''100ਵੇਂ ਵਰ੍ਹੇ ''ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਫਿਰ ਨਵੇਂ ਸੰਘਰਸ਼ ਵੱਲ''

12/16/2020 8:12:18 PM

ਚੰਡੀਗੜ੍ਹ (ਹਰੀਸ਼ਚੰਦਰ) : ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਗਠਨ ਨੂੰ 100 ਸਾਲ ਗੁਜ਼ਰ ਗਏ ਹਨ ਪਰ ਪਾਰਟੀ ਆਪਣੇ 100ਵਾਂ ਜਨਮਦਿਨ ਦਾ ਜਸ਼ਨ ਨਹੀਂ ਮਨਾ ਸਕੀ। ਲੰਬੇ ਸੰਘਰਸ਼ ਤੋਂ ਬਾਅਦ ਅਕਾਲੀ ਦਲ ਬਣਿਆ ਸੀ ਅਤੇ ਅੱਜ ਫਿਰ ਇਕ ਅਲੱਗ ਹੀ ਸੰਘਰਸ਼ ਪੰਜਾਬ ਤੋਂ ਚੱਲ ਕੇ ਦਿੱਲੀ ਦੀ ਸੱਤਾ ਦੇ ਦਰਵਾਜ਼ੇ ਤਕ ਪਹੁੰਚ ਗਿਆ ਹੈ। ਅਕਾਲੀ ਦਲ ਨੂੰ ਸਿੱਖਾਂ ਦੀ ਤਰਜਮਾਨੀ ਕਰਨ ਵਾਲੀ ਰਾਜਨੀਤਕ ਪਾਰਟੀ ਮੰਨਿਆ ਜਾਂਦਾ ਹੈ ਅਤੇ ਖਾਸ ਗੱਲ ਇਹ ਹੈ ਕਿ ਅੱਜ ਜੋ ਕਿਸਾਨ ਬੀਤੇ ਕਰੀਬ ਤਿੰਨ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਹਨ, ਉਸ 'ਤੇ ਵੀ ਅਕਾਲੀ ਦਲ ਆਪਣਾ ਦਾਅਵਾ ਜਤਾਉਂਦਾ ਰਿਹਾ ਹੈ। ਪਰ ਪਿਛਲੇ ਸਾਢੇ 5 ਮਹੀਨਿਆਂ ਦੌਰਾਨ ਅਕਾਲੀ ਦਲ ਨੇ ਜਿਸ ਤਰ੍ਹਾਂ ਪਹਿਲਾਂ ਖੇਤੀਬਾੜੀ ਬਿੱਲਾਂ ਦਾ ਖੁੱਲ੍ਹ ਕੇ ਸਮਰਥਨ ਕੀਤਾ, ਪੰਜਾਬ ਵਿਚ ਇਨ੍ਹਾਂ ਬਿੱਲਾਂ ਦੀ ਪੈਰਵੀ ਕੀਤੀ, ਉਸ ਤੋਂ ਬਾਅਦ ਉਸ ਦਾ ਇਹ ਆਧਾਰ ਖਿਸਕਣ ਲੱਗਾ ਸੀ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਨੇ ਭਾਜਪਾ 'ਚ ਲਵਾਈ ਅਸਤੀਫ਼ਿਆਂ ਦੀ ਝੜੀ, ਲੱਗਾ ਇਕ ਹੋਰ ਵੱਡਾ ਝਟਕਾ

ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਕਿਸਾਨਾਂ ਨਾਲ ਦਗਾ ਕਰਨ ਦੇ ਦੋਸ਼ਾਂ ਨੂੰ ਇਸ ਦੌਰਾਨ ਜਮ ਕੇ ਪ੍ਰਚਾਰਿਤ ਕੀਤਾ। ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਅਕਾਲੀ ਦਲ ਨੇ ਆਪਣੀ ਇਕਲੌਤੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਦਾ ਅਸਤੀਫ਼ਾ ਦਿਵਾਉਣ ਤੋਂ ਬਾਅਦ ਭਾਜਪਾ ਤੋਂ ਵੱਖ ਹੋਣ ਦਾ ਵੀ ਐਲਾਨ ਕੀਤਾ ਪਰ ਉਦੋਂ ਤਕ ਕਾਫ਼ੀ ਦੇਰ ਹੋ ਚੁੱਕੀ ਸੀ। ਇਹੀ ਵਜ੍ਹਾ ਹੈ ਕਿ ਕਿਸਾਨਾਂ ਦਾ ਖੁੱਸ ਚੁੱਕਿਆ ਵਿਸ਼ਵਾਸ ਦੁਬਾਰਾ ਹਾਸਲ ਕਰਨ ਲਈ ਅਕਾਲੀ ਦਲ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਸਮਾਰੋਹ ਵੀ ਰੱਦ ਕਰ ਦਿੱਤਾ। ਕਿਸਾਨਾਂ ਦਾ ਸਮਰਥਨ ਤਾਂ ਪਾਰਟੀ ਭਵਿੱਖ ਵਿਚ ਫਿਰ ਹਾਸਲ ਕਰਨ ਵਿਚ ਕਾਮਯਾਬ ਹੋ ਸਕਦੀ ਹੈ ਪਰ ਇਸ ਮੌਕੇ ਉਸ ਨੂੰ ਹੁਣ ਹੋਰ ਅਕਾਲੀ ਦਲਾਂ ਨਾਲ ਵੀ ਜੂਝਣਾ ਪੈ ਰਿਹਾ ਹੈ। ਪਾਰਟੀ ਤੋਂ ਵੱਖ ਹੋਏ ਸੀਨੀਅਰ ਨੇਤਾਵਾਂ ਅਤੇ ਹੋਰ ਅਕਾਲੀ ਦਲਾਂ ਦਾ ਕਹਿਣਾ ਹੈ ਕਿ ਅਕਾਲੀ ਦਲ (ਬਾਦਲ) ਨੂੰ 100ਵਾਂ ਜਨਮਦਿਨ ਮਨਾਉਣ ਦਾ ਕੋਈ ਹੱਕ ਨਹੀਂ ਹੈ। ਪਾਰਟੀ ਇਕ ਪਰਿਵਾਰ ਤਕ ਸੀਮਤ ਹੈ, ਜੋ ਗਠਨ ਦੇ ਸਮੇਂ ਦੇ ਅਕਾਲੀ ਦਲ ਦੀ ਮੂਲ ਭਾਵਨਾ ਦੇ ਖਿਲਾਫ਼ ਹੈ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੌਰਾਨ ਆਈ ਮਾੜੀ ਖ਼ਬਰ, ਭਿਆਨਕ ਹਾਦਸੇ 'ਚ ਦੋ ਕਿਸਾਨਾਂ ਦੀ ਮੌਤ

