ਸਾਕਾ ਸ੍ਰੀ ਪੰਜਾ ਸਾਹਿਬ ਦੀ ਪਹਿਲੀ ਸ਼ਤਾਬਦੀ ਮਨਾਏਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ : ਐਡਵੋਕੇਟ ਧਾਮੀ

Friday, Mar 25, 2022 - 05:41 PM (IST)

ਸਾਕਾ ਸ੍ਰੀ ਪੰਜਾ ਸਾਹਿਬ ਦੀ ਪਹਿਲੀ ਸ਼ਤਾਬਦੀ ਮਨਾਏਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ : ਐਡਵੋਕੇਟ ਧਾਮੀ

ਅੰਮ੍ਰਿਤਸਰ (ਬਿਊਰੋ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਨੇ ਸਾਕਾ ਸ੍ਰੀ ਪੰਜਾ ਸਾਹਿਬ ਦੀ 100 ਸਾਲਾ ਸ਼ਤਾਬਦੀ ਮਨਾਉਣ ਦਾ ਫ਼ੈਸਲਾ ਕੀਤਾ ਹੈ। ਇਹ ਸ਼ਹੀਦੀ ਸਾਕਾ 30 ਅਕਤੂਬਰ 1922 ਨੂੰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਪਾਕਿਸਤਾਨ ਵਿਖੇ ਵਾਪਰਿਆ ਸੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਇਥੇ ਹੋਈ ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਦੌਰਾਨ ਸਾਕਾ ਸ੍ਰੀ ਪੰਜਾ ਸਾਹਿਬ ਦੀ ਇਸ ਪਹਿਲੀ ਸ਼ਤਾਬਦੀ ਮੌਕੇ ਭਾਰਤ ਅਤੇ ਪਾਕਿਸਤਾਨ ਵਿਖੇ ਵੱਖ-ਵੱਖ ਗੁਰਮਤਿ ਸਮਾਗਮ ਕਰਵਾਉਣ, ਧਾਰਮਿਕ ਸਾਹਿਤ ਛਪਵਾਉਣ ਆਦਿ ਸਬੰਧੀ ਵੱਖ-ਵੱਖ ਕਮੇਟੀਆਂ ਗਠਿਤ ਕਰਨ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਪਾਕਿਸਤਾਨ ਵਿਖੇ ਵਾਪਰੇ ਸ਼ਹੀਦੀ ਸਾਕੇ ਦਾ 100 ਸਾਲਾ ਦਿਹਾੜਾ ਪੰਥਕ ਰਵਾਇਤਾਂ ਅਨੁਸਾਰ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸ਼ਤਾਬਦੀ ਨੂੰ ਸਮਰਪਿਤ ਕੀਤੇ ਜਾਣ ਵਾਲੇ ਸਮਾਗਮਾਂ ਦੀ ਰੂਪ-ਰੇਖਾ ਅਤੇ ਵਿਉਂਤਬੰਦੀ ਲਈ ਸਬ-ਕਮੇਟੀਆਂ ਗਠਿਤ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਯਤਨ ਕੀਤਾ ਜਾਵੇਗਾ ਕਿ ਇਸ ਮੌਕੇ ਗੁਰਮਤਿ ਸਮਾਗਮਾਂ ਦੇ ਨਾਲ-ਨਾਲ ਸ਼ਹੀਦੀ ਸਾਕੇ ਦੇ ਵੱਖ-ਵੱਖ ਪਹਿਲੂਆਂ ਅਤੇ ਸਾਹਿਤ ਤੇ ਡਿਜੀਟਲ ਵਿਧੀ ਰਾਹੀਂ ਵੀ ਪ੍ਰਚਾਰ ਕੀਤਾ ਜਾਵੇ।

ਇਹ ਵੀ ਪੜ੍ਹੋ : ‘ਆਪ’ ਦੀ ‘ਸੁਨਾਮੀ’ ਕਾਰਨ ਰਵਾਇਤੀ ਪਾਰਟੀਆਂ ਵਿਚਲਾ ਯੂਥ ਭੰਬਲਭੂਸੇ ’ਚ, ਕਿਵੇਂ ਤੇ ਕਿੱਥੋਂ ਕਰਨ ਨਵੀਂ ਸ਼ੁਰੂਆਤ

