ਸ਼੍ਰੋਮਣੀ ਅਕਾਲੀ ਦਲ 29 ਸਤੰਬਰ ਨੂੰ CM ਚਰਨਜੀਤ ਚੰਨੀ ਦੀ ਰਿਹਾਇਸ਼ ਤੱਕ ਕੱਢੇਗਾ ਰੋਸ ਮਾਰਚ

Thursday, Sep 23, 2021 - 06:48 PM (IST)

ਸ਼੍ਰੋਮਣੀ ਅਕਾਲੀ ਦਲ 29 ਸਤੰਬਰ ਨੂੰ CM ਚਰਨਜੀਤ ਚੰਨੀ ਦੀ ਰਿਹਾਇਸ਼ ਤੱਕ ਕੱਢੇਗਾ ਰੋਸ ਮਾਰਚ

ਚੰਡੀਗੜ੍ਹ (ਬਿਊਰੋ) - ਸ਼੍ਰੋਮਣੀ ਅਕਾਲੀ ਦਲ ਨੇ ਫ਼ੈਸਲਾ ਕੀਤਾ ਹੈ ਕਿ ਉਹ ਸੂਬੇ ਦੇ ਉਨ੍ਹਾਂ 2 ਲੱਖ ਕਿਸਾਨਾਂ ਵਾਸਤੇ ਨਿਆਂ ਹਾਸਲ ਕਰਨ ਲਈ ਵੱਡੀ ਪੱਧਰ ’ਤੇ ਸੰਘਰਸ਼ ਛੇੜੇਗਾ, ਜਿਨਾਂ ਦੀਆਂ ਜ਼ਮੀਨਾਂ ਕਾਂਗਰਸ ਸਰਕਾਰ ਵਲੋਂ ਭਾਰਤ ਮਾਲਾ ਪ੍ਰਾਜੈਕਟ ਤਹਿਤ 19 ਜ਼ਿਲ੍ਹਿਆਂ ਵਿਚ ਕੌਡੀਆਂ ਦੇ ਭਾਅ ਐਕਵਾਇਰ ਕੀਤੀਆਂ ਜਾ ਰਹੀਆਂ ਹਨ। ਪਾਰਟੀ ਨੇ ਫ਼ੈਸਲਾ ਕੀਤਾ ਹੈ ਕਿ ਉਹ ਪ੍ਰਭਾਵਿਤ ਕਿਸਾਨ ਪਰਿਵਾਰਾਂ ਲਈ ਨਿਆਂ ਹਾਸਲ ਕਰਨ ਵਾਸਤੇ 29 ਸਤੰਬਰ ਨੂੰ ਮੋਹਾਲੀ ਤੋਂ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ਤੱਕ ਰੋਸ ਮਾਰਚ ਕੱਢੇਗਾ। ਪਾਰਟੀ ਦੇ ਵਫ਼ਦ ਵਲੋਂ ਇਸ ਮਾਮਲੇ ਵਿਚ ਕੱਲ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰਕੇ ਪ੍ਰਭਾਵਿਤ ਕਿਸਾਨਾਂ ਨੂੰ ਢੁੱਕਵਾਂ ਮੁਆਵਜ਼ਾ ਦੇਣ ਦੀ ਮੰਗ ਕਰਦਾ ਹੋਇਆ ਮੰਗ ਪੱਤਰ ਵੀ ਸੌਂਪਿਆ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ - CM ਚੰਨੀ ਦੇ ਬੇਬਾਕ ਬੋਲ, ਕਿਹਾ ‘ਮੈਨੂੰ ਲੋਕਾਂ ਦਾ ਸਾਥ ਚਾਹੀਦਾ, ਸੁਰੱਖਿਆ ਲਈ ਗੰਨਮੈਨ ਨਹੀਂ’

