ਕਾਂਗਰਸ ''ਚ ਸ਼ਾਮਲ ਹੋਏ ਸ਼ੇਰ ਸਿੰਘ ਘੁਬਾਇਆ
Tuesday, Mar 05, 2019 - 06:59 PM (IST)

ਨਵੀਂ ਦਿੱਲੀ/ਜਲਾਲਾਬਾਦ (ਵੈੱਬ ਡੈਸਕ, ਸੇਤੀਆ) : ਅਕਾਲੀ ਦਲ 'ਚੋਂ ਅਸਤੀਫਾ ਦੇਣ ਵਾਲੇ ਫਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ। ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਵਲੋਂ ਦਿੱਲੀ ਵਿਖੇ ਸ਼ੇਰ ਸਿੰਘ ਘੁਬਾਇਆ ਨੂੰ ਪਾਰਟੀ ਵਿਚ ਸ਼ਾਮਲ ਕੀਤਾ ਗਿਆ। ਇਸ ਮੌਕੇ ਪੰਜਾਬ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ ਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੋਂ ਇਲਾਵਾ ਘੁਬਾਇਆ ਦਾ ਪੁੱਤਰ ਦਵਿੰਦਰ ਘੁਬਾਇਆ ਵੀ ਮੌਜੂਦ ਸੀ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਸ਼ਾ ਕੁਮਾਰੀ ਨੇ ਕਿਹਾ ਕਿ ਘੁਬਾਇਆ ਬਿਨਾਂ ਸ਼ਰਤ ਕਾਂਗਰਸ ਵਿਚ ਸ਼ਾਮਲ ਹੋਏ ਹਨ ਜਦਕਿ ਕਿ ਘੁਬਾਇਆ ਕਹਿ ਰਹੇ ਹਨ ਕਿ ਫ਼ਿਰੋਜ਼ਪੁਰ ਤੋਂ ਕਾਂਗਰਸ ਦੀ ਟਿਕਟ ਮਿਲਣ ਤੋਂ ਬਆਦ ਇਹ ਫੈਸਲਾ ਕੀਤਾ ਹੈ।
ਇਸ ਦੌਰਾਨ ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਉਨ੍ਹਾਂ ਨੇ ਹੀ ਅਕਾਲੀ ਦਲ ਦਾ ਫਾਜ਼ਿਲਕਾ-ਫਿਰੋਜ਼ਪੁਰ ਹਲਕੇ ਵਿਚ ਆਧਾਰ ਬਣਾਇਆ ਸੀ ਪਰ ਬਾਵਜੂਦ ਇਸ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਉਨ੍ਹਾਂ ਨੂੰ ਅਣਦੇਖਿਆਂ ਕੀਤਾ ਗਿਆ ਅਤੇ ਪਾਰਟੀ ਦੀਆਂ ਨੀਤੀਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਵਿਰੋਧ ਵਿਚ ਹੀ ਉਨ੍ਹਾਂ ਅਕਾਲੀ ਦਲ ਨੂੰ ਅਲਵਿਦਾ ਕਿਹਾ ਹੈ।