ਪੰਜਾਬ ''ਚ ਪਰਾਲੀ ਨੂੰ ਅੱਗ ਲਾਉਣ ਦੇ 16,734 ਮਾਮਲੇ ਆਏ ਸਾਹਮਣੇ

10/30/2019 5:20:31 PM

ਸ਼ੇਰਪੁਰ (ਅਨੀਸ਼) : ਪੰਜਾਬ ਸਰਕਾਰ ਦੇ ਪਰਾਲੀ ਨੂੰ ਨਾ ਸਾੜਣ ਦੇ ਹੁਕਮਾਂ ਨੂੰ ਠੇਂਗਾ ਦਿਖਾਉਂਦੇ ਹੋਏ ਖੇਤਾਂ ਵਿਚ ਖੜ੍ਹੀ ਪਰਾਲੀ ਨੂੰ ਸਾੜਨ ਦਾ ਦਸਤੂਰ ਸੂਬੇ ਦੇ ਸ਼ੁੱਧ ਵਾਤਾਵਰਣ 'ਚ ਜ਼ਹਿਰ ਘੋਲ ਰਿਹਾ ਹੈ। ਪਰਾਲੀ ਸਾੜਨ ਕਾਰਨ ਆਸਮਾਨ 'ਚ ਛਾਏ ਧੂੰਏਂ ਨੇ ਲੋਕਾਂ ਦਾ ਸਾਹ ਲੈਣਾ ਵੀ ਔਖਾ ਕਰ ਦਿੱਤਾ ਹੈ। ਇਸ ਕਾਰਨ ਸਾਹ-ਦਮੇ ਸਮੇਤ ਅੱਖਾਂ, ਨੱਕ, ਖੰਘ, ਜ਼ੁਕਾਮ, ਚਮੜੀ ਤੇ ਬੁਖਾਰ ਦੇ ਮਰੀਜ਼ਾਂ ਦੀ ਗਿਣਤੀ ਦਿਨੋਂ-ਦਿਨ ਵਧ ਰਹੀ ਹੈ। ਹਾਲਾਂਕਿ ਸੂਬੇ ਭਰ ਵਿਚ ਹੁਣ ਤੱਕ ਪਰਾਲੀ ਸਾੜਨ ਦੇ 16,734 ਦੇ ਕਰੀਬ ਮਾਮਲੇ ਸਾਹਮਣੇ ਆਏ ਹਨ ਪਰ ਆਉਣ ਵਾਲੇ ਦਿਨਾਂ ਵਿਚ ਇਹ ਗਿਣਤੀ ਹੋਰ ਵਧਣ ਦਾ ਖਦਸ਼ਾ ਹੈ ਕਿਉਂਕਿ ਕਿਸਾਨ ਮੰਡੀਆਂ ਵਿਚ ਫ਼ਸਲ ਵੇਚਣ ਤੋਂ ਵਿਹਲੇ ਹੋ ਕੇ ਹੁਣ ਖੇਤ ਵਾਹੁਣ ਵਿਚ ਜੁਟ ਗਏ ਹਨ।

ਜ਼ਿਲਾ ਸੰਗਰੂਰ ਵਿਖੇ ਪ੍ਰਦੂਸ਼ਣ ਦਾ ਪੱਧਰ ਜੋ ਕਿ ਆਮ ਦਿਨਾਂ 'ਚ 70 ਰਹਿੰਦਾ ਹੈ 170 ਤੋਂ ਪਾਰ ਕਰ ਗਿਆ ਹੈ । ਸਰਕਾਰੀ ਪ੍ਰਸ਼ਾਸਨ ਵੱਲੋਂ ਸੂਬੇ ਭਰ 'ਚ ਖੇਤਾਂ ਦੀ ਪਰਾਲੀ ਨੂੰ ਅੱਗ ਲਾ ਕੇ ਸਾੜਣ 'ਤੇ ਲਾਈ ਗਈ ਪਾਬੰਦੀ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਪਰਾਲੀ ਨਾ ਸਾੜਨ ਦੀਆਂ ਅਪੀਲਾਂ ਦਾ ਕੋਈ ਅਸਰ ਨਹੀਂ ਹੋ ਰਿਹਾ ਹੈ ਅਤੇ ਪਰਾਲੀ ਸਾੜਨ ਦਾ ਰੁਝਾਨ ਬਾਦਸਤੂਰ ਜਾਰੀ ਹੈ। ਕਸਬਾ ਸ਼ੇਰਪੁਰ ਸਮੇਤ ਕੁੱਝ ਹੋਰ ਪਿੰਡਾਂ 'ਚ ਵੀ ਪਰਾਲੀ ਸਾੜੇ ਜਾਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।