ਧਰਮ ਪ੍ਰਚਾਰ ਕਮੇਟੀ ਵੱਲੋਂ ਅਮਰੀਕਾ ਦੀ ਇਕ ਸੰਸਥਾ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵਾਧੂ ਲਗਾਂ-ਮਾਤਰਾਵਾਂ ਅਤੇ ਬਿੰਦੀਆਂ ਲਗਾ ਕੇ ਛਾਪਣ ਦੀ ਵੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਗਈ ਹੈ। ਐਡਵੋਕੇਟ ਧਾਮੀ ਅਨੁਸਾਰ ਧਰਮ ਪ੍ਰਚਾਰ ਕਮੇਟੀ ਨੇ ਗੁਰਬਾਣੀ ਨਾਲ ਛੇੜਛਾੜ ਕਰਨ ਦੇ ਮਾਮਲੇ ਨੂੰ ਸੰਜੀਦਗੀ ਨਾਲ ਲਿਆ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ’ਚ ਜਲਦ ਇਕੱਤਰਤਾ ਬੁਲਾ ਕੇ ਆਦੇਸ਼ ਜਾਰੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਗੁਰਬਾਣੀ ਨੂੰ ਕੋਈ ਵੀ ਤਬਦੀਲ ਨਹੀਂ ਕਰ ਸਕਦਾ ਅਤੇ ਅਮਰੀਕਾ ਵਾਸੀ ਥਮਿੰਦਰ ਸਿੰਘ ਨੇ ਅਜਿਹਾ ਕਰਕੇ ਵੱਡਾ ਗੁਨਾਹ ਕੀਤਾ ਹੈ। ਧਰਮ ਪ੍ਰਚਾਰ ਕਮੇਟੀ ਵੱਲੋਂ ਲਏ ਗਏ ਹੋਰ ਫ਼ੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਮੱਧ ਪ੍ਰਦੇਸ਼ ਵਿਖੇ ਵਸਦੇ ਸਿਕਲੀਗਰ ਅਤੇ ਵਣਜਾਰੇ ਸਿੱਖਾਂ ਨੂੰ ਹਰ ਸਾਲ ਦੀ ਤਰ੍ਹਾਂ ਪੰਜਾਬ ਅੰਦਰ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਵਾਉਣ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਤੋਂ ਇਲਾਵਾ ਰਾਜਸਥਾਨ ਦੇ ਅਲਵਰ ਤੋਂ ਪੁੱਜੀ ਮੰਗ ਅਨੁਸਾਰ 30 ਸਿਕਲੀਗਰ ਸਿੱਖ ਨੌਜਵਾਨਾਂ ਨੂੰ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਸ਼੍ਰੋਮਣੀ ਕਮੇਟੀ ਦੇ ਖਰਚੇ ’ਤੇ ਲਿਆ ਕੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਧਰਮ ਪ੍ਰਚਾਰ ਕਮੇਟੀ ਵੱਲੋਂ ਦਮਦਮਾ ਸਾਹਿਬ ਵਿਖੇ ਸਥਿਤ ਮਾਤਾ ਸਾਹਿਬ ਕੌਰ ਜੀ ਗਰਲਜ਼ ਕਾਲਜ ਵਿਖੇ ਅੰਮ੍ਰਿਤਧਾਰੀ ਬੱਚੀਆਂ ਨੂੰ ਮੁਫ਼ਤ ਸਿੱਖਿਆ ਦੇ ਪ੍ਰੋਗਰਾਮ ਤਹਿਤ ਹੁਣ 200 ਦੀ ਥਾਂ 250 ਬੱਚੀਆਂ ਨੂੰ ਮੁਫ਼ਤ ਵਿੱਦਿਆ ਦਿੱਤੀ ਜਾਵੇਗੀ। ਇਸੇ ਦੌਰਾਨ ਧਰਮ ਪ੍ਰਚਾਰ ਨੂੰ ਹੋਰ ਪ੍ਰਚੰਡ ਕਰਨ ਦੇ ਨਾਲ-ਨਾਲ ਪੰਥਕ ਮਾਮਲਿਆਂ ’ਤੇ ਵੀ ਵਿਚਾਰਾਂ ਕੀਤੀਆਂ ਗਈਆਂ। ਇਕੱਤਰਤਾ ’ਚ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਸੁਖਵਰਸ਼ ਸਿੰਘ ਪੰਨੂ, ਅਵਤਾਰ ਸਿੰਘ ਵਣਵਾਲਾ, ਤੇਜਿੰਦਰਪਾਲ ਸਿੰਘ, ਪ੍ਰਿਤਪਾਲ ਸਿੰਘ ਆਦਿ ਮੌਜੂਦ ਸਨ।