ਧਿਆਨਯੋਗ ਹੈ ਕਿ 1996 ਵਿਚ ਮੋਗਾ ਰੈਲੀ ਦੌਰਾਨ ਅਕਾਲੀ ਦਲ ਨੇ ਥੋੜਾ ਨਰਮ ਅਕਸ ਬਣਾਉਣ ਦੀ ਕੋਸ਼ਿਸ਼ ਵਿਚ ਭਾਜਪਾ ਨਾਲ ਰਾਜਨੀਤਕ ਸਾਂਝੇਦਾਰੀ ਕਰਦਿਆਂ ਪੰਜਾਬੀਅਤ ਦਾ ਏਜੰਡਾ ਅਪਣਾਇਆ ਸੀ। ਉਸ ਤੋਂ ਬਾਅਦ ਤੋਂ 24 ਸਾਲਾਂ ਤਕ ਦੋਵੇਂ ਪਾਰਟੀਆਂ ਹਿੰਦੂ-ਸਿੱਖ ਏਕਤਾ ਦੇ ਨਾਂ 'ਤੇ ਨਾਲ-ਨਾਲ ਚੱਲਦੀਆਂ ਰਹੀਆਂ ਹਨ। ਹੁਣ ਐੱਨ. ਡੀ. ਏ. ਤੋਂ ਵੱਖ ਹੋਣ ਤੋਂ ਬਾਅਦ ਅਕਾਲੀ ਦਲ ਦੀ ਜ਼ਿੰਮੇਵਾਰੀ ਵਧ ਗਈ ਹੈ ਕਿਉਂਕਿ ਹੁਣ ਉਸ ਨੂੰ ਸਿੱਖਾਂ ਦੀ ਸਿਆਸਤ ਕਰਨ ਲਈ ਆਪਣੇ ਤੌਰ-ਤਰੀਕਿਆਂ ਵਿਚ ਬਦਲਾਅ ਲਿਆਉਣਾ ਹੋਵੇਗਾ ਅਤੇ ਪਾਰਟੀ ਦਾ ਅਕਸ ਵੀ ਸਿੱਖਾਂ ਦੇ ਇਰਦ-ਗਿਰਦ ਰੱਖਣਾ ਹੋਵੇਗਾ।

ਇਹ ਵੀ ਪੜ੍ਹੋ : ਅੰਦੋਲਨ ਦੌਰਾਨ ਸਿੰਘੂ ਬਾਰਡਰ 'ਤੇ ਭਿੰਡਰ ਕਲਾਂ ਦੇ ਕਿਸਾਨ ਦੀ ਮੌਤ

ਸੁਖਬੀਰ ਬਾਦਲ ਦੀ ਅਗਵਾਈ 'ਚ ਅਕਾਲੀ ਦਲ ਬਣਿਆ ਕਾਰਪੋਰੇਟ ਬਾਡੀ : ਢੀਂਡਸਾ
ਇਸ ਮਸਲੇ 'ਤੇ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਸਾਡੀ ਇੱਛਾ ਸੀ ਕਿ ਅਕਾਲੀ ਦਲ ਦੀ 100ਵੀਂ ਵਰ੍ਹੇਗੰਡ 'ਤੇ ਵੱਡੇ ਪੈਮਾਨੇ 'ਤੇ ਸਮਾਰੋਹ ਮਨਾਉਂਦੇ ਪਰ ਕਿਸਾਨੀ ਸੰਘਰਸ਼ ਕਾਰਨ ਆਪਣਾ ਮੋਗੇ ਵਾਲਾ ਪ੍ਰੋਗਰਾਮ ਵੀ ਰੱਦ ਕਰ ਦਿੱਤਾ ਹੈ। ਅਕਾਲੀ ਦਲ ਨੇ ਵੱਡੀਆਂ ਕੁਰਬਾਨੀਆਂ ਦਿੱਤੀਆਂ, ਗੁਰੂ ਘਰਾਂ ਨੂੰ ਆਜ਼ਾਦ ਕਰਵਾਇਆ। ਵੱਡਾ ਸੁਨਹਿਰੀ ਇਤਿਹਾਸ ਹੈ ਸ਼੍ਰੋਮਣੀ ਅਕਾਲੀ ਦਲ ਦਾ, ਜਦੋਂ ਜਨੂੰਨੀ ਅਕਾਲੀ ਦਲ ਸੀ ਪਰ ਹੁਣ ਅਕਾਲੀ ਦਲ ਬਾਦਲ ਸੁਖਬੀਰ ਬਾਦਲ ਦੇ ਆਉਣ ਨਾਲ ਕਾਰਪੋਰੇਟ ਬਾਡੀ ਬਣ ਕੇ ਰਹਿ ਗਿਆ ਹੈ। ਪਾਰਟੀ ਦੇ ਹੀ ਇਕ ਹੋਰ ਨੇਤਾ ਬੀਰਦਵਿੰਦਰ ਸਿੰਘ ਦਾ ਕਹਿਣਾ ਹੈ ਕਿ 100 ਸਾਲ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੁਨਰਗਠਿਤ ਕਰਨਾ ਜ਼ਰੂਰੀ ਹੋ ਗਿਆ ਹੈ। ਅਕਾਲੀ ਦਲ ਨੇ ਮਹੰਤਾਂ ਦੇ ਕਬਜ਼ਿਆਂ ਤੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣ ਲਈ ਲੰਬਾ ਸੰਘਰਸ਼ ਕਰ ਕੇ ਐੱਸ. ਜੀ. ਪੀ. ਸੀ. ਬਣਾਈ ਸੀ ਪਰ ਹੁਣ ਬਾਦਲਾਂ ਵਲੋਂ ਗੁਰਦੁਆਰਿਆਂ ਦੇ ਮਹੰਤ ਬਦਲੇ ਜਾਂਦੇ ਹਨ। ਐੱਸ. ਜੀ. ਪੀ. ਸੀ. ਉੱਤੇ ਲੰਬੇ ਸਮੇਂ ਤੋਂ ਬਾਦਲਾਂ ਦਾ ਕਬਜ਼ਾ ਹੈ ਅਤੇ ਉੱਥੇ ਕਿੰਨੇ ਹੀ ਘੋਟਾਲੇ ਸਾਹਮਣੇ ਆ ਚੁੱਕੇ ਹਨ।