ਪੰਜਾਬ ਦੇ ਕਿਸਾਨ ਵੀ ਸਰਕਾਰ ਦੀਆਂ ਹਦਾਇਤਾਂ ਨੂੰ ਲਗਾਤਾਰ ਅਣਦੇਖਿਆ ਕਰਦੇ ਹੋਏ ਪੰਜਾਬ ਦੀ ਪਵਿੱਤਰ 'ਆਬੋ-ਹਵਾ' ਨੂੰ ਦੂਸ਼ਿਤ ਕਰਨ ਦਾ ਵਤੀਰਾ ਨਹੀਂ ਛੱਡ ਰਹੇ ਅਤੇ ਸਰਕਾਰ ਵੀ ਲੋਕਾਂ ਦੀ ਸਿਹਤ ਨਾਲ ਜੁੜੇ ਇਸ ਗੰਭੀਰ ਮੁੱਦੇ 'ਤੇ ਕੋਈ ਠੋਸ ਕਾਰਵਾਈ ਕਰਦੀ ਵਿਖਾਈ ਨਹੀਂ ਦੇ ਰਹੀ। ਹਰ ਸਾਲ ਹੀ ਸਿਰਫ ਅਪੀਲਾਂ ਅਤੇ ਦਲੀਲਾਂ ਰਾਹੀਂ ਡੰਗ ਟਪਾ ਕੇ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਉਣ ਤੱਕ ਸੀਮਤ ਹੋ ਕੇ ਰਹਿ ਜਾਂਦੀ ਹੈ ਪਰ ਇਸ ਵਤੀਰੇ ਦਾ ਖਮਿਆਜ਼ਾ ਪੰਜਾਬ ਦੀ ਜਨਤਾ ਨੂੰ ਆਪਣੀ ਸਿਹਤ ਵਿਗਾੜ ਕੇ ਭੁਗਤਣਾ ਪੈਂਦਾ ਹੈ। ਜੇਕਰ ਪੰਜਾਬ ਦੇ ਕਿਸਾਨ ਆਪਣੀ ਸੂਝ-ਬੂਝ ਦਾ ਪ੍ਰਮਾਣ ਦਿੰਦੇ ਹੋਏ ਪਰਾਲੀ ਨੂੰ ਸਾੜਣ ਦੀ ਬਜਾਏ ਇਸ ਤੋਂ ਖਾਦ ਬਣਾ ਕੇ ਅਗਲੀ ਫ਼ਸਲ ਲਈ ਵਰਤਣ ਤੋਂ ਇਲਾਵਾ ਖੇਤਾਂ ਦੀ ਪਰਾਲੀ ਨੂੰ ਸਰਕਾਰ ਵੱਲੋਂ ਲਾਏ ਬਿਜਲੀ ਪਲਾਂਟਾਂ 'ਚ ਵੇਚਣ ਤਾਂ ਜਿਥੇ ਇਸ ਨਾਲ ਕਿਸਾਨਾਂ ਦੀ ਆਰਥਕ ਹਾਲਤ ਹੋਰ ਮਜ਼ਬੂਤ ਹੋਵੇਗੀ, ਉਥੇ ਪੰਜਾਬ ਦੀ ਆਬੋ-ਹਵਾ ਵੀ ਜ਼ਹਿਰੀਲੇ ਧੂੰਏਂ ਕਾਰਣ ਦੂਸ਼ਿਤ ਹੋਣ ਤੋਂ ਬਚੀ ਰਹੇਗੀ।

