ਕੈਪਟਨ ਸਰਕਾਰ ਨੇ ਬਿਜਲੀ ਦਰਾਂ ''ਚ ਵਾਧਾ ਕਰ ਕੇ ਆਮ ਆਦਮੀ ''ਤੇ ਬੋਝ ਪਾਇਆ : ਅਕਾਲੀ ਦਲ
Saturday, Oct 13, 2018 - 04:34 PM (IST)

ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਸਰਕਾਰ ਵੱਲੋਂ ਲਾਏ ਫਿਊਲ ਸਰਚਾਰਜ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਸਰਕਾਰ ਦੇ ਮਾਲੀਆ ਵਧਾਉਣ ਦੇ ਇਨ੍ਹਾਂ ਤਰੀਕਿਆਂ ਨੇ ਵਾਰ-ਵਾਰ ਬਿਜਲੀ ਦਰਾਂ 'ਚ ਵਾਧਾ ਕੀਤਾ ਹੈ ਅਤੇ ਆਮ ਆਦਮੀ 'ਤੇ ਵਾਧੂ ਬੋਝ ਪਾ ਦਿੱਤਾ ਹੈ। ਇਸ ਵਾਧੇ ਦੀ ਤੁਰੰਤ ਵਾਪਸੀ ਦੀ ਮੰਗ ਕਰਦਿਆਂ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਕਾਂਗਰਸ ਸਰਕਾਰ ਖਪਤਕਾਰਾਂ 'ਤੇ ਫਿਊਲ ਸਰਚਾਰਜ ਅਤੇ ਬਿਜਲੀ ਟੈਕਸ ਲਾ ਕੇ ਪਿਛਲੇ ਦਰਵਾਜ਼ੇ ਰਾਹੀਂ ਵਾਰ-ਵਾਰ ਬਿਜਲੀ ਦਰਾਂ 'ਚ ਵਾਧਾ ਕਰ ਰਹੀ ਹੈ, ਜਿਸ ਕਰਕੇ ਪਿਛਲੇ ਡੇਢ ਸਾਲ 'ਚ ਬਿਜਲੀ ਦਰਾਂ 'ਚ ਤਕਰੀਬਨ 20 ਫੀਸਦੀ ਵਾਧਾ ਹੋ ਚੁੱਕਿਆ ਹੈ।
ਮਲੂਕਾ ਨੇ ਕਿਹਾ ਕਿ ਅਪ੍ਰੈਲ 2018 ਤੋਂ ਲਾਗੂ ਹੋਣ ਵਾਲੇ ਫਿਊਲ ਸਰਚਾਰਜ ਦੇ ਰੂਪ 'ਚ ਕੀਤਾ ਗਿਆ ਤਾਜ਼ਾ ਵਾਧਾ ਘਰੇਲੂ ਅਤੇ ਵਪਾਰਕ ਬਿਜਲੀ ਦੇ ਖਰਚੇ ਵਧਾ ਦੇਵੇਗਾ। ਇਹ ਵਾਧਾ ਮੀਟਰ ਅਤੇ ਗੈਰ-ਮੀਟਰ ਵਾਲੀਆਂ ਦੋਵੇਂ ਸ਼੍ਰੇਣੀਆਂ 'ਤੇ ਲਾਗੂ ਹੋਵੇਗਾ। ਬਿਜਲੀ ਦਰਾਂ 'ਚ ਕੀਤੇ ਵਾਧੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਆਮ ਆਦਮੀ ਅਤੇ ਕਿਸਾਨਾਂ ਨੂੰ ਦਿੱਤੀ ਜਾਂਦੀ ਬਿਜਲੀ ਸਪਲਾਈ ਘਟਾਉਣ ਮਗਰੋਂ ਦੂਜੇ ਰਾਜਾਂ ਨੂੰ ਬਿਜਲੀ ਵੇਚਣ ਲਈ ਅਜਿਹਾ ਕੀਤਾ ਜਾ ਰਿਹਾ ਹੈ, ਜੋ ਬਹੁਤ ਵੱਡੀ ਬੇਇਨਸਾਫੀ ਹੈ ਅਤੇ ਅਸੀਂ ਇਸ ਦਾ ਡਟ ਕੇ ਵਿਰੋਧ ਕਰਾਂਗੇ।