ਇਹ ਵੀ ਪੜ੍ਹੋ : PM ਮੋਦੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਚਰਖਾ ਤੇ ਸੰਦੂਕ ਨਹੀਂ ਕੀਤਾ ਗਿਫ਼ਟ (ਵੀਡੀਓ)

ਕਾਰਸੇਵਾ ਵਾਲੇ ਮਹਾਪੁਰਸ਼ਾਂ ਨਾਲ ਗੁਰੂਘਰਾਂ ਵਿਚ ਚੱਲਦੀਆਂ ਸੇਵਾਵਾਂ ਸਬੰਧੀ ਵਿਚਾਰਾਂ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸੇ ਦੌਰਾਨ ਅੱਜ ਕਾਰਸੇਵਾ ਵਾਲੇ ਮਹਾਪੁਰਸ਼ਾਂ ਨਾਲ ਵਿਸ਼ੇਸ਼ ਇਕੱਤਰਤਾ ਕਰਕੇ ਇਤਿਹਾਸਕ ਗੁਰਦੁਆਰਾ ਸਾਹਿਬਾਨ ’ਚ ਚੱਲਦੀਆਂ ਕਾਰਸੇਵਾਵਾਂ ਸਬੰਧੀ ਵਿਚਾਰਾਂ ਕੀਤੀਆਂ ਅਤੇ ਕੀਤੇ ਜਾ ਰਹੇ ਕਾਰਜਾਂ ਨੂੰ ਜਲਦ ਮੁਕੰਮਲ ਕਰਨ ਦੀ ਬੇਨਤੀ ਕੀਤੀ। ਇਕੱਤਰਤਾ ਦੌਰਾਨ ਵੱਖ-ਵੱਖ ਮਹਾਪੁਰਸ਼ਾਂ ਨੇ ਚੱਲ ਰਹੀਆਂ ਕਾਰਸੇਵਾਵਾਂ ਦੀ ਜਾਣਕਾਰੀ ਸਾਂਝੀ ਕੀਤੀ ਅਤੇ ਕੀਤੇ ਜਾ ਚੁੱਕੇ ਕਾਰਜਾਂ ਬਾਰੇ ਵੀ ਦੱਸਿਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਸੰਗਤਾਂ ਦੀ ਸਹੂਲਤ ਲਈ ਕੀਤੇ ਜਾ ਰਹੇ ਜ਼ਰੂਰੀ ਕਾਰਜ ਪਹਿਲ ਦੇ ਆਧਾਰ ’ਤੇ ਮੁਕੰਮਲ ਕੀਤੇ ਜਾਣ, ਤਾਂ ਜੋ ਸੰਗਤ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਾ ਆਵੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਗੁਰਦੁਆਰਾ ਸਾਹਿਬਾਨ ਦੇ ਮੈਨੇਜਰਾਂ ਨੂੰ ਵੀ ਕਿਹਾ ਕਿ ਉਹ ਵੱਧ ਤੋਂ ਵੱਧ ਕਾਰਸੇਵਾਵਾਂ ਵਿਚ ਸਹਿਯੋਗ ਕਰਨ ਅਤੇ ਕੀਤੇ ਜਾ ਰਹੇ ਕਾਰਜਾਂ ਦੀ ਰਿਪੋਰਟ ਸਮੇਂ-ਸਮੇਂ ਦਫ਼ਤਰ ਨੂੰ ਭੇਜਦੇ ਰਹਿਣ। ਇਸ ਇਕੱਤਰਤਾ ਦੌਰਾਨ ਅਲਵਿੰਦਰਪਾਲ ਸਿੰਘ ਪੱਖੋਕੇ, ਬਲਵਿੰਦਰ ਸਿੰਘ ਵੇਈਂਪੂਈਂ, ਭਾਈ ਰਾਜਿੰਦਰ ਸਿੰਘ ਮਹਿਤਾ, ਭਾਈ ਮਨਜੀਤ ਸਿੰਘ ਭੂਰਾਕੋਹਨਾ ਆਦਿ ਸਮੇਤ ਵੱਡੀ ਗਿਣਤੀ ’ਚ ਕਾਰਸੇਵਾ ਵਾਲੇ ਮਹਾਪੁਰਸ਼ ਹਾਜ਼ਰ ਸਨ।
 


author

Manoj

Content Editor

Related News