ਸ਼ੇਰਾ ਖੁੱਭਣ ਗੈਂਗ ਨਾਲ ਸੰਬੰਧ ਰੱਖਣ ਵਾਲਾ ਖ਼ਤਰਨਾਕ ਗੈਂਗਸਟਰ ਚੰਦੂ ਐੱਨ. ਆਈ. ਏ. ਦੀ ਰਡਾਰ ’ਤੇ

02/25/2023 7:19:13 PM

ਲੁਧਿਆਣਾ (ਜ.ਬ.) : ਐੱਨ. ਆਈ. ਏ. ਦੀ ਇਕ ਟੀਮ ਵਲੋਂ ਫਿਰੋਜ਼ਪੁਰ ਦੇ ਖ਼ਤਰਨਾਕ ਗੈਂਗਸਟਰ ਅਤੇ ਸ਼ੇਰਾ ਖੁੱਭਣ ਅਤੇ ਜੈਪਾਲ ਭੁੱਲਰ ਦੇ ਕਰੀਬੀ ਰਹੇ ਚੰਦਨ ਉਰਫ ਚੰਦੂ ਨੂੰ ਹਿਰਾਸਤ ’ਚ ਲੈਣ ਦੀ ਖ਼ਬਰ ਹੈ। ਹਾਲਾਂਕਿ ਚੰਦੂ ਦੀ ਹਿਰਾਸਤ ਸਬੰਧੀ ਉੱਚ ਅਧਿਕਾਰੀ ਕੁਝ ਵੀ ਦੱਸਣ ਤੋਂ ਇਨਕਾਰ ਕਰ ਰਹੇ ਹਨ ਪਰ ਉਸ ਨੂੰ ਇਲਾਕੇ ਤੋਂ ਹੀ ਕਾਬੂ ਕਰਨ ਦੀ ਚਰਚਾ ਹੈ। ਦੱਸ ਦੇਈਏ ਕਿ ਚੰਦੂ ’ਤੇ ਪੰਜਾਬ, ਹਰਿਆਣਾ, ਰਾਜਸਥਾਨ ਸਮੇਤ ਯੂ. ਪੀ. ’ਚ ਕਤਲ, ਲੁੱਟ-ਖੋਹ ਅਤੇ ਇਰਾਦਾ ਕਤਲ ਸਮੇਤ ਲਗਭਗ 28 ਦੇ ਕਰੀਬ ਮਾਮਲੇ ਦਰਜ ਹਨ। ਸਾਲ 2020 ਦੀ 17 ਫਰਵਰੀ ਨੂੰ ਇੰਡੀਆ ਇੰਫੋਲਾਈਨ ਫਾਈਨਾਂਸ ਲਿਮ. ਦੇ ਦਫਤਰ ’ਚ ਹੋਈ 30 ਕਿਲੋ ਗੋਲਡ ਦੀ ਲੁੱਟ, ਜਿਸ ਵਿਚ ਪੰਜ ਹਥਿਆਰਬੰਦ ਲੁਟੇਰਿਆਂ ਵਲੋਂ ਮੁਲਾਜ਼ਮਾਂ ਨੂੰ ਬੰਦੀ ਬਣਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਅਤੇ ਬਾਅਦ ਵਿਚ ਪੁਲਸ ਨੇ ਇਸ ਵਾਰਦਾਤ ਦੇ ਪਿੱਛੇ ਜੈਪਾਲ ਭੁੱਲਰ ਅਤੇ ਉਸ ਦੇ ਗੈਂਗ ਦਾ ਹੱਥ ਹੋਣ ਦਾ ਖੁਲਾਸਾ ਕਰਦਿਆਂ ਜੈਪਾਲ ਦੇ ਭਰਾ ਅੰਮ੍ਰਿਤਪਾਲ, ਗਗਨ ਜੱਜ, ਪ੍ਰਦੀਪ ਸਿੰਘ ਸਮੇਤ ਹਰਪ੍ਰੀਤ ਨੂੰ 10 ਕਿਲੋ ਗੋਲਡ ਸਮੇਤ ਚੰਡੀਗੜ੍ਹ ਤੋਂ ਗ੍ਰਿਫਤਾਰ ਕਰ ਲਿਆ ਸੀ।

