ਸ਼ੰਭੂ ਮੋਰਚੇ ਦੇ ਖ਼ਿਲਾਫ਼ ਹੋਏ ਸਥਾਨਕ ਇਲਾਕੇ ਦੇ ਲੋਕ, ਤਣਾਅ ਵਧਣ ਦੀ ਸੰਭਾਵਨਾ

Wednesday, Jun 26, 2024 - 04:34 PM (IST)

ਪਟਿਆਲਾ : ਸ਼ੰਭੂ ਬਾਰਡਰ ’ਤੇ ਕਿਸਾਨਾਂ ਦੇ ਚੱਲ ਰਹੇ ਮੋਰਚੇ ਵਿਚ ਤਣਾਅ ਹੋਣ ਦੀ ਸੰਭਾਵਨਾ ਬਣ ਗਈ ਹੈ ਕਿਉਂਕਿ ਇਲਾਕੇ ਦੇ ਵੱਡੀ ਗਿਣਤੀ ਲੋਕਾਂ ਨੇ ਅੰਬਾਲਾ ਜਾਣ ਦਾ ਰਾਹ ਨਾ ਛੱਡਣ ’ਤੇ ਖੁਦ ਰਸਤਾ ਖਾਲੀ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ਦੂਜੇ ਪਾਸੇ ਕਿਸਾਨਾਂ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਕਿਹਾ ਹੈ ਕਿ ਸਰਕਾਰ ਦੀ ਮਿਲੀਭੁਗਤ ਨਾਲ ਕੁਝ ਲੋਕ ਉਨ੍ਹਾਂ ਦੇ ਧਰਨੇ ਨੂੰ ਤਾਰਪੀਡੋ ਕਰਨਾ ਚਾਹੁੰਦੇ ਹਨ। ਉਥੇ ਹੀ ਇਲਾਕੇ ਦੇ ਆਮ ਦਿਹਾੜੀਦਾਰ ਲੋਕਾਂ ਦਾ ਪੱਖ ਇਹ ਵੀ ਹੈ ਕਿ ਕਰੀਬ 25-30 ਪਿੰਡਾਂ ਦੇ ਲੋਕਾਂ ਦਾ ਨਿੱਤ ਦਾ ਵਾਹ-ਵਾਸਤਾ ਅੰਬਾਲੇ ਨਾਲ ਪੈਂਦਾ ਹੈ, ਜੋ ਆਪਣੀ ਮੰਜ਼ਿਲ ’ਤੇ ਜਾਣ ਲਈ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਰਾਜਗੜ੍ਹ ਦੀ ਔਰਤ ਦੇ ਮਰਨ ਨਾਲ ਵੀ ਇਲਾਕੇ ਦੇ ਲੋਕਾਂ ਵਿਚ ਰੋਹ ਬਣਿਆ ਹੋਇਆ ਹੈ।

