ਸ਼੍ਰੋਮਣੀ ਅਕਾਲੀ ਦਲ ( ਬ ) ਪੰਜਾਬ ਦੀ ਸੱਤਾ ਹਾਸਲ ਕਰਨ ਲਈ ਲੋਕਾਂ ਨੂੰ ਕਰ ਰਿਹੈ ਗੁੰਮਰਾਹ: ਚੀਮਾ
Friday, Aug 06, 2021 - 05:06 PM (IST)
ਦਿੜ੍ਹਬਾ ਮੰਡੀ ( ਅਜੈ ): ਸ਼੍ਰੋਮਣੀ ਅਕਾਲੀ ਦਲ ( ਬ ) ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਜਾਬ ਦੀ ਸੱਤਾ ਨੂੰ ਹਾਸਲ ਕਰਨ ਲਈ 13 ਨੁਕਾਤੀ ਪ੍ਰੋਗਰਾਮ ਦੇ ਤਹਿਤ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਕਤ ਵਿਚਾਰ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਦਿੜ੍ਹਬਾ ਤੋਂ ਵਿਧਾਇਕ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦਿੜ੍ਹਬਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਪਹਿਲਾਂ 10 ਸਾਲ ਪੰਜਾਬ ਅੰਦਰ ਰਾਜ ਕਰਨ ਸਮੇਂ ਸੁਖਬੀਰ ਸਿੰਘ ਬਾਦਲ ਨੂੰ ਗਰੀਬਾਂ ਦੀ ਯਾਦ ਨਹੀਂ ਆਈ। ਉਸ ਸਮੇਂ ਉਨ੍ਹਾਂ ਦੀ ਸਰਕਾਰ ਨੇ ਇਹ ਰਿਆਇਤਾਂ ਲਾਗੂ ਕਿਉਂ ਨਹੀਂ ਕੀਤੀਆਂ। ਹੁਣ ਜਦੋਂ ਪੰਜਾਬ ਅੰਦਰ ਲੋਕਾਂ ਨੇ ਅਕਾਲੀ ਦਲ ਨੂੰ ਨਕਾਰ ਦਿੱਤਾ ਹੈ ਤਾਂ ਸੱਤਾ ਹਾਸਲ ਕਰਨ ਲਈ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰਰੰਤੂ ਸੂਬੇ ਦੇ ਸੂਝਵਾਨ ਲੋਕ ਅਕਾਲੀ ਦਲ ਦੀਆਂ ਇਨ੍ਹਾਂ ਝੂਠੀਆਂ ਗੱਲਾਂ ’ਤੇ ਵਿਸ਼ਵਾਸ ਨਹੀਂ ਕਰਨਗੇ।
ਇਹ ਵੀ ਪੜ੍ਹੋ : ਮੋਟਰਸਾਈਕਲ ਦੀ ਪਾਰਟੀ ਦੇਣੀ ਪਈ ਮਹਿੰਗੀ, ਤਕਰਾਰ ਤੋਂ ਬਾਅਦ ਫੌਜੀ ਦੋਸਤ ਦਾ ਕਤਲ
ਕਾਂਗਰਸ ਪਾਰਟੀ ਬਾਰੇ ਬੋਲਦੇ ਹੋਏ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੋਕਾਂ ਵਿੱਚ ਜਾ ਕੇ ਉਨ੍ਹਾਂ ਦੇ ਦੁੱਖ ਸੁੱਖ ਸੁਣ ਕੇ ਹੱਲ ਕਰਨ ਦੀ ਬਜਾਏ ਆਪਣੇ ਫਾਰਮ ਹਾਊਸ ਵਿੱਚ ਐਸ਼ੋ ਆਰਾਮ ਨਾਲ ਬੈਠ ਕੇ ਸਰਕਾਰ ਚਲਾਉਣ ਦੀ ਅਸਫ਼ਲ ਕੋਸ਼ਿਸ਼ ਕਰ ਰਿਹਾ ਹੈ। ਪੰਜਾਬ ਅੰਦਰ ਕੀ ਹੋ ਰਿਹਾ ਹੈ ਅਤੇ ਪੰਜਾਬ ਦੇ ਲੋਕ ਕਿਵੇਂ ਮਹਿੰਗਾਈ ਦੀ ਮਾਰ ਝੱਲ ਰਹੇ ਹਨ ਅਤੇ ਲੋਕ ਹੋਰ ਅਨੇਕਾਂ ਮੁਸ਼ਕਲਾਂ ਨਾਲ ਜੂਝ ਰਹੇ ਹਨ, ਵੱਡੀ ਗਿਣਤੀ ਮੁਲਾਜ਼ਮ ਆਪਣੇ ਹੱਕਾਂ ਲਈ ਧਰਨੇ ਮੁਜ਼ਾਹਰੇ ਕਰ ਰਹੇ ਹਨ ਤੇ ਭੁੱਖ ਹੜਤਾਲ ’ਤੇ ਬੈਠੇ ਹਨ। ਜਿਸ ਨੂੰ ਦੇਖਦੇ ਹੋਏ ਪੰਜਾਬ ਦੇ ਲੋਕ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਅਤੇ ਅਕਾਲੀਆਂ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਤਿਆਰ ਬੈਠੇ ਹਨ। ਇਸ ਮੌਕੇ ਇੰਦਰਜੀਤ ਸਰਮਾ, ਮਨਿੰਦਰ ਸਿੰਘ ਘੁਮਾਣ, ਗੁਰਜਿੰਦਰ ਕਾਕਾ, ਪ੍ਰਧਾਨ ਧਰਮਪਾਲ ਗਰਗ, ਰਣਜੀਤ ਖੇਤਲਾ ਅਤੇ ਬਿੱਟੂ ਚੌਹਾਨ ਤੋਂ ਇਲਾਵਾ ਵੱਡੀ ਗਿਣਤੀ ਵਰਕਰ ਮੌਜੂਦ ਸਨ।
ਇਹ ਵੀ ਪੜ੍ਹੋ : ਸਿਆਸੀ ਦਲਾਂ ਨਾਲ ਸਮਝੌਤੇ ਦੀਆਂ ਖ਼ਬਰਾਂ ਦਰਮਿਆਨ ਪਰਮਿੰਦਰ ਢੀਂਡਸਾ ਦਾ ਵੱਡਾ ਬਿਆਨ