ਇਹ ਫ਼ੈਸਲੇ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵਲੋਂ ਪੰਜਾਬ ਪ੍ਰਦੇਸ਼ ਰੋਡ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਤੀਨਿਧਾਂ ਨਾਲ ਮੀਟਿੰਗ ਮਗਰੋਂ ਲਏ ਗਏ। ਇਹ ਕਮੇਟੀ ਹੀ ਪ੍ਰਭਾਵਿਤ ਕਿਸਾਨਾਂ ਲਈ ਨਿਆਂ ਹਾਸਲ ਕਰਨ ਵਾਸਤੇ ਮੁਹਿੰਮ ਦੀ ਅਗਵਾਈ ਕਰ ਰਹੀ ਹੈ। ਅਕਾਲੀ ਦਲ ਲੀਡਰਸ਼ਿਪ ਨੂੰ ਜਾਣਕਾਰੀ ਦਿੰਦਿਆਂ ਕਮੇਟੀ ਪ੍ਰਧਾਨ ਸੁਖਦੇਵ ਸਿੰਘ ਢਿੱਲੋਂ ਨੇ ਦੱਸਿਆ ਕਿ ਕਾਂਗਰਸ ਸਰਕਾਰ ਕਿਸਾਨਾਂ ਨੂੰ ਲੁੱਟ ਰਹੀ ਹੈ ਅਤੇ ਕੌਡੀਆਂ ਦੇ ਭਾਅ ਜ਼ਮੀਨ ਐਕਵਾਇਰ ਕਰਨਾ ਚਾਹੁੰਦੀ ਹੈ। ਪੇਂਡੂ ਖੇਤਰ ਵਿੱਚ 30 ਲੱਖ ਅਤੇ ਸ਼ਹਿਰੀ ਏਕੜ ਵਾਸਤੇ 70 ਲੱਖ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾ ਰਿਹਾ ਹੈ, ਜਦਕਿ ਇਹ ਮੁਆਵਜ਼ਾ ਪੇਂਡੂ ਖੇਤਰ ਲਈ 1 ਕਰੋੜ ਪ੍ਰਤੀ ਏਕੜ ਅਤੇ ਸ਼ਹਿਰੀ ਖੇਤਰ ਦੀ ਜ਼ਮੀਨ ਵਾਸਤੇ 3 ਤੋਂ 5 ਕਰੋੜ ਰੁਪਏ ਪ੍ਰਤੀ ਏਕੜ ਹੋਣਾ ਚਾਹੀਦਾ ਹੈ।

ਪੜ੍ਹੋ ਇਹ ਵੀ ਖ਼ਬਰ - ਪ੍ਰੀਖਿਆਰਥੀਆਂ ਨੂੰ ਲੱਗਾ ਵੱਡਾ ਝਟਕਾ : ਪੰਜਾਬ ਪੁਲਸ ਹੈੱਡ ਕਾਂਸਟੇਬਲ ਦੀ ਭਰਤੀ ਪ੍ਰੀਖਿਆ ਹੋਈ ਰੱਦ

