ਐੱਸ. ਜੀ. ਪੀ. ਸੀ. ਦਾ ਜਨਰਲ ਇਜਲਾਸ, ਹੋਂਦ ਦੀ ਲੜਾਈ ’ਚ ਕਿਸ ਦਾ ਪੱਲੜਾ ਰਹੇਗਾ ਭਾਰੀ
Tuesday, Nov 08, 2022 - 06:22 PM (IST)
ਅੰਮ੍ਰਿਤਸਰ (ਸਰਬਜੀਤ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਇਜਲਾਸ 9 ਨਵੰਬਰ ਨੂੰ ਹੋ ਰਿਹਾ ਹੈ, ਜਿਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਆਮ ਇਜਲਾਸ ਦੁਪਹਿਰ ਇਕ ਵਜੇ ਤੇਜਾ ਸਿੰਘ ਸਮੁੰਦਰੀ ਹਾਲ ’ਚ ਹੋਵੇਗਾ, ਜਿਸ ਵਿਚ ਕਮੇਟੀ ਦੇ ਮੈਂਬਰ, ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਦੀ ਚੋਣ ਕੀਤੀ ਜਾਵੇਗੀ। ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਸਾਲ ਵਿਚ 2 ਵਾਰ ਇਕੱਤਰਤਾ ਹੁੰਦੀ ਹੈ। ਮਾਰਚ ਮਹੀਨੇ ਵਿਚ ਬਜਟ ਤੇ ਨਵੰਬਰ ਵਿਚ ਜਨਰਲ ਇਜਲਾਸ ਦੇ ਮੌਕੇ ’ਤੇ ਮੈਂਬਰ ਇਕੱਠੇ ਹੋ ਕੇ ਕੌਮੀ ਮਸਲਿਆਂ ’ਤੇ ਵੀ ਆਪਣੀ ਰਾਏ ਦਿੰਦੇ ਹਨ। ਇਸ ਵਾਰ ਦੇ ਇਜਲਾਸ ’ਤੇ ਪੂਰੀ ਦੁਨੀਆ ਦਾ ਧਿਆਨ ਲੱਗਾ ਹੋਇਆ ਹੈ। ਇਕ ਪਾਸੇ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤਾਂ ਦੂਜੇ ਪਾਸੇ ਅਕਾਲੀ ਦਲ ’ਚੋਂ ਬਰਖਾਸਤ ਕੀਤੀ ਗਈ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵਿਚਾਲੇ ਮੁਕਾਬਲਾ ਹੋਣ ਜਾ ਰਿਹਾ ਹੈ। ਸੁਖਬੀਰ ਬਾਦਲ ਜਦੋਂ ਤੋਂ ਅਕਾਲੀ ਦਲ ਦੇ ਪ੍ਰਧਾਨ ਬਣੇ ਹਨ, ਉਨ੍ਹਾਂ ਦੀ ਪ੍ਰਧਾਨਗੀ ’ਚ ਹੀ ਇਹ ਚੋਣਾਂ ਹੁੰਦੀਆਂ ਆਈਆਂ ਹਨ ਅਤੇ ਇਸ ਵਾਰ ਇਸ ਚੋਣ ਵਿਚ ਅਕਾਲੀ ਦਲ ਨੂੰ ਉਨ੍ਹਾਂ ਦੀ ਪਾਰਟੀ ਦੀ ਹੀ ਸਾਬਕਾ ਅਕਾਲੀ ਨੇਤਾ ਬੀਬੀ ਜਗੀਰ ਕੌਰ ਟੱਕਰ ਦੇ ਰਹੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਸਰਕਾਰ ਨੇ ਬਲੈਕਲਿਸਟ ਕੀਤੇ ਇਹ ਵਾਹਨ, ਹੋਵੇਗੀ ਸਖ਼ਤ ਕਾਰਵਾਈ
ਹੋਂਦ ਦੀ ਇਸ ਲੜਾਈ ’ਚ ਜਿੱਤ ਕਿਸ ਦੀ ਹੁੰਦੀ ਹੈ, ਇਹ ਤਾਂ 9 ਨਵੰਬਰ ਨੂੰ ਹੀ ਪਤਾ ਲੱਗੇਗਾ ਪਰ ਫਿਲਹਾਲ ਅਕਾਲੀ ਦਲ ’ਚ ਬਗਾਵਤ ਦੇ ਉੱਠ ਰਹੇ ਸੁਰਾਂ ਅਤੇ ਬੀਬੀ ਜਗੀਰ ਕੌਰ ਨੂੰ ਬਾਹਰੀ ਸਮਰਥਨ ਕਾਰਨ ਲੜਾਈ ਕਾਫੀ ਦਿਲਚਸਪ ਬਣੀ ਹੋਈ ਹੈ। ਸ਼੍ਰੋਮਣੀ ਕਮੇਟੀ ਦੇ 191 ਮੈਂਬਰਾਂ ਵਿਚੋਂ 5 ਤਖ਼ਤਾਂ ਦੇ ਜਥੇਦਾਰ ਤੇ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਹਾਊਸ ਦੇ ਮੈਂਬਰ ਤਾਂ ਹੁੰਦੇ ਹਨ ਪਰ ਉਹ ਵੋਟ ਦੇ ਹੱਕ ਦੀ ਵਰਤੋਂ ਨਹੀਂ ਕਰਦੇ। 170 ਮੈਂਬਰ ਪੰਜਾਬ, ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ ਤੋਂ ਚੁਣ ਕੇ ਆਉਂਦੇ ਹਨ ਅਤੇ 15 ਮੈਂਬਰ ਪੂਰੇ ਭਾਰਤ ’ਚੋਂ ਨਾਮਜ਼ਦ ਕੀਤੇ ਜਾਂਦੇ ਹਨ।
ਇਹ ਵੀ ਪੜ੍ਹੋ : ਅਕਾਲੀ ਦਲ ’ਚੋਂ ਕੱਢੇ ਜਾਣ ਤੋਂ ਬਾਅਦ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ
ਇਸ ਵਾਰ ਦੇ ਜਨਰਲ ਹਾਊਸ ਵਿਚ 26 ਮੈਂਬਰਾਂ ਦੀ ਮੌਤ ਹੋ ਚੁੱਕੀ ਹੈ ਤੇ 2 ਮੈਂਬਰ ਅਸਤੀਫ਼ਾ ਦੇ ਗਏ ਹਨ। ਇਸ ਤਰ੍ਹਾਂ 157 ਮੈਂਬਰ ਆਪਣੀ ਵੋਟ ਦੀ ਵਰਤੋਂ ਕਰ ਕੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਤੇ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਦੀ ਚੋਣ ਕਰਨਗੇ। ਹਰ ਸਾਲ ਇਹ ਇਜਲਾਸ ਲਗਭਗ 3 ਵਜੇ ਖਤਮ ਹੋ ਜਾਂਦਾ ਹੈ ਪਰ ਇਸ ਵਾਰ ਫਸਵੀਂ ਟੱਕਰ ਹੋਣ ਕਾਰਨ ਇਹ ਇਜਲਾਸ ਲੰਮਾ ਸਮਾਂ ਚੱਲਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : SGPC ਪ੍ਰਧਾਨ ਦੀ ਚੋਣ : ਅਕਾਲੀ ਦਲ ਵਲੋਂ ਸਿਆਸੀ ਜੰਗ ਸਿਖਰ ’ਤੇ, ਸੁਖਬੀਰ ਦੇ ਵਿਰੋਧੀਆਂ ਨੇ ਬਣਾਈ ਇਹ ਰਣਨੀਤੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।