ਸ਼ੇਰੇ ਪੰਜਾਬ ਯੂਥ ਫੈੱਡਰੇਸ਼ਨ ਨੇ ਡੀ. ਸੀ. ਨੂੰ ਦਿੱਤਾ ਮੰਗ-ਪੱਤਰ

11/11/2017 7:47:34 AM

ਕਪੂਰਥਲਾ, (ਗੁਰਵਿੰਦਰ ਕੌਰ)- ਸ਼ੇਰੇ ਪੰਜਾਬ ਯੂਥ ਫੈੱਡਰੇਸ਼ਨ ਕਪੂਰਥਲਾ ਨੇ ਆਪਣੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਈਅਬ ਨੂੰ ਦਿੱਤਾ। ਫੈੱਡਰੇਸ਼ਨ ਦੇ ਦੋਆਬਾ ਜ਼ੋਨ ਪ੍ਰਧਾਨ ਸੁਰਜੀਤ ਥਿੰਦ, ਵਾਈਸ ਪ੍ਰਧਾਨ ਸ਼ਰਨ , ਹਰਵਿੰਦਰ ਸਿੰਘ, ਵਰਿੰਦਰ ਸਿੰਘ, ਲਖਵਿੰਦਰ ਸਿੰਘ, ਮਨਿੰਦਰ ਸਿੰਘ, ਅਮਰੀਕ ਸਿੰਘ, ਚਰਨਜੀਤ ਸਿੰਘ, ਸੁਖਜੀਤ ਸਿੰਘ, ਰਾਹੁਲ, ਹਰਪ੍ਰੀਤ ਸਿੰਘ, ਬੀ. ਐੱਸ. ਥਿੰਦ ਆਦਿ ਨੇ ਦੱਸਿਆ ਕਿ ਬੀਤੇ ਦਿਨੀਂ ਬਠਿੰਡਾ 'ਚ ਵਾਪਰੀ ਮੰਦਭਾਗੀ ਘਟਨਾ, ਜਿਸ 'ਚ ਸਮੋਗ ਦੇ ਕਹਿਰ ਕਾਰਨ ਤੇ ਟ੍ਰੈਫਿਕ ਨਿਯਮਾਂ ਦੀ ਸਹੀ ਪਾਲਣਾ ਨਾ ਹੋਣ ਕਾਰਨ ਕਈ ਘਰਾਂ ਦੇ ਚਿਰਾਗ ਬੁੱਝ ਗਏ ਹਨ। 
ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਬੱਸ ਡਰਾਈਵਰਾਂ ਤੇ ਪੁਲਸ-ਪ੍ਰਸ਼ਾਸਨ ਨੂੰ ਸਖਤ ਨਿਰਦੇਸ਼ ਦਿੱਤੇ ਜਾਣ ਕਿ ਸਿਰਫ ਬੱਸ ਸਟਾਪ 'ਤੇ ਬੱਸਾਂ ਰੋਕੀਆਂ ਜਾਣ ਤੇ ਜੇਕਰ ਕੋਈ ਸਰਕਾਰੀ ਜਾਂ ਪ੍ਰਾਈਵੇਟ ਬੱਸ ਡਰਾਈਵਰ ਨਿਯਮਾਂ ਨੂੰ ਤੋੜੇ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਟ੍ਰੈਫਿਕ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਵਾਉਣ ਲਈ ਪੁਲਸ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣ ਤੇ ਸਕੂਲਾਂ ਅਤੇ ਕਾਲਜਾਂ 'ਚ ਸੈਮੀਨਾਰ ਲਗਾ ਕੇ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕੀਤਾ ਜਾਵੇ। 
ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਵੱਧ ਤੋਂ ਵੱਧ ਮਾਲੀ ਸਹਾਇਤਾ ਦਿੱਤੀ ਜਾਵੇ ਤੇ ਉਪਰੋਕਤ ਹਾਦਸੇ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪੰਜਾਬ 'ਚ ਜਿੰਨੇ ਵੀ ਲਿੰਕ ਰੋਡ ਤੇ ਨੈਸ਼ਨਲ ਹਾਈਵੇ ਹਨ, ਉਨ੍ਹਾਂ 'ਤੇ ਸਹੀ ਤਰੀਕੇ ਨਾਲ ਰੇਡੀਅਮ ਪੇਂਟ ਦੀਆਂ ਪਰਤਾਂ ਵਿਛਾਈਆਂ ਜਾਣ ਤੇ ਖਤਰਨਾਕ ਮੋੜਾਂ 'ਤੇ ਪੀਲੀਆਂ ਲਾਈਟਾਂ ਤੇ ਰਿਫਲੈਕਟਰ ਮੁਹੱਈਆ ਕਰਵਾਏ ਜਾਣ ਤਾਂ ਜੋ ਧੁੰਦ ਦੇ ਮੌਸਮ 'ਚ ਡਰਾਈਵਿੰਗ ਕਰਨੀ ਸੌਖੀ ਹੋ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਸੜਕਾਂ 'ਤੇ ਹਾਦਸਿਆਂ ਦਾ ਕਾਰਨ ਬਣਦੇ ਆਵਾਰਾ ਪਸ਼ੂਆਂ ਸਬੰਧੀ ਵੀ ਕੋਈ ਉਚਿਤ ਪ੍ਰਬੰਧ ਕੀਤਾ ਜਾਵੇ। 


Related News