ਸੀਮਤ ਬਦਲਾਂ ਕਾਰਨ ਭਾਜਪਾ-ਅਕਾਲੀ ਦਲ ਨਹੀਂ ਲੈਣਗੇ ਤਲਾਕ

02/05/2019 10:08:49 AM

ਜਲੰਧਰ (ਚੋਪੜਾ)—ਭਾਜਪਾ ਮੁਖੀ ਅਮਿਤ ਸ਼ਾਹ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਚਕਾਰ ਦਿੱਲੀ 'ਚ ਹੋਈ ਬੈਠਕ ਦੌਰਾਨ ਭਾਜਪਾ ਤੇ ਅਕਾਲੀ ਦਲ 'ਚ ਪੈਦਾ ਹੋਇਆ ਵਿਵਾਦ ਲਗਭਗ ਖਤਮ ਹੋ ਗਿਆ ਹੈ। ਪਿਛਲੇ ਦਿਨੀਂ ਇਸ ਵਿਵਾਦ ਦੀ ਹੋਈ ਸ਼ੁਰੂਆਤ ਨਾਲ ਇੰਝ ਲੱਗਦਾ ਸੀ ਕਿ ਅਕਾਲੀ ਦਲ ਤੇ ਭਾਜਪਾ 'ਚ ਟਕਰਾਅ ਵਧ ਸਕਦਾ ਹੈ ਪਰ ਦੋਵਾਂ ਪਾਰਟੀਆਂ ਦੀਆਂ ਮਜਬੂਰੀਆਂ ਹਨ ਕਿ ਜਿਸ ਕਾਰਨ ਉਹ ਇਕ-ਦੂਜੇ ਨਾਲ ਗਠਜੋੜ ਤੋੜਨ ਦੀ ਹਾਲਤ 'ਚ ਨਹੀਂ ਹਨ। ਮੌਜੂਦਾ ਹਾਲਾਤ ਅਨੁਸਾਰ ਭਾਜਪਾ ਨਾਲੋਂ ਸਬੰਧ ਤੋੜਨਾ ਅਕਾਲੀ ਦਲ ਲਈ ਆਤਮ–ਹੱਤਿਆ ਕਰਨ ਵਾਂਗ ਹੋਵੇਗਾ। ਪੰਜਾਬ 'ਚ ਭਾਜਪਾ ਤੋਂ ਵੱਖ ਹੋ ਕੇ ਅਕਾਲੀ ਦਲ ਦਾ ਵਜੂਦ ਬਹੁਤ ਘੱਟ ਸਕਦਾ ਹੈ ਕਿਉਂਕਿ ਪੰਜਾਬ ਵਿਚ ਭਾਜਪਾ ਤੋਂ ਇਲਾਵਾ ਕੋਈ ਅਜਿਹੀ ਪਾਰਟੀ ਨਹੀਂ ਜਿਸ ਨਾਲ ਅਕਾਲੀ ਦਲ ਗਠਜੋੜ ਕਰ ਸਕੇ। ਅਕਾਲੀ ਦਲ ਦੀ ਪਾਰਟੀ 'ਚ ਪਹਿਲਾਂ ਹੀ ਕਾਟੋ-ਕਲੇਸ਼ ਕਾਫੀ ਵੱਧ ਗਿਆ ਹੈ ਜਿਸ ਕਰਕੇ ਪਹਿਲਾਂ ਹੀ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ, ਸੁਖਦੇਵ ਸਿੰਘ ਢੀਂਡਸਾ ਤੇ ਸੇਵਾ ਸਿੰਘ ਸੇਖਵਾਂ ਵਰਗੇ ਕਈ ਸੀਨੀਅਰ ਅਕਾਲੀ ਆਗੂ ਕਿਨਾਰਾ ਕਰ ਚੁੱਕੇ ਹਨ। ਇਹ ਸਾਰੇ ਸੀਨੀਅਰ ਆਗੂ ਬਾਦਲਾਂ ਦੀ ਵਜ੍ਹਾ ਨਾਲ ਹੀ ਅਕਾਲੀ ਦਲ ਤੋਂ ਕਿਨਾਰਾ ਕਰ ਚੁੱਕੇ ਹਨ। ਅਜਿਹੇ ਸਮੇਂ ਅਕਾਲੀ ਦਲ ਦਾ ਭਾਜਪਾ ਨਾਲੋਂ ਨਾਤਾ ਤੋੜਨਾ ਠੀਕ ਨਹੀਂ ਲੱਗਦਾ। ਜੇਕਰ ਇਸ ਸਮੇਂ ਉਹ ਭਾਜਪਾ ਤੋਂ ਵੱਖ ਹੁੰਦੇ ਹਨ ਤਾਂ ਉਹ ਬਹੁਤ ਇਕੱਲੇ ਪੈ ਸਕਦੇ ਹਨ ਤੇ ਪੰਜਾਬ ਦੀ ਰਾਜਨੀਤੀ ਵਿਚ ਹਾਸ਼ੀਏ 'ਤੇ ਜਾ ਸਕਦੇ ਹਨ।