ਸੂਬੇ ਦੇ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਇਕ-ਦੂਜੇ ਤੋਂ ਮੂਹਰੇ ਹੋ ਕੇ ਪੰਜਾਬ ਦੇ ਸ਼ੁੱਧ ਵਾਤਾਵਰਣ ਨੂੰ ਵਿਗਾੜਨ ਦੀ ਬਜਾਏ ਸੂਬੇ ਦੇ ਸਿਹਤਮੰਦ ਜੀਵਨ ਨੂੰ ਬਚਾਉਣ ਵੱਲ ਆਪਣਾ ਯੋਗਦਾਨ ਪਾਉਣ। ਇਥੇ ਕਿਸਾਨ ਜਥੇਬੰਦੀਆਂ ਦੀ ਵੀ ਇਹ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਪਰਾਲੀ ਸਾੜਨ ਕਾਰਨ ਉਪਜਾਊ ਜ਼ਮੀਨ ਦੇ ਹੋ ਰਹੇ ਨੁਕਸਾਨ ਬਾਰੇ ਸੂਬੇ ਦੇ ਕਿਸਾਨਾਂ ਨੂੰ ਜਾਗਰੂਕ ਕਰ ਕੇ ਵਾਤਾਵਰਣ ਦਾ ਘਾਣ ਕਰ ਰਹੇ ਇਸ ਵਤੀਰੇ ਨੂੰ ਰੋਕਣ ਲਈ ਆਪਣੀ ਅਹਿਮ ਭੂਮਿਕਾ ਨੂੰ ਨਿਭਾਉਣ।

ਸਰਕਾਰੀ ਅੰਕੜਿਆਂ ਮੁਤਾਬਕ 16,734 ਮਾਮਲੇ ਆਏ ਸਾਹਮਣੇ
ਪੰਜਾਬ ਰਿਮੋਟ ਸੈਂਸਿੰਗ ਕੇਂਦਰ ਦੀ ਰਿਪੋਰਟ ਮੁਤਾਬਕ ਪੰਜਾਬ 'ਚ ਪਰਾਲੀ ਨੂੰ ਅੱਗ ਲਾਉਣ ਦੇ 16,734 ਮਾਮਲੇ ਦਰਜ ਕੀਤੇ ਗਏ ਹਨ। 29 ਤਰੀਕ ਨੂੰ ਸ਼ਾਮ ਤੱਕ ਜੋ ਅੰਕੜੇ ਦਰਜ ਕੀਤੇ ਗਏ ਹਨ, ਉਸ ਮੁਤਾਬਕ 1602 ਥਾਵਾਂ 'ਤੇ ਅੱਗ ਲਾਈ ਗਈ। ਫ਼ਿਰੋਜ਼ਪੁਰ ਜ਼ਿਲੇ ਅੰਦਰ 306, ਸੰਗਰੂਰ 'ਚ 163, ਤਰਨਤਾਰਨ 'ਚ 161, ਮੁਕਤਸਰ 'ਚ 116, ਅੰਮ੍ਰਿਤਸਰ 'ਚ 32, ਬਰਨਾਲਾ 'ਚ 60, ਬਠਿੰਡਾ 'ਚ 101, ਫਤਿਹਗੜ੍ਹ ਸਾਹਿਬ 'ਚ 31, ਫਰੀਦਕੋਟ 'ਚ 89, ਫਾਜ਼ਿਲਕਾ 'ਚ 23, ਗੁਰਦਾਸਪੁਰ 'ਚ 63, ਹੁਸ਼ਿਆਰਪੁਰ 'ਚ 19, ਜਲੰਧਰ 'ਚ 71, ਕਪੂਰਥਲਾ 'ਚ 76, ਲੁਧਿਆਣਾ 'ਚ 69, ਮਾਨਸਾ 'ਚ 51, ਮੋਗਾ 'ਚ 80, ਨਵਾਂਸ਼ਹਿਰ 'ਚ 11, ਪਟਿਆਲਾ 'ਚ 72 ਅਤੇ ਮੋਹਾਲੀ 'ਚ 6 ਮਾਮਲੇ ਦਰਜ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਪਠਾਨਕੋਟ 'ਚ ਹੁਣ ਤੱਕ ਸਿਰਫ਼ 2 ਮਾਮਲੇ ਹੀ ਸਾਹਮਣੇ ਆਏ ਹਨ।

