ਪੰਜਾਬ 'ਚ SGPC ਦੀਆਂ ਜਨਰਲ ਚੋਣਾਂ ਲਈ ਤਿਆਰ ਹੋਣ ਲੱਗਾ ਆਧਾਰ, ਗ੍ਰਹਿ ਮੰਤਰਾਲਾ ਤੱਕ ਪੁੱਜੀ ਆਹਟ
Saturday, Nov 12, 2022 - 09:31 AM (IST)
ਜਲੰਧਰ (ਨਰਿੰਦਰ ਮੋਹਨ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਦੇ ਪ੍ਰਧਾਨ ਅਹੁਦੇ ਦੀ ਚੋਣ ’ਚ 146 ਵੋਟਾਂ ’ਚੋਂ 42 ਵੋਟਾਂ ਅਕਾਲੀ ਦਲ ਦੇ ਵਿਰੋਧ ’ਚ ਜਾਣ ਤੋਂ ਬਾਅਦ ਹੁਣ ਐੱਸ. ਜੀ. ਪੀ. ਸੀ. ਦੀਆਂ ਜਨਰਲ ਚੋਣਾਂ ਲਈ ਆਧਾਰ ਤਿਆਰ ਹੋਣ ਲੱਗਾ ਹੈ। ਸਿਆਸੀ ਤੌਰ ’ਤੇ ਇਨ੍ਹਾਂ ਚੋਣਾਂ ਲਈ ਦਿੱਲੀ ’ਚ ਨੇਤਾ ਸਰਗਰਮ ਹੋ ਚੁੱਕੇ ਹਨ, ਜਦੋਂ ਕਿ ਚੰਡੀਗੜ੍ਹ ’ਚ ਸਥਿਤ ਗੁਰਦੁਆਰਾ ਚੋਣ ਕਮਿਸ਼ਨ ਦੇ ਦਫ਼ਤਰ ’ਚ ਅਜੇ ਸ਼ਾਂਤੀ ਹੈ। ਉੱਥੋਂ ਦੇ ਸੂਤਰਾਂ ਦਾ ਕਹਿਣਾ ਹੈ ਕਿ ਅਜੇ ਕੇਂਦਰੀ ਗ੍ਰਹਿ ਵਿਭਾਗ ਵੱਲੋਂ ਕੋਈ ਚਿੱਠੀ ਨਹੀਂ ਆਈ। ਐੱਸ. ਜੀ. ਪੀ. ਸੀ. ਦੀਆਂ ਚੋਣਾਂ ’ਚ ਅਰਸੇ ਬਾਅਦ ਇਕੋ ਪਾਰਟੀ, ਅਕਾਲੀ ਦਲ ’ਚ ਮੁਕਾਬਲਾ ਹੋਇਆ ਹੈ, ਮਤਲਬ ਅਕਾਲੀ ਦਲ ਨੂੰ ਚੁਣੌਤੀ ਮਿਲ ਚੁੱਕੀ ਹੈ। ਅਕਾਲੀ ਦਲ ਦੇ 42 ਮੈਂਬਰ ਉਸ 'ਚੋਂ ਬਾਹਰ ਹੋ ਗਏ ਹਨ। ਇਨ੍ਹਾਂ ਚੋਣਾਂ ’ਚ ਅਕਾਲੀ ਦਲ ਦੇ ਵੱਡੇ ਨੇਤਾ ਬਿਕਰਮ ਸਿੰਘ ਮਜੀਠੀਆ ਸਬੰਧੀ ਵੀ ਖੂਬ ਚਰਚਾਵਾਂ ਚੱਲ ਰਹੀਆਂ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, ਇਸ ਤਾਰੀਖ਼ ਨੂੰ ਸੋਚ ਸਮਝ ਕੇ ਘਰੋਂ ਨਿਕਲਣ ਲੋਕ
ਐੱਸ. ਜੀ. ਪੀ. ਸੀ. ਦੇ ਪ੍ਰਧਾਨ ਅਹੁਦੇ ਦੀਆਂ ਚੋਣਾਂ ਖ਼ਤਮ ਹੁੰਦਿਆਂ ਹੀ ਹੁਣ ਐੱਸ. ਜੀ. ਪੀ. ਸੀ. ਦੀਆਂ ਜਨਰਲ ਚੋਣਾਂ ਦੀ ਆਹਟ ਦਿੱਲੀ ਦੇ ਗ੍ਰਹਿ ਮੰਤਰਾਲਾ ’ਚ ਉੱਠਣ ਲੱਗੀ ਹੈ। ਸੂਤਰਾਂ ਮੁਤਾਬਕ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਤੋਂ ਬਾਅਦ ਭਾਜਪਾ ਦੇ ਸਿੱਖ ਨੇਤਾਵਾਂ, ਖ਼ਾਸ ਤੌਰ ’ਤੇ ਅਕਾਲੀ ਦਲ ਦੇ ਪੁਰਾਣੇ ਸਾਥੀ ਰਹੇ ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਦੀ ਨਜ਼ਰ ਐੱਸ. ਜੀ. ਪੀ. ਸੀ. ਦੀਆਂ ਚੋਣਾਂ ਦੀ ਤਿਆਰੀ ’ਤੇ ਹੀ ਰਹੇਗੀ। ਹਾਲਾਂਕਿ ਉਹ ਇਹ ਚੋਣ ਨਹੀਂ ਲੜਨਗੇ ਪਰ ਗੈਰ-ਅਕਾਲੀ ਸਿੱਖ ਨੇਤਾ ਇਨ੍ਹਾਂ ਚੋਣਾਂ ’ਚ ਦਿਲਚਸਪੀ ਵਿਖਾਉਣਗੇ। ਪਿਛਲੇ ਕੁੱਝ ਮਹੀਨਿਆਂ ਤੋਂ ਗੁਰਦੁਆਰਾ ਚੋਣ ਕਮਿਸ਼ਨ ਦੇ ਚੰਡੀਗੜ੍ਹ ਦਫ਼ਤਰ ਦੀ ਗ੍ਰਹਿ ਮੰਤਰਾਲਾ ਨਾਲ ਸਿਰਫ ਇੰਨੀ ਗੱਲ ਹੋਈ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਕੋਈ ਮਾਮਲਾ ਹੁਣ ਕਿਸੇ ਅਦਾਲਤ ’ਚ ਨਹੀਂ ਹੈ। ਨਵੇਂ ਵੋਟਰ ਬਣਾਉਣ ਜਾਂ ਵੋਟਰ ਸੂਚੀਆਂ ਦੀ ਤਿਆਰੀ ਵਰਗਾ ਕੋਈ ਹੁਕਮ ਕੇਂਦਰੀ ਗ੍ਰਹਿ ਮੰਤਰਾਲਾ ਵੱਲੋਂ ਨਹੀਂ ਆਇਆ।
ਚੰਡੀਗੜ੍ਹ ਦੇ ਸੈਕਟਰ-17 ’ਚ ਗੁਰਦੁਆਰਾ ਚੋਣ ਕਮਿਸ਼ਨ ਦੇ ਦਫ਼ਤਰ ’ਚ 10 ਤੋਂ ਵੱਧ ਮੁਲਾਜ਼ਮ ਕੰਮ ਕਰ ਰਹੇ ਹਨ