ਅਕਾਲੀ ਦਲ ਦੀ ਸਿਆਸੀ ਮਜਬੂਰੀ ਹੈ ਕਿ ਉਹ ਕਾਂਗਰਸ ਨਾਲ ਗਠਜੋੜ ਨਹੀਂ ਕਰ ਸਕਦੀ। ਬਾਦਲਾਂ ਦੀ ਪੰਜਾਬ 'ਚ ਰਾਜਨੀਤੀ 'ਚ ਅਜਿਹੇ ਹਾਲਾਤ ਹਨ ਕਿ ਉਹ ਨਾ ਤਾਂ ਸੁਖਪਾਲ ਖਹਿਰਾ ਦੀ ਪਾਰਟੀ ਪੰਜਾਬ ਏਕਤਾ ਪਾਰਟੀ ਨਾਲ ਸਮਝੌਤਾ ਕਰ ਸਕਦੇ ਹਨ ਤੇ ਨਾ ਹੀ ਬੈਂਸ ਬ੍ਰਦਰਸ ਦੀ ਪੰਜਾਬ ਇਨਸਾਫ ਪਾਰਟੀ ਨਾਲ। ਇਸ ਦੇ ਨਾਲ ਹੀ ਅਕਾਲੀ ਦਲ ਨੂੰ ਇਹ ਵੀ ਪਤਾ ਹੈ ਕਿ ਭਾਜਪਾ ਦਾ ਪੰਜਾਬ ਦੇ ਕਈ ਖੇਤਰਾਂ 'ਚ ਮਜ਼ਬੂਤ ਵੋਟ ਬੈਂਕ ਹੈ। ਸ਼ਹਿਰਾਂ ਦੇ ਨਾਲ-ਨਾਲ ਕਸਬੇ ਵੀ ਸ਼ਾਮਲ ਹਨ। ਔਸਤਨ ਹਰ ਵਿਧਾਨ ਸਭਾ ਖੇਤਰਾਂ 'ਚ ਲਗਭਗ 5 ਹਜ਼ਾਰ ਵੋਟਰ ਅਜਿਹੇ ਹਨ, ਜੋ ਜ਼ਿਆਦਾਤਰ ਆਪਣੀ ਵੋਟ ਭਾਜਪਾ ਦੀ ਗਠਜੋੜ ਪਾਰਟੀ ਅਕਾਲੀ ਦਲ ਨੂੰ ਪਾਉਂਦੇ ਹਨ। 2017 ਦੀਆਂ ਵਿਧਾਨ ਸਭ ਚੋਣਾਂ 'ਚ ਇੰਝ ਨਹੀਂ ਹੋ ਸਕਿਆ ਕਿਉਂਕਿ ਮੰਡੀਆਂ ਨਾਲ ਸਬੰਧਤ ਇਸ ਵਰਗ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੀ ਸ਼ੰਕਾ 'ਚ ਉਨ੍ਹਾਂ ਨੂੰ ਆਪਣਾ ਵੋਟ ਟਰਾਂਸਫਰ ਕਰਨ ਦੀ ਬਜਾਏ ਕਾਂਗਰਸ  ਨੂੰ ਦੇਣਾ ਬਿਹਤਰ ਸਮਝਿਆ, ਜਿਸ ਕਰਕੇ ਅਕਾਲੀ-ਭਾਜਪਾ ਗਠਜੋੜ ਨੂੰ ਤੀਜੇ ਸਥਾਨ 'ਤੇ ਰਹਿਣਾ ਪਿਆ।

