾਸੀਆਂ ਨੂੰ ਆਪਣੇ ਨਾਲ ਜੋਡ਼ਨ ਵਾਸਤੇ ਕਿੰਨਾ ਕੁ ਕਾਮਯਾਬ ਹੁੰਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸ ਸਕਦਾ ਹੈ।

ਇਹ ਵੀ ਪੜ੍ਹੋ :  ਮੁੱਖ ਮੰਤਰੀ ਵਰਗੀਆਂ ਸਹੂਲਤਾਂ ਮੰਗਣ ਲਈ ਛਿੜੀਆਂ ਚਰਚਾਵਾਂ ਸਬੰਧੀ ਓ. ਪੀ. ਸੋਨੀ ਨੇ ਦਿੱਤੀ ਸਫ਼ਾਈ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

shivani attri

Content Editor

Related News