ਪਾਕਿ ਗੋਲੀਬਾਰੀ ''ਚ ਫੌਜੀ ਸ਼ਹੀਦ : ਹੁਸ਼ਿਆਰਪੁਰ ਜ਼ਿਲੇ ਦਾ ਨਿਵਾਸੀ ਸੀ ਸ਼ਹੀਦ ਨਾਇਕ ਬਖਤਾਵਰ ਸਿੰਘ

06/18/2017 10:16:14 AM

ਜੰਮੂ/ਨੌਸ਼ਹਿਰਾ  (ਬਲਰਾਮ)  - ਸਾਲ 2003 ''ਚ ਦੋਵਾਂ ਦੇਸ਼ਾਂ ਵਿਚ ਹੋਈ ਗੋਲੀਬੰਦੀ ਸੰਧੀ ਦੀ ਉਲੰਘਣਾ ਕਰਦੇ ਹੋਏ ਪਾਕਿਸਤਾਨੀ ਫੌਜ ਨੇ ਸ਼ੁੱਕਰਵਾਰ ਸਵੇਰੇ ਫਿਰ ਕੰਟਰੋਲ ਰੇਖਾ ''ਤੇ ਭਾਰਤ ਦੇ ਨੌਸ਼ਹਿਰਾ ਸੈਕਟਰ ''ਚ ਗੋਲੀਬਾਰੀ ਕੀਤੀ। ਭਾਰਤ ਵਲੋਂ ਵੀ ਪਾਕਿਸਤਾਨ ਨੂੰ ਮੂੰਹਤੋੜ ਜਵਾਬ ਦਿੱਤਾ ਗਿਆ।  ਇਸ ਗੋਲੀਬਾਰੀ ''ਚ ਭਾਰਤੀ ਫੌਜ ਦਾ ਨਾਇਕ ਬਖਤਾਵਰ ਸਿੰਘ ਗੰਭੀਰ ਰੂਪ ''ਚ ਜ਼ਖਮੀ ਹੋ ਗਿਆ ਅਤੇ ਫੌਜੀ ਹਸਪਤਾਲ ਲਿਜਾਂਦੇ ਸਮੇਂ ਰਸਤੇ ''ਚ ਹੀ ਉਸ ਨੇ ਦਮ ਤੋੜ ਦਿੱਤਾ।
ਰੱਖਿਆ ਮੰਤਰਾਲਾ ਦੇ ਬੁਲਾਰੇ ਲੈਫਟੀਨੈਂਟ ਕਰਨਲ ਮੁਨੀਸ਼ ਮਹਿਤਾ ਨੇ ਕਿਹਾ ਕਿ ਸ਼ਹੀਦ  ਨਾਇਕ ਬਖਤਾਵਰ ਸਿੰਘ ਪੰਜਾਬ ਦੇ ਹੁਸ਼ਿਆਰਪੁਰ ਜ਼ਿਲੇ ''ਚ ਮੁਕੇਰੀਆਂ ਤਹਿਸੀਲ ਦੇ ਪਿੰਡ ਹਾਜੀਪੁਰ ਦਾ ਰਹਿਣ ਵਾਲਾ ਸੀ। ਸ਼ਨੀਵਾਰ ਨੂੰ ਰਾਜੌਰੀ ''ਚ ਸ਼ਹੀਦ ਨਾਇਕ ਬਖਤਾਵਰ ਸਿੰਘ ਨੂੰ ਫੌਜ ਵਲੋਂ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ ਅਤੇ ਇਸ ਦੇ ਮਗਰੋਂ ਅੰਤਿਮ ਸੰਸਕਾਰ ਲਈ ਉਸਦੀ ਮ੍ਰਿਤਕ ਦੇਹ ਪੰਜਾਬ ''ਚ ਉਸ ਦੇ ਪਿੰਡ ਹਾਜੀਪੁਰ ਭੇਜ ਦਿੱਤੀ ਜਾਵੇਗੀ।  ਰੱਖਿਆ ਬੁਲਾਰੇ ਅਨੁਸਾਰ ਨਾਇਕ ਬਖਤਾਵਰ ਸਿੰਘ ਇਕ ਬਹਾਦਰ ਤੇ ਅਨੁਸ਼ਾਸਨ ਪਸੰਦ ਫੌਜੀ ਜਵਾਨ ਸੀ ਅਤੇ ਆਪਣੀ ਡਿਊਟੀ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਸੀ। ਦੇਸ਼ ਲਈ ਆਪਣੇ ਪ੍ਰਾਣਾਂ ਦੀ ਆਹੂਤੀ ਦੇਣ ਵਾਲੇ ਇਸ ਫੌਜੀ ਜਵਾਨ ਦੀ ਸਰਬਉੱਚ ਕੁਰਬਾਨੀ ਲਈ ਰਾਸ਼ਟਰ ਉਸ ਦਾ ਰਿਣੀ ਰਹੇਗਾ।


Related News