ਬਾਦਲ ਪਰਿਵਾਰ ਦੇ ਸ਼ਰਦ ਪਵਾਰ, ਚੰਦਰ ਬਾਬੂ ਨਾਇਡੂ ਤੇ ਫਾਰੂਕ ਅਬਦੁੱਲਾ ਜਿਹੇ ਪ੍ਰਮੁੱਖ ਸਿਆਸਤਦਾਨਾਂ ਨਾਲ ਚੰਗੇ ਸਬੰਧ ਹਨ ਪਰ ਉਹ ਚਾਹੁੰਦੇ ਹੋਏ ਵੀ ਇਸ ਵਿਰੋਧੀ ਗਠਜੋੜ ਵਿਚ ਸ਼ਾਮਲ ਨਹੀਂ ਹੋ ਸਕਦੇ, ਕਿਉਂਕਿ ਇਨ੍ਹਾਂ ਸਾਰੇ ਨੇਤਾਵਾਂ ਦਾ ਕਾਂਗਰਸ ਨਾਲ ਗਠਜੋੜ ਕਰਨਾ ਉਨ੍ਹਾਂ ਦੀ ਮਜਬੂਰੀ ਹੈ ਤੇ ਇਸ ਤਰ੍ਹਾਂ ਬਾਦਲ ਸਾਹਿਬ ਇਸ ਗਠਜੋੜ ਨਾਲ ਨਹੀਂ ਜਾ ਸਕਦੇ। ਇਹ ਪਹਿਲਾ ਸਮਾਂ ਨਹੀਂ ਹੈ ਜਦੋਂ ਬਾਦਲ ਆਪਣਾ ਸਿਆਸੀ ਕਰੀਅਰ ਬਚਾਉਣ ਲਈ ਭਾਜਪਾ 'ਤੇ ਨਿਰਭਰ ਰਹੇ ਹੋਣ ਕਿਉਂਕਿ ਲਗਭਗ 20 ਸਾਲ ਪਹਿਲਾਂ ਜਦੋਂ ਅਕਾਲੀ ਦਲ ਦੇ ਪ੍ਰਮੁੱਖ ਨੇਤਾ ਹਰਚਰਨ ਸਿੰਘ ਟੌਹੜਾ ਨੇ ਬਗਾਵਤ ਕਰਕੇ ਪਾਰਟੀ ਛੱਡੀ ਸੀ ਤਾਂ ਉਸ ਸਮੇਂ ਜੇਕਰ ਭਾਜਪਾ ਕੇਂਦਰ 'ਚ ਨਾ ਹੁੰਦੀ ਤਾਂ ਬਾਦਲਾਂ ਦੀ ਅਗਵਾਈ ਵਾਲਾ ਅਕਾਲੀ ਦਲ ਉਸ ਸਮੇਂ ਖਿੰਡ ਚੁੱਕਾ ਹੋਣਾ ਸੀ।

ਦੂਜੇ ਪਾਸੇ ਭਾਜਪਾ ਲਈ ਸਿਆਸੀ ਤੌਰ 'ਤੇ ਅਕਾਲੀ ਦਲ ਨਾਲ ਗਠਜੋੜ ਤੋੜਨ ਦੀ ਅਜਿਹੀ ਕੋਈ ਮਜਬੂਰੀ ਦਿਖਾਈ ਨਹੀਂ ਦਿੰਦੀ ਕਿਉਂਕਿ ਪਾਰਟੀ ਅੱਜ 2019 ਦੀਆਂ ਮਹੱਤਵਪੂਰਨ ਚੋਣਾਂ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ ਤੇ ਵੱਧ ਤੋਂ ਵੱਧ ਸੀਟਾਂ ਹਾਸਲ ਕਰਨੀਆਂ ਚਾਹੁੰਦੀ ਹੈ। ਅਕਾਲੀ ਦਲ ਪਾਰਟੀ ਦੀ ਇਮੇਜ ਹੈ ਕਿ ਉਹ ਸਿੱਖਾਂ ਦੀ ਅਗਵਾਈ ਕਰਦੀ ਹੈ। ਸਿੱਖ ਭਾਈਚਾਰਾ ਜੋ ਕਿ ਦੇਸ਼ 'ਚ ਸਭ ਤੋਂ ਵੱਡਾ ਘੱਟ ਗਿਣਤੀ ਵਾਲਾ ਫਿਰਕਾ ਹੈ। ਅਕਾਲੀ ਦਲ ਨਾਲ ਭਾਜਪਾ ਇਸ ਲਈ ਵੀ ਸਬੰਧ ਨਹੀ ਤੋੜਨਾ ਚਾਹੁੰਦੀ ਤਾਂ ਕਿ ਉਸ ਨੂੰ ਭਗਵਾ ਪਾਰਟੀ ਦੇ ਹਿੰਦੂ ਪ੍ਰਭਾਵ ਵਾਲੀ ਪਾਰਟੀ ਹੋਣ ਨੂੰ ਲੈ ਕੇ ਵਿਰੋਧੀ ਧਿਰ ਦੀ ਆਲੋਚਨਾ ਦਾ ਸਾਹਮਣਾ ਕਰਨਾ ਪਵੇਗਾ।


Shyna

Content Editor

Related News