ਇਹ ਵੀ ਪੜ੍ਹੋ :  ਮਾਂ-ਧੀ ਨੇ ਇਕੱਠਿਆਂ ਲਿਆ ਫਾਹਾ, ਖ਼ੁਦਕੁਸ਼ੀ ਨੋਟ 'ਚ ਪੜ੍ਹਿਆ ਤਾਂ ਖੁੱਲ੍ਹਿਆ ਭੇਤ

ਹੁਣ ਬਾਦਲ ਆਪਣੇ ਪਰਿਵਾਰ ਤੋਂ ਅਕਾਲੀ ਦਲ ਨੂੰ ਆਜ਼ਾਦ ਕਰਨ : ਪੀਰ ਮੁਹੰਮਦ
ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਅਤੇ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਦਾ ਕਹਿਣਾ ਹੈ ਕਿ ਅਕਾਲੀ ਦਲ ਦੇ 100ਵੇਂ ਵਰ੍ਹੇ ਵਿਚ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਅਕਾਲੀ ਦਲ ਨੂੰ ਆਪਣੇ ਪਰਿਵਾਰ ਤੋਂ ਆਜ਼ਾਦ ਕਰਨ ਦਾ ਐਲਾਨ ਕਰਨਾ ਚਾਹੀਦਾ ਹੈ। ਅਕਾਲੀ ਦਲ ਬੀਤੇ 100 ਸਾਲਾਂ ਤੋਂ ਸਿੱਖਾਂ ਦੇ ਸਨਮਾਨ ਲਈ ਸੰਘਰਸ਼ ਕਰਦਾ ਰਿਹਾ ਹੈ। ਆਜ਼ਾਦੀ ਦੇ ਅੰਦੋਲਨ ਵਿਚ ਵੀ ਸਿੱਖਾਂ ਨੇ ਕਿੰਨੀਆਂ ਹੀ ਕੁਰਬਾਨੀਆਂ ਦਿੱਤੀਆਂ ਪਰ 1996 ਤੋਂ ਬਾਅਦ ਤੋਂ ਪਾਰਟੀ ਦਾ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਅਕਸ ਵਿਗੜ ਚੁੱਕਿਆ ਹੈ। ਇਹੀ ਕਾਰਨ ਹੈ ਕਿ ਹੁਣ ਕਿੰਨੇ ਹੀ ਅਕਾਲੀ ਦਲ ਪੰਜਾਬ ਵਿਚ ਬਣ ਚੁੱਕੇ ਹਨ। ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ 'ਅੰਮ੍ਰਿਤਸਰ' ਨੇ ਵੀ ਕਿਹਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਸੰਗਤ ਦਾ ਭਰੋਸਾ ਗਵਾ ਚੁੱਕੇ ਹਨ। ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ 100ਵੀਂ ਵਰ੍ਹੇਗੰਢ ਮਨਾਉਣ ਦਾ ਕੋਈ ਹੱਕ ਨਹੀਂ ਹੈ ਕਿਉਂਕਿ ਉਹ 1996 ਵਿਚ ਹੀ ਮੋਗਾ ਰੈਲੀ ਦੌਰਾਨ ਅਕਾਲੀ ਦਲ ਦਾ ਏਜੰਡਾ ਛੱਡ ਕੇ ਪਾਰਟੀ ਨੂੰ ਪੰਜਾਬੀ ਪਾਰਟੀ ਬਣਾ ਚੁੱਕੇ ਹਨ।