ਕਮੇਟੀ ਮੈਂਬਰਾਂ ਨੇ ਆਖਿਆ ਕਿ ਕਾਂਗਰਸ ਸਰਕਾਰ ਜਾਣ ਬੁੱਝ ਕੇ ਜ਼ਮੀਨ ਦੀ ਘੱਟ ਕੀਮਤ ਦੇ ਰਹੀ ਹੈ ਤੇ ਕਿਸਾਨਾਂ ਨੂੰ 100 ਫੀਸਦੀ ਸੋਲੇਸ਼ੀਅਮ ਅਤੇ ਇੰਨਾਂ ਹੀ ਵਾਧੂ ਮੁਆਵਜ਼ਾ ਸ਼ਾਮਲ ਕਰਨ ਦੇ ਬਾਵਜੂਦ ਢੁੱਕਵੀਂ ਕੀਮਤ ਨਹੀਂ ਮਿਲ ਰਹੀ।ਸੁਖਦੇਵ ਸਿੰਘ ਢਿੱਲੋਂ ਨੇ ਦੱਸਿਆ ਕਿ 1 ਸਾਲ ਪਹਿਲਾਂ ਪਿੰਡ ਸੰਤੋਖਪੁਰਾ ਦੀ ਜ਼ਮੀਨ ਸਾਢੇ 19 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਐਕਵਾਇਰ ਕੀਤੀ ਗਈ। ਕਮੇਟੀ ਨੇ ਦੱਸਿਆ ਕਿ ਇਹ ਮੁਆਵਜ਼ਾ ਦੇਣ ਦਾ ਤਰੀਕਾ ਸਹੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਮੋਹਾਲੀ ਵਿੱਚ ਸ਼ਤਾਪਤਪੁਰਾ ਦੇ ਕਿਸਾਨਾਂ ਨੂੰ 9 ਕਰੋੜ ਰੁਪਏ ਪ੍ਰਤੀ ਏਕੜ ਮੁਆਵਜ਼ਾ ਮਿਲਿਆ ਹੈ, ਜਦੋਂਕਿ ਇਸ ਤੋਂ ਅਗਲੇ ਪਿੰਡ ਬਾਕਰਪੁਰ ਵਿਚ 5. 75 ਕਰੋੜ ਪ੍ਰਤੀ ਏਕੜ ਅਤੇ ਉਸ ਤੋਂ ਅਗਲੇ ਪਿੰਡ ਪਰਾਗਪੁਰ ਵਿਚ ਸਿਰਫ਼ 29 ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ਾ ਮਿਲਿਆ ਹੈ। ਇਹ ਜਾਣਕਾਰੀ ਕਮੇਟੀ ਦੇ ਕੋਆਰਡੀਨੇਟਰ ਹਰਮਨਪ੍ਰੀਤ ਸਿੰਘ ਨੇ ਦਿੱਤੀ ਹੈ। 

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਕੈਪਟਨ ਦੇ ਬੇਹੱਦ ਖਾਸ ਨੌਕਰਸ਼ਾਹਾਂ ਦੇ ਅਸਤੀਫੇ ਸ਼ੁਰੂ

ਕਮੇਟੀ ਨੇ ਇਹ ਵੀ ਦੱਸਿਆ ਕਿ ਪ੍ਰਾਜੈਕਟ ਲਈ 25 ਹਜ਼ਾਰ ਏਕੜ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ। ਇਸਦੇ ਕਾਰਨ ਪਹੁੰਚ ਮਾਰਗ ਅਤੇ ਸਿੰਜਾਈ ਸਹੂਲਤਾਂ ਨਾ ਹੋਣ ਕਾਰਨ 75 ਹਜ਼ਾਰ ਏਕੜ ਜ਼ਮੀਨ ਵਰਤੋਂ ਵਿਹੂਣੀ ਹੋ ਜਾਵੇਗੀ। ਕਮੇਟੀ ਨੇ ਇਹ ਵੀ ਦੱਸਿਆ ਕਿ 3 ਹਜਾਰ ਘਰ ਢਾਹੇ ਜਾਣਗੇ ਅਤੇ 100 ਪਿੰਡ ਛੱਪੜਾਂ ਤੋਂ ਵਾਂਝੇ ਹੋ ਜਾਣਗੇ। ਪ੍ਰਾਜੈਕਟ ਤਹਿਤ 1 ਕਰੋੜ ਦਰੱਖਤ ਵੱਢ ਦਿੱਤੇ ਜਾਣਗੇ। ਸੈਂਕੜੇ ਫੈਕਟਰੀਆਂ, ਸ਼ੈਲਰ, ਪੋਲਟਰੀ ਫਾਰਮ, ਇੱਟਾਂ ਦੇ ਭੱਠੇ ਅਤੇ ਡੇਅਰੀ ਫਾਰਮ ਉਜੜ ਜਾਣਗੇ। ਇਹ ਵੀ ਦੱਸਿਆ ਕਿ ਕੋਟਕਪੁਰਾ, ਮੋਗਾ, ਲੁਧਿਆਣਾ, ਬਠਿੰਡਾ ਅਤੇ ਫਤਿਹਗੜ ਸਾਹਿਬ ਦੇ ਕਈ ਇਲਾਕਿਆਂ ਵਿਚ ਨਵੀਆਂ ਸੜਕਾਂ ਬਣਨ ਨਾਲ ਪਾਣੀ ਦੇ ਕੁਦਰਤੀ ਵਹਾਅ ਵਿਚ ਰੁਕਾਵਟ ਆਉਣ ਨਾਲ ਹੜਾਂ ਵਰਗੇ ਹਾਲਾਤ ਬਣ ਜਾਣਗੇ। 

ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ

ਸੁਖਬੀਰ ਸਿੰਘ ਬਾਦਲ ਨੇ ਕਮੇਟੀ ਮੈਂਬਰਾਂ ਨੂੰ ਦੱਸਿਆ ਕਿ ਪਿਛਲੀ ਅਕਾਲੀ ਸਰਕਾਰ ਨੇ ਕਿਸਾਨਾਂ ਨੂੰ ਡੇਢ ਤੋਂ ਲੈ ਕੇ 6 ਕਰੋੜ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਸੀ। ਉਨ੍ਹਾਂ ਨੇ ਕਮੇਟੀ ਨੂੰ ਭਰੋਸਾ ਦੁਆਇਆ ਕਿ ਅਕਾਲੀ ਦਲ ਉਨ੍ਹਾਂ ਦਾ ਮਸਲਾ ਜੋਰ-ਸ਼ੋਰ ਨਾਲ ਚੁੱਕੇਗਾ ਅਤੇ ਕਾਂਗਰਸ ਸਰਕਾਰ ਨੂੰ ਕਿਸਾਨਾਂ ਨੂੰ ਨਿਆਂ ਦੇਣ ਲਈ ਮਜ਼ਬੂਰ ਕਰ ਦੇਵੇਗਾ। ਉਨ੍ਹਾਂ ਕਮੇਟੀ ਮੈਂਬਰਾਂ ਤੇ ਪ੍ਰਭਾਵਿਤ ਕਿਸਾਨਾ ਨੂੰ ਅਪੀਲ ਕੀਤੀ ਕਿ 29 ਸਤੰਬਰ ਨੂੰ ਕੱਢੇ ਜਾਣ ਵਾਲੇ ਰੋਸ ਮਾਰਚ ਵਿਚ ਸ਼ਾਮਲ ਹੋਣ। ਇਹ ਮਾਰਚ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਤੋਂ‌ ਸ਼ੁਰੂ ਹੋਵੇਗਾ। ਭਾਰਤ ਮਾਲਾ ਪ੍ਰਾਜੈਕਟ ਤਹਿਤ ਸੂਬੇ ਵਿੱਚ ਜੋ ਪ੍ਰਮੁੱਖ ਸੜਕਾਂ ਬਣਨੀਆਂ ਸਨ, ਉਨ੍ਹਾਂ ਵਿਚ ਦਿੱਲੀ-ਜੰਮੂ, ਕੱਟੜਾ ਐਕਸਪ੍ਰੈਸ ਵੇਅ, ਜਾਮ ਨਗਰ- ਅੰਮ੍ਰਿਤਸਰ ਐਕਸਪ੍ਰੇਵੇਅ, ਲੁਧਿਆਣਾ-ਰੋਪੜ ਰੋਡ, ਅੰਮ੍ਰਿਤਸਰ-ਊਨਾ ਰੋਡ ਅਤੇ ਮੋਹਾਲੀ-ਫਤਿਹਗੜ ਸਾਹਿਬ ਰੋਡ ਸ਼ਾਮਲ ਹਨ। ਇਸ ਮੌਕੇ ਸੀਨੀਅਰ ਅਕਾਲੀ ਆਗੂ ਜਥੇਦਾਰ ਤੋਤਾ ਸਿੰਘ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਬਿਕਰਮ ਸਿੰਘ ਮਜੀਠੀਆ, ਡਾ. ਦਲਜੀਤ ਸਿੰਘ ਚੀਮਾ ਅਤੇ ਸੁਰਜੀਤ ਸਿੰਘ ਰੱਖੜਾ ਵੀ ਹਾਜ਼ਰ ਸਨ।
 


author

rajwinder kaur

Content Editor

Related News