ਪਰਾਲੀ ਨੂੰ ਅੱਗ ਲਾਉਣਾ ਮਜਬੂਰੀ
ਦੂਜੇ ਪਾਸੇ ਕਿਸਾਨਾਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਾਉਣਾ ਸ਼ੌਕ ਨਹੀਂ ਸਗੋਂ ਮਜਬੂਰੀ ਹੈ ਕਿਉਂਕਿ ਪਰਾਲੀ ਦੀ ਸਾਂਭ-ਸੰਭਾਲ 'ਤੇ ਕਿਸਾਨ ਦਾ ਬਹੁਤ ਜ਼ਿਆਦਾ ਖਰਚਾ ਹੋ ਜਾਂਦਾ ਹੈ ਜੋ ਕਿ ਕਿਸਾਨ ਸਹਿਣ ਤੋਂ ਅਸਮਰੱਥ ਹਨ। ਇਸ ਲਈ ਸਰਕਾਰ ਨੂੰ ਪਰਾਲੀ ਨੂੰ ਸਾਂਭਣ ਲਈ ਸਰਕਾਰ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ।

ਅੱਗ ਲਾਉਣ ਵਾਲੇ ਕਿਸਾਨਾਂ ਦੇ ਜ਼ਮੀਨੀ ਰਿਕਾਰਡ 'ਚ ਹੋਵਗੀ ਰੈੱਡ ਐਂਟਰੀ
ਜ਼ਿਲਾ ਖੇਤੀਬਾੜੀ ਅਫਸਰ ਜਸਵਿੰਦਰਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਵੱਖ-ਵੱਖ ਪਿੰਡਾਂ ਦੇ ਕਲੱਸਟਰ ਬਣਾ ਕੇ ਅਧਿਕਾਰੀ ਤਾਇਨਾਤ ਕੀਤੇ ਹੋਏ ਹਨ ਅਤੇ ਉਨ੍ਹਾਂ ਨੂੰ ਚਲਾਨ ਬੁੱਕਾਂ ਵੀ ਦਿੱਤੀਆਂ ਹੋਈਆਂ ਹਨ, ਜੇਕਰ ਕੋਈ ਕਿਸਾਨ ਪਰਾਲੀ ਨੂੰ ਅੱਗ ਲਾਉਂਦਾ ਹੈ ਤਾਂ ਉਸ ਨੂੰ ਜੁਰਮਾਨਾ ਕੀਤਾ ਜਾਵੇਗਾ। ਉਥੇ ਮਾਲ ਵਿਭਾਗ ਵੱਲੋਂ ਅੱਗ ਲਾਉਣ ਵਾਲੇ ਕਿਸਾਨ ਦੀ ਜ਼ਮੀਨ 'ਚ ਰੈੱਡ ਐਂਟਰੀ ਦਰਜ ਕੀਤੀ ਜਾਵੇਗੀ ਅਤੇ ਸਰਕਾਰ ਵੱਲੋਂ ਮਿਲਦੀਆਂ ਸਹੂਲਤਾਂ ਸਬਸਿਡੀ ਜਾਂ ਹੋਰ ਖੇਤੀਬਾੜੀ ਨਾਲ ਸਬੰਧਤ ਹਨ, ਉਸ ਤੋਂ ਵੀ ਵਾਂਝਾ ਹੋਣਾ ਪਵੇਗਾ ।


cherry

Content Editor

Related News