ਇਹ ਵੀ ਪੜ੍ਹੋ : ਲਹਿਰਾਗਾਗਾ ਕਤਲ ਕਾਂਡ 'ਚ ਵੱਡਾ ਖ਼ੁਲਾਸਾ, ਪਤਨੀ ਤੇ ਭਰਾ ਹੀ ਨਿਕਲਿਆ ਕਾਤਲ

ਦੇਸ਼ ਦੀ ਦੂਜੀ ਸਭ ਤੋਂ ਪੁਰਾਣੀ ਰਾਜਨੀਤਕ ਪਾਰਟੀ ਪਰ ਖੇਤਰੀ ਤੋਂ ਅੱਗੇ ਨਹੀਂ ਵਧੀ
ਸ਼੍ਰੋਮਣੀ ਅਕਾਲੀ ਦਲ ਦੇਸ਼ ਦੀ ਦੂਜੀ ਸਭ ਤੋਂ ਪੁਰਾਣੀ ਰਾਜਨੀਤਕ ਪਾਰਟੀ ਹੈ ਕਿਉਂਕਿ ਕਾਂਗਰਸ ਤੋਂ ਬਾਅਦ ਇਸਦਾ ਗਠਨ ਹੋਇਆ ਸੀ। 100 ਸਾਲਾਂ ਦੌਰਾਨ ਜਿੱਥੇ ਕਾਂਗਰਸ ਦੇਸ਼ ਦੇ ਹਰ ਸੂਬੇ ਵਿਚ ਆਪਣੀ ਮੌਜ਼ੂਦਗੀ ਦਰਜ ਕਰਵਾ ਚੁੱਕੀ ਹੈ, ਉਥੇ ਹੀ ਅਕਾਲੀ ਦਲ ਖੇਤਰੀ ਪਾਰਟੀ ਤੋਂ ਉਪਰ ਨਹੀਂ ਉਠ ਸਕਿਆ ਹੈ। ਅਕਾਲੀ ਦਲ ਨੇ ਹਾਲਾਂਕਿ ਇਕ ਦਹਾਕੇ ਦੌਰਾਨ ਪੰਜਾਬ ਤੋਂ ਬਾਹਰ ਵਿਸਥਾਰ ਦੀ ਕੋਸ਼ਿਸ਼ ਕੀਤੀ ਪਰ ਹਰਿਆਣਾ ਅਤੇ ਦਿੱਲੀ ਨੂੰ ਛੱਡ ਕੇ ਅਤੇ ਕਿਤੇ ਹੋਰ ਜਗ੍ਹਾ ਸਫਲਤਾ ਹਾਸਲ ਨਹੀਂ ਹੋ ਸਕੀ।

ਨੋਟ : ਵਿਰੋਧੀਆਂ ਦੇ ਬਿਆਨ 'ਸ਼੍ਰੋਮਣੀ ਅਕਾਲੀ ਦਲ ਆਪਣੇ ਅਸਲ ਸਿਧਾਂਤਾਂ ਤੋਂ ਭਟਕ ਚੁੱਕਾ ਹੈ', ਬਾਰੇ ਤੁਹਾਡੀ ਕੀ ਹੈ ਰਾਇ?

Gurminder Singh

Content Editor

Related News