ਪ੍ਰੈੱਸ ਕਾਨਫ਼ਰੰਸ ਵਿਚ ਕਿਸਾਨ ਆਗੂਆਂ ਨੇ ਸਿੱਧੇ ਤੌਰ ’ਤੇ ਸਰਕਾਰ ਨੂੰ ਲਲਕਾਰਿਆ ਹੈ ਕਿ ਕਿਸਾਨ ਰਸਤਾ ਕਿਸੇ ਵੀ ਹਾਲ ਵਿਚ ਖ਼ਾਲੀ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਪਹਿਲਾਂ ਹਰਿਆਣਾ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਉਹ ਰਸਤੇ ਅੱਗੇ ਕੱਢੀਆਂ ਕੰਧਾਂ ਨੂੰ ਹਟਾਵੇ ਤਾਂ ਕਿ ਕਿਸਾਨ ਦਿੱਲੀ ਵੱਲ ਕੂਚ ਕਰਕੇ ਉੱਥੇ ਜਾ ਕੇ ਪੱਕਾ ਮੋਰਚਾ ਲਾਉਣ। ਦੂਜੇ ਪਾਸੇ ਇਸ ਇਲਾਕੇ ਦੇ ਪਿੰਡਾਂ ਸੰਜਰਪੁਰ, ਬੱਲੋਪੁਰ, ਉਠਸਾਲ, ਗਧਾਪੁਰ, ਉਕਸੀ, ਖਲਾਸਪੁਰ, ਮਰਦਾਂਪੁਰ, ਸੰਧਾਰਸੀ, ਮਿਰਜ਼ਾਪੁਰ, ਕਾਮੀ ਖ਼ੁਰਦ, ਰਾਜਗੜ੍ਹ, ਤੇਪਲਾ, ਬਾਸਮਾ, ਘੱਗਰ ਸਰਾਏ, ਸ਼ੰਭੂ ਖ਼ੁਰਦ, ਡਾਰੀਆਂ, ਧਰਮਗੜ੍ਹ, ਛੜਬੜ, ਰਾਮਨਗਰ ਸੈਣੀਆਂ, ਜੰਡਮੰਘੌਲੀ, ਰਾਏਪੁਰ, ਸਮਸਪੁਰ, ਚਮਾਰੂ ਆਦਿ ਪਿੰਡਾਂ ਦੀਆਂ ਮੁਸ਼ਕਲਾਂ ਬਾਰੇ ਵੱਖ-ਵੱਖ ਲੋਕਾਂ ਨਾਲ ਗੱਲ ਕੀਤੀ ਗਈ। ਕਿਸਾਨਾਂ ਨਾਲ ਮੋਰਚੇ ਵਿਚ ਗੱਲ ਕਰਨ ਵਾਲਿਆਂ ਦੀ ਅਗਵਾਈ ਕਰਨ ਗਏ ਕਰਨੈਲ ਸਿੰਘ ਘੱਗਰ ਸਰਾਏ ਨੇ ਕਿਹਾ ਕਿ ਜੇ ਕਿਸਾਨਾਂ ਨੇ ਧਰਨਾ ਨਾ ਚੁੱਕਿਆ ਤਾਂ ਉਹ ਧਰਨਾ ਚੁਕਾਉਣ ਲਈ ਖ਼ੁਦ 25 ਪਿੰਡਾਂ ਦਾ ਇਕੱਠ ਕਰਨਗੇ ਤੇ ਧਰਨਾ ਚੁਕਵਾਉਣਗੇ। ਇਸੇ ਤਰ੍ਹਾਂ ਗੁਰਮੋਹਨ ਸਿੰਘ ਸੰਧਾਰਸੀ ਨੇ ਵੀ ਕਿਹਾ ਕਿ ਸਥਾਨਕ ਪਿੰਡਾਂ ਵਾਲੇ ਬਹੁਤ ਪ੍ਰੇਸ਼ਾਨ ਹਨ ਪਰ ਫਿਰ ਵੀ ਉਹ ਕਿਸਾਨਾਂ ਦੇ ਸੰਘਰਸ਼ ਨਾਲ ਹਨ। ਇਸ ਮਾਮਲੇ ਦਾ ਸਰਕਾਰਾਂ ਨੂੰ ਜਲਦੀ ਹੱਲ ਕਰਨਾ ਚਾਹੀਦਾ ਹੈ। ਉਥੇ ਹੀ ਬਿੱਲਾ ਕਬੂਲਪੁਰ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਵੱਡੀਆਂ ਹਨ ਤੇ ਕਿਸਾਨਾਂ ਦੇ ਹਿੱਤ ਵਿਚ ਇਲਾਕੇ ਦੇ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਹੈ।

ਸ਼ੰਭੂ ਮੋਰਚੇ ’ਤੇ ਫੋਰਸ ਲਗਾ ਰਹੇ ਹਾਂ: ਐੱਸਐੱਸਪੀ ਵਰੁਣ

ਐੱਸਐੱਸਪੀ ਵਰੁਣ ਸ਼ਰਮਾ ਨੇ ਕਿਹਾ ਹੈ ਕਿ ਸ਼ੰਭੂ ਬਾਰਡਰ ’ਤੇ ਚੱਲ ਰਿਹਾ ਤਣਾਅ ਉਨ੍ਹਾਂ ਦੇ ਧਿਆਨ ਵਿੱਚ ਹੈ। ਉੱਥੇ ਫੋਰਸ ਲਗਾਈ ਜਾ ਰਹੀ ਹੈ, ਉੱਥੇ ਅਜਿਹਾ ਕੁਝ ਵੀ ਨਹੀਂ ਹੋਣ ਦਿੱਤਾ ਜਾਵੇਗਾ।


Gurminder Singh

Content Editor

Related News