''ਤਿਣਕਾ-ਤਿਣਕਾ ਇਕੱਠਾ ਕਰਕੇ ਪੰਜਾਬ ਨੂੰ ਸੰਵਾਰਿਆ, ਕਾਂਗਰਸ ਨੇ ਤੀਲਾ-ਤੀਲਾ ਕਰਕੇ ਰੱਖ ਦਿੱਤਾ''

05/05/2019 11:00:32 AM

ਜਲਾਲਾਬਾਦ (ਬਿਊਰੋ) – ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਿਰਫ 2 ਸਾਲਾਂ 'ਚ ਪੰਜਾਬ ਨੂੰ ਦੋ ਦਹਾਕੇ ਪਿਛਾਂਹ ਲੈ ਗਈ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਮਰਿੰਦਰ ਵਲੋਂ ਸੂਬੇ ਦੇ ਕੀਤੇ ਜਾ ਰਹੇ ਨੁਕਸਾਨ ਨੂੰ ਠੀਕ ਕਰਨ ਲਈ ਸਿਰਤੋੜ ਯਤਨ ਕਰਨੇ ਪੈਣਗੇ। ਕੈਪਟਨ ਆਰਾਮਪ੍ਰਸਤੀ 'ਚ ਗਲਤਾਨ ਰਹਿ ਕੇ ਆਪਣਾ ਤੇ ਸੂਬੇ ਦਾ ਸਮਾਂ ਬਰਬਾਦ ਕਰਦਾ ਹੈ। ਉਹ ਆਮ ਲੋਕਾਂ ਦੀਆਂ ਤਕਲੀਫਾਂ ਵੱਲ ਧਿਆਨ ਨਹੀਂ ਦੇ ਰਹੇ। ਉਸ ਨੇ ਸੂਬੇ ਦੇ ਲੋਕਾਂ ਦੀ ਸਖ਼ਤ ਮਿਹਨਤ ਨੂੰ ਬਰਬਾਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਤਿਣਕਾ ਤਿਣਕਾ ਇਕੱਠਾ ਕਰ ਕੇ ਪੰਜਾਬ ਨੂੰ ਸੰਵਾਰਿਆ ਸੀ, ਇਨ੍ਹਾਂ ਦੋ ਸਾਲਾਂ 'ਚ ਤੀਲਾ-ਤੀਲਾ ਕਰਕੇ ਰੱਖ ਦਿੱਤਾ। ਪੰਜਾਬੀ ਅਮਰਿੰਦਰ ਵਲੋਂ ਠੱਗੇ ਮਹਿਸੂਸ ਕਰਦੇ ਹਨ ਅਤੇ ਹੁਣ ਪੰਜਾਬੀਆਂ ਦੇ ਗੁੱਸੇ ਦਾ ਜਵਾਰਭਾਟਾ ਕਾਂਗਰਸ ਵਿਰੁੱਧ ਉੱਠ ਖੜ੍ਹਾ ਹੈ। ਬਾਦਲ ਨੇ ਕਿਹਾ ਕਿ ਸਿੱਟੇ ਵਜੋਂ ਪੰਜਾਬ 'ਚ ਕਾਂਗਰਸ ਅੰਦਰ ਅਫਰਾ ਤਫਰੀ ਮਚੀ ਹੈ। ਲੋਕਾਂ ਦੇ ਗੁੱਸੇ ਦੀ ਇਸ ਲਹਿਰ ਦੇ ਡਰਾਏ ਜ਼ਿਆਦਾਤਰ ਕਾਂਗਰਸੀ ਆਗੂ ਮੈਦਾਨ 'ਚੋਂ ਭੱਜ ਰਹੇ ਹਨ ਜਾਂ ਫਿਰ ਨਿਮਾਣੇ ਬਣ ਕੇ ਪੇਸ਼ ਆ ਰਹੇ ਹਨ। ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਦੀ ਇਸ ਤਬਾਹੀ ਦੀ ਬਤੌਰ ਜਰਨੈਲ ਜ਼ਿੰਮੇਵਾਰੀ ਲੈਣ ਦੀ ਥਾਂ ਅਮਰਿੰਦਰ ਆਪਣੇ ਜੂਨੀਅਰਾਂ 'ਤੇ ਦੋਸ਼ ਮੜ੍ਹ ਰਿਹਾ ਹੈ। 

ਦੱਸ ਦੇਈਏ ਕਿ ਸੁਖਬੀਰ ਬਾਦਲ ਨੇ ਉਪਰੋਕਤ ਟਿੱਪਣੀਆਂ ਪਿੰਡ ਘੁਬਾਇਆ, ਹਲੀਮ ਵਾਲੀ, ਰੋੜਾਂ ਵਾਲੀ, ਚੱਕ ਜਾਨੀਸਰ, ਪਾਲੀਵਾਲਾ, ਬਾਹਮਣੀ ਵਾਲਾ, ਲੱਧੂ ਕਾ, ਬੱਗੇ ਕਾ ਮੋੜ ਅਤੇ ਜਲਾਲਾਬਾਦ ਵਿਖੇ ਵੱਖ ਵੱਖ ਜਨਤਕ ਇਕੱਠਾਂ ਨੂੰ ਸੰਬੋਧਨ ਕਰਦਿਆਂ ਕੀਤੀਆਂ। ਮੰਡੀਆਂ 'ਚ ਕਿਸਾਨਾਂ ਦੀ ਖੱਜਲ ਖੁਆਰੀ ਕਰਨ ਲਈ ਅਕਾਲੀ ਦਲ ਪ੍ਰਧਾਨ ਨੇ ਕਾਂਗਰਸ ਸਰਕਾਰ ਨੂੰ ਸਖ਼ਤ ਝਾੜ ਪਾਈ। ਉਨ੍ਹਾਂ ਕਿਹਾ ਕਿ ਮੰਡੀਆਂ 'ਚ ਬਾਰਦਾਨੇ ਦੀ ਕਮੀ ਹੈ, ਜਿਸ ਕਰਕੇ ਸਾਰੀਆਂ ਮੰਡੀਆਂ ਨੱਕੋ-ਨੱਕ ਭਰੀਆਂ ਹਨ ਅਤੇ ਜਗ੍ਹਾ ਦੀ ਘਾਟ ਹੋਣ ਕਰਕੇ ਕਣਕ ਦੀ ਖਰੀਦ ਦੀ ਰਫਤਾਰ ਢਿੱਲੀ ਹੋ ਗਈ ਹੈ। ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕ ਅਮਰਿੰਦਰ ਦੀਆਂ ਗੱਲਾਂ 'ਤੇ ਭਰੋਸਾ ਕਰਨ ਦੀ ਕੀਮਤ ਚੁਕਾ ਰਹੇ ਹਨ। ਲੋਕਾਂ ਨੇ ਕੈਪਟਨ 'ਤੇ ਭਰੋਸਾ ਇਸ ਲਈ ਕਰ ਲਿਆ ਸੀ, ਕਿਉਂਕਿ ਉਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਚਰਨਾਂ ਦੀ ਸਹੁੰ ਖਾਧੀ ਸੀ। ਕੋਈ ਵੀ ਯਕੀਨ ਨਹੀਂ ਕਰ ਸਕਦਾ ਕਿ ਕੋਈ ਵਿਅਕਤੀ ਦਸਮੇਸ਼ ਪਿਤਾ ਦੇ ਚਰਨਾਂ ਦੀ ਸਹੁੰ ਖਾ ਕੇ ਝੂਠ ਬੋਲ ਸਕਦਾ ਹੈ।


rajwinder kaur

Content Editor

Related News