ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਸਰਕਾਰ ਵਿਰੁੱਧ ਮੁਜ਼ਾਹਰਾ
Thursday, Nov 23, 2017 - 12:09 PM (IST)
ਰਮਦਾਸ (ਸਾਰੰਗਲ) - ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਵਲੋਂ ਕਸਬਾ ਰਮਦਾਸ ਵਿਖੇ ਸਾਬਕਾ ਮੁੱਖ ਸੰਸਦੀ ਸਕੱਤਰ ਪੰਜਾਬ ਅਮਰਪਾਲ ਸਿੰਘ ਬੋਨੀ ਅਜਨਾਲਾ ਦੀ ਅਗਵਾਈ ਹੇਠ ਪੰਜਾਬ ਵਿਚ ਬਣੀ ਕਾਂਗਰਸ ਪਾਰਟੀ ਦੀ ਸਰਕਾਰ ਵਿਰੁੱਧ ਨਰਸਰੀ ਕਲਾਸਾਂ ਵਿਚ ਪੜ੍ਹਦੇ ਨੰਨ੍ਹੇ-ਮੁੰਨੇ ਬੱਚਿਆਂ ਨੂੰ ਆਂਗਣਵਾੜੀ ਸੈਂਟਰਾਂ ਦੀ ਬਜਾਏ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਕਲਾਸਾਂ ਸ਼ੁਰੂ ਕਰਨ ਦੇ ਜਾਰੀ ਕੀਤੇ ਸੂਬਾ ਸਰਕਾਰ ਦੇ ਵਿਰੋਧ ਵਿਚ ਰੋਸ ਮੁਜ਼ਾਹਰਾ ਕੀਤਾ ਗਿਆ।
ਇਸ ਮੌਕੇ ਰੋਹ ਵਿਚ ਅਕਾਲੀ ਆਗੂਆਂ ਤੇ ਵਰਕਰਾਂ ਦੀ ਹਾਜ਼ਰੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਕਿਹਾ ਕਿ ਪੰਜਾਬ ਵਿਚ ਬਣੀ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਸਰਕਾਰ ਦੇ ਸ਼ਾਸਨਕਾਲ ਵਿਚ ਜਿਥੇ ਹਰ ਵਰਗ ਪਹਿਲਾਂ ਤੋਂ ਹੀ ਦੁਖੀ ਹੋਇਆ ਪਿਆ ਹੈ, ਉਥੇ ਨਾਲ ਹੀ ਕਾਂਗਰਸ ਸਰਕਾਰ ਨੇ ਆਂਗਣਵਾੜੀ ਸੈਂਟਰਾਂ ਵਿਚ ਪੜ੍ਹਦੇ ਨੰਨ੍ਹੇ-ਮੁੰਨੇ ਬੱਚਿਆਂ ਨੂੰ ਉਥੇ ਪ੍ਰਾਇਮਰੀ ਸਕੂਲਾਂ ਵਿਚ ਦਾਖਲ ਕਰਵਾ ਕੇ ਨਰਸਰੀ ਕਲਾਸਾਂ ਵਿਚ ਸ਼ੁਰੂ ਕਰਨਾ ਬਹੁਤ ਹੀ ਮੰਦਭਾਗੀ ਗੱਲ ਹੈ ਕਿਉਂਕਿ ਇਸ ਨਾਲ ਜਿਥੇ ਬੱਚਿਆਂ ਦੀ ਦੇਖਭਾਲ ਘਟ ਗਈ ਹੈ, ਉਥੇ ਨਾਲ ਹੀ ਅਧਿਆਪਕਾਂ 'ਤੇ ਬੱਚਿਆਂ ਦੀ ਸਾਂਭ -ਸੰਭਾਲ ਕਰਨ ਦਾ ਬੇਲੋੜਾ ਬੋਝ ਪਿਆ ਹੈ ਕਿਉਂਕਿ ਆਂਗਣਵਾੜੀ ਸੈਂਟਰਾਂ ਵਿਚ ਆਂਗਣਵਾੜੀ ਵਰਕਰਾਂ ਵਲੋਂ ਬੱਚਿਆਂ ਦੀ ਚੰਗੀ ਤਰ੍ਹਾਂ ਦੇਖਭਾਲ ਕੀਤੀ ਜਾਂਦੀ ਸੀ, ਉਥੇ ਨਾਲ ਹੀ ਹੁਣ ਪ੍ਰਾਇਮਰੀ ਸਕੂਲਾਂ ਵਿਚ ਪ੍ਰੀ-ਨਰਸਰੀ/ਨਰਸਰੀ ਕਲਾਸਾਂ ਦੇ ਬੱਚਿਆਂ ਲਈ ਕੋਈ ਠੋਸ ਪ੍ਰਬੰਧ ਨਾ ਹੋਣ ਕਾਰਨ ਸਕੂਲ ਅਧਿਆਪਕ ਤੰਗ ਆਏ ਪਏ ਹਨ।
ਬੋਨੀ ਅਜਨਾਲਾ ਨੇ ਕਿਹਾ ਕਿ ਕਸਬੇ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਧੰਗਈ, ਕੱਲੋਮਾਹਲ, ਸਿੰਘੋਕੇ, ਫੁੱਲੇਚੱਕ, ਅੱਬੂ ਸੈਦ, ਕੋਟਲਾ ਕਾਜ਼ੀਆਂ, ਸੰਮੋਵਾਲ ਤੇ ਕੋਟ ਮੁਗਲ ਆਦਿ ਦੇ ਆਂਗਣਵਾੜੀ ਸੈਂਟਰਾਂ ਨੂੰ ਬੰਦ ਕਰਨ ਨਾਲ ਇਨ੍ਹਾਂ ਪਿੰਡਾਂ ਵਿਚ ਰਹਿੰਦੇ ਲੋਕਾਂ ਵਿਚ ਸਰਕਾਰ ਪ੍ਰਤੀ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸੂਬਾ ਸਰਕਾਰ ਨੇ ਇਹ ਫੈਸਲਾ ਵਾਪਸ ਨਾ ਲਿਆ ਤਾਂ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚਰਨਜੀਤ ਸਿੰਘ ਸਰਪੰਚ ਅਲੀਵਾਲ ਕੋਟਲੀ, ਦਿਲਬਾਗ ਸਿੰਘ ਅਲੀਵਾਲ ਕੋਟਲੀ, ਅਮਰਜੀਤ ਸਿੰਘ ਸਾਬਕਾ ਸਰਪੰਚ ਨੰਗਲ, ਬਲਵਿੰਦਰ ਸਿੰਘ ਸਰਪੰਚ ਹਰੜ ਕਲਾਂ, ਜਤਿੰਦਰ ਸਿੰਘ ਨੰਬਰਦਾਰ ਹਰੜ ਕਲਾਂ, ਦਲਵਿੰਦਰ ਸਿੰਘ ਪਟਵਾਰੀ ਕੋਟਲਾ ਸਦਰ, ਅਲਿਆਸ ਮਸੀਹ ਮੁਕਾਮ ਆਦਿ ਮੌਜੂਦ ਸਨ।