ਕਰਨਾਟਕ ਵਿਧਾਨ ਸਭਾ ਚੋਣਾਂ ਦੇ ਨਾਲ ਸ਼ਾਹਕੋਟ ਉਪ ਚੋਣਾਂ ਦੇ ਆਸਾਰ

Wednesday, Mar 21, 2018 - 07:48 AM (IST)

ਕਰਨਾਟਕ ਵਿਧਾਨ ਸਭਾ ਚੋਣਾਂ ਦੇ ਨਾਲ ਸ਼ਾਹਕੋਟ ਉਪ ਚੋਣਾਂ ਦੇ ਆਸਾਰ

ਜਲੰਧਰ (ਧਵਨ) - ਕੇਂਦਰੀ ਚੋਣ ਕਮਿਸ਼ਨ ਵਲੋਂ ਕਰਨਾਟਕ 'ਚ ਕਰਵਾਈਆਂ ਜਾਣ ਵਾਲੀਆਂ ਵਿਧਾਨ ਸਭਾ ਦੀਆਂ ਆਮ ਚੋਣਾਂ ਦੇ ਨਾਲ ਹੀ ਪੰਜਾਬ 'ਚ ਖਾਲੀ ਹੋਈ ਸ਼ਾਹਕੋਟ ਵਿਧਾਨ ਸਭਾ ਸੀਟ ਦੀ ਉਪ ਚੋਣ ਵੀ ਕਰਵਾਈ ਜਾ ਸਕਦੀ ਹੈ। ਸਿਆਸੀ ਹਲਕਿਆਂ 'ਚ ਮੰਨਿਆ ਜਾ ਰਿਹਾ ਹੈ ਕਿ ਆਮ ਤੌਰ 'ਤੇ ਚੋਣ ਕਮਿਸ਼ਨ ਵਲੋਂ ਕਿਸੇ ਵੀ ਸੂਬੇ 'ਚ ਖਾਲੀ ਹੋਣ ਵਾਲੀ ਸੀਟ ਦੀ ਉਪ-ਚੋਣ ਜਾਂ ਤਾਂ ਵੱਖ-ਵੱਖ ਸੂਬਿਆਂ 'ਚ ਹੋਣ ਵਾਲੀਆਂ ਹੋਰ ਉਪ ਚੋਣਾਂ ਨਾਲ ਕਰਵਾਈ ਜਾਂਦੀ ਹੈ ਜਾਂ ਫਿਰ ਸੂਬਾ ਵਿਧਾਨ ਸਭਾ ਚੋਣਾਂ ਨਾਲ। ਜਲੰਧਰ 'ਚ ਪੈਂਦੇ ਸ਼ਾਹਕੋਟ ਵਿਧਾਨ ਸਭਾ ਸੀਟ ਦੀ ਉਪ ਚੋਣ ਇਸ ਲਈ ਕਰਵਾਉਣੀ ਜ਼ਰੂਰੀ ਹੋ ਗਈ ਹੈ ਕਿਉਂਕਿ ਅਕਾਲੀ ਵਿਧਾਇਕ ਅਜੀਤ ਸਿੰਘ ਕੋਹਾੜ ਦੀ ਮੌਤ ਪਿਛਲੇ ਦਿਨੀਂ ਹੋ ਗਈ ਸੀ। ਹੁਣ ਤਕ ਕਾਂਗਰਸ ਅਤੇ ਅਕਾਲੀ ਦਲ ਜਾਂ ਕਿਸੇ ਹੋਰ ਪਾਰਟੀ ਨੇ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ ਪਰ ਸ਼ਾਹਕੋਟ 'ਚ ਸਿਆਸੀ ਸਰਗਰਮੀ ਗਰਮਾ ਚੁੱਕੀ ਹੈ ਕਿਉਂਕਿ ਹੁਣ ਕਰਨਾਟਕ ਵਿਧਾਨ ਸਭਾ ਦੀਆਂ ਆਮ ਚੋਣਾਂ ਵੀ ਨੇੜੇ ਆ ਗਈਆਂ ਹਨ। ਕਰਨਾਟਕ 'ਚ ਚੋਣ ਕਮਿਸ਼ਨ ਵਲੋਂ ਵਿਧਾਨ ਸਭਾ ਚੋਣਾਂ ਜਾਂ ਤਾਂ ਅਪ੍ਰੈਲ ਮਹੀਨੇ ਦੇ ਆਖਰੀ ਹਫਤੇ 'ਚ ਕਰਵਾ ਦਿੱਤੀਆਂ ਜਾਣਗੀਆਂ ਜਾਂ ਫਿਰ ਮਈ ਦੇ ਪਹਿਲੇ ਹਫਤੇ 'ਚ ਕਰਵਾਈਆਂ ਜਾ ਸਕਦੀਆਂ ਹਨ।
 


Related News