ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਕਿਸਾਨਾਂ ਦੇ ਨਾਲ : ਸੁਖਬੀਰ ਬਾਦਲ
Thursday, Dec 31, 2020 - 08:44 PM (IST)
ਬਠਿੰਡਾ,(ਵਰਮਾ)-ਅੱਜ ਬਠਿੰਡਾ ’ਚ ਸ਼੍ਰੋਮਣੀ ਅਕਾਲੀ ਦਲ ਬਠਿੰਡਾ ਤੇ ਮਾਨਸਾ ਜ਼ਿਲਿ੍ਹਆਂ ਦੀ ਸਾਂਝੀ ਮੀਟਿੰਗ ਹੋਈ, ਜਿਸ ’ਚ ਸਾਰੇ ਵਿਧਾਨ ਸਭਾ ਹਲਕਿਆਂ ਦੇ ਮੁੱਖ ਸੇਵਾਦਾਰ, ਦੋਵਾਂ ਜ਼ਿਲਿ੍ਹਆਂ ਦੇ ਜ਼ਿਲ੍ਹਾ ਪ੍ਰਧਾਨ, ਸਾਰੇ ਸਰਕਲ ਜਥੇਦਾਰ, ਸਾਰੇ ਵਿੰਗਾਂ ਦੇ ਜ਼ਿਲਾ ਪ੍ਰਧਾਨ ਅਤੇ ਸਰਕਲ ਪ੍ਰਧਾਨਾਂ ਨੇ ਹਿੱਸਾ ਲਿਆ। ਮੀਟਿੰਗ ਦੀ ਪ੍ਰਧਾਨਗੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤੀ । ਬਾਦਲ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ 100 ਸਾਲ ਪੁਰਾਣੀ ਪਾਰਟੀ ਹੈ, ਇਸ ਪਾਰਟੀ ਦਾ ਜਨਮ ਹੀ ਕਿਸਾਨ ਪਰਿਵਾਰ ’ਚ ਹੋਇਆ ਹੈ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੂਰੀ ਤਰ੍ਹਾਂ ਕਿਸਾਨ ਸੰਘਰਸ਼ ਦੇ ਨਾਲ ਹੈ ਅਤੇ ਸ਼੍ਰੋਮਣੀ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਮੈਂਬਰ ਸਹਿਬਾਨ ਲਗਾਤਾਰ ਕਿਸਾਨੀ ਸੰਘਰਸ਼ ’ਚ ਹਰ ਤਰ੍ਹਾਂ ਦਾ ਯੋਗਦਾਨ ਪਾ ਰਹੇ ਹਨ ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਕਿਸਾਨ ਸੰਘਰਸ਼ ਦੀ ਹਮਾਇਤ ਕੀਤੀ ਹੈ, ਜਿਸ ਕਰ ਕੇ ਮੈਂ ਖੁਦ ਸੰਸਦ ’ਚ ਇਨ੍ਹਾਂ ਕਿਸਾਨ ਵਿਰੋਧੀ ਕਾਨੂੰਨਾਂ ਦਾ ਜ਼ੋਰਦਾਰ ਵਿਰੋਧ ਕੀਤਾ । ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਸਾਨ ਸੰਘਰਸ਼ ਦੀ ਹਮਾਇਤ ਕਰਦਿਆਂ ਕੇਂਦਰੀ ਮੰਤਰੀਸ਼ਿਪ ਤੋਂ ਅਸਤੀਫਾ ਦੇ ਦਿੱਤਾ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਦੇ ਹੱਕ ’ਚ ਸਖ਼ਤ ਸਟੈਂਡ ਲੈਂਦਿਆਂ ਬੀ. ਜੇ. ਪੀ. ਨਾਲੋਂ ਆਪਣਾ 40 ਸਾਲ ਪੁਰਾਣਾ ਰਿਸ਼ਤਾ ਵੀ ਤੋੜ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਆਪਸ ’ਚ ਰਲੇ ਹੋਏ ਹਨ, ਇਹ ਲੋਕ ਕਿਸਾਨ ਹਿਤੈਸ਼ੀ ਨਹÄ, ਸਗੋਂ ਕਿਸਾਨਾਂ ਦੇ ਨਾਂ ’ਤੇ ਸਿਆਸੀ ਰੋਟੀਆਂ ਸੇਕ ਰਹੇ ਹਨ । ਉਹ ਇਸ ਦਾ ਜਵਾਬ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਦੋਵਾਂ ਪਾਰਟੀਆਂ ਨੂੰ ਦੇਣਗੇ ।
ਇਸ ਮੌਕੇ ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ, ਗੁਰਪ੍ਰੀਤ ਸਿੰਘ ਮਲੂਕਾ ਸਾਬਕਾ ਚੇਅਰਮੈਨ, ਇਕਬਾਲ ਸਿੰਘ ਬਬਲੀ ਢਿੱਲੋਂ, ਬਲਵੰਤ ਰਾਏ ਨਾਥ, ਗੁਰਮੇਲ ਸਿੰਘ ਫਫੜੇ ਜ਼ਿਲ੍ਹਾ ਪ੍ਰਧਾਨ, ਪ੍ਰੇਮ ਅਰੋੜਾ ਜ਼ਿਲ੍ਹਾ ਪ੍ਰਧਾਨ ਮਾਨਸਾ ਸ਼ਹਿਰੀ, ਚਮਕੌਰ ਸਿੰਘ ਮਾਨ, ਡਾ. ਓਮ ਪ੍ਰਕਾਸ਼ ਸ਼ਰਮਾ, ਰਤਨ ਸ਼ਰਮਾ ਮਲੂਕਾ, ਰਾਜਵਿੰਦਰ ਸਿੰਘ ਸਿੱਧੂ, ਮੋਹਨ ਸਿੰਘ ਬੰਗੀ, ਬੀਬੀ ਜੋਗਿੰਦਰ ਕੌਰ ਖਾਲਸਾ, ਬੀਬੀ ਬਲਵਿੰਦਰ ਕੌਰ, ਗੁਰਦੀਪ ਸਿੰਘ ਟੋਡਰਪੁਰ ਜ਼ਿਲਾ ਪ੍ਰਧਾਨ ਯੂਥ ਅਕਾਲੀ ਦਲ ਦਿਹਾਤੀ, ਵਪਾਰ ਵਿੰਗ ਦੇ ਪ੍ਰਧਾਨ ਮਨਮੋਹਨ ਕੱਕੂ, ਬੀ. ਸੀ. ਵਿੰਗ ਦੇ ਪ੍ਰਧਾਨ ਲਾਭ ਸਿੰਘ, ਐੱਸ. ਸੀ. ਵਿੰਗ ਦੇ ਪ੍ਰਧਾਨ ਮੱਖਣ ਸਿੰਘ ਠੇਕੇਦਾਰ ਆਦਿ ਵਰਕਰ ਹਾਜ਼ਰ ਸਨ ।