ਇਹ ਵੀ ਪੜ੍ਹੋ : ਅਜਨਾਲਾ ਹਿੰਸਾ ਨੂੰ ਲੈ ਕੇ ਡੀ. ਜੀ. ਪੀ. ਗੌਰਵ ਯਾਦਵ ਦਾ ਵੱਡਾ ਬਿਆਨ

ਮੁਲਜ਼ਮਾਂ ਤੋਂ ਹੋਈ ਪੁੱਛਗਿੱਛ ਤੋਂ ਬਾਅਦ ਜਾਂਚ ਟੀਮ ਨੇ ਖੁਲਾਸਾ ਕੀਤਾ ਸੀ ਕਿ 10 ਕਰੋੜ ਦੇ ਗੋਲਡ ਦੀ ਇਸ ਲੁੱਟ ਦਾ ਮਾਸਟਰਮਾਈਂਡ ਨਾਭਾ ਜੇਲ ’ਚ ਬੰਦ ਚੰਦੂ ਹੀ ਸੀ, ਜਿਸ ਨੇ ਜੇਲ ਤੋਂ ਮੋਬਾਇਲ ਦੀ ਮਦਦ ਨਾਲ ਪੰਜਾਬ ਦੀ ਹਿਲਾ ਦੇਣ ਵਾਲੀ ਇਸ ਲੁੱਟ ਦੀ ਰਣਨੀਤੀ ਤਿਆਰ ਕੀਤੀ ਸੀ ਅਤੇ ਇਸ ਦੀ ਪੂਰੀ ਯੋਜਨਾ ਜੈਪਾਲ ਨੂੰ ਦੱਸਦੇ ਹੋਏ ਬਾਕਾਇਦਾ ਆਪਣੇ ਸਾਥੀ ਗੈਂਗਸਟਰਾਂ ਨੂੰ ਵੀ ਇਸ ਵਾਰਦਾਤ ’ਚ ਸ਼ਾਮਲ ਕੀਤਾ ਸੀ, ਜਿਸ ਦਾ ਖੁਲਾਸਾ ਉਸ ਸਮੇਂ ਓਕੂ (ਆਰਗੇਨਾਈਜ਼ਡ ਕ੍ਰਾਈਮ ਯੂਨਿਟ) ਦੇ ਮੁਖੀ ਵਿਜੇ ਪ੍ਰਤਾਪ ਨੇ ਕੀਤਾ ਸੀ।

ਇਹ ਵੀ ਪੜ੍ਹੋ : ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਲਵਪ੍ਰੀਤ ਸਿੰਘ ਤੂਫਾਨ ਨੂੰ ਪੁਲਸ ਨੇ ਕੀਤਾ ਰਿਹਾਅ

ਸੂਤਰਾਂ ਦੀ ਮੰਨੀਏ ਤਾਂ 2 ਦਿਨ ਪਹਿਲਾਂ ਮੁੜ ਜਦੋਂ ਪੁਲਸ ਨੇ ਅਜਨਾਲਾ ’ਚ ਜਿਨ੍ਹਾਂ 3 ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਸੀ, ਉਨ੍ਹਾਂ ਦਾ ਸਬੰਧ ਬੰਬੀਹਾ ਗੈਂਗ ਦੇ ਨਾਲ ਦੱਸਿਆ ਜਾਂਦਾ ਹੈ। ਇਸ ਮੁਕਾਬਲੇ ਖ਼ਿਲਾਫ ਬੰਬੀਹਾ ਗਰੁੱਪ ਨੇ ਬਾਕਾਇਦਾ ਫੇਸਬੁਕ ’ਤੇ ਪੋਸਟ ਪਾ ਕੇ ਜਿੱਥੇ ਇਸ ਮੁਕਾਬਲੇ ’ਤੇ ਉਂਗਲਾਂ ਚੁੱਕੀਆਂ ਸਨ, ਸਗੋਂ ਬਾਕਾਇਦਾ ਪੁਲਸ ਨੂੰ ਧਮਕੀ ਵੀ ਦਿੱਤੀ ਸੀ। ਚਰਚਾ ਹੈ ਕਿ ਬੰਬੀਹਾ ਗੈਂਗ ਦੇ ਐਕਟਿਵ ਗੈਂਗਸਟਰਾਂ ’ਚ ਚੰਦੂ ਅਹਿਮ ਕੜੀ ਸੀ, ਉਸ ਨੂੰ ਹਿਰਾਸਤ ਵਿਚ ਲੈਣ ਪਿੱਛੇ ਇਹ ਵੀ ਅਹਿਮ ਕਾਰਨ ਦੱਸਿਆ ਜਾਂਦਾ ਹੈ। ਇਸ ਤੋਂ ਇਲਾਵਾ ਐੱਨ. ਆਈ. ਏ. ਨੇ ਪਿਛਲੇ ਕੁਝ ਸਮੇਂ ਅੰਦਰ ਪੰਜਾਬ ’ਚ ਅੰਤਰਰਾਸ਼ਟਰੀ ਡਰੱਗ ਗੈਂਗ ਨੂੰ ਤੋੜਦੇ ਹੋਏ ਕਈ ਅਫਗਾਨੀ ਨਾਗਰਿਕਾਂ ਸਮੇਤ ਦਿੱਲੀ ਦੇ ਵੱਡੇ ਕਾਰੋਬਾਰੀ ਅਤੇ ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ। ਅਜਿਹੇ ਵਿਚ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਚੰਦੂ ਦਾ ਸਬੰਧ ਉਸ ਗੈਂਗ ਦੇ ਨਾਲ ਵੀ ਹੋ ਸਕਦਾ ਹੈ, ਜਿਸ ਸਬੰਧੀ ਜਲਦ ਐੱਨ. ਆਈ. ਏ. ਖੁਲਾਸਾ ਕਰਨ ਜਾ ਰਹੀ ਹੈ।

ਇਹ ਵੀ ਪੜ੍ਹੋ : ਅਜਨਾਲਾ ਘਟਨਾ ’ਤੇ ਭਾਜਪਾ ਦਾ ਵੱਡਾ ਬਿਆਨ, ਅੰਮ੍ਰਿਤਪਾਲ ਸਿੰਘ ਬਾਰੇ ਆਖੀ ਵੱਡੀ ਗੱਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
 


Gurminder Singh

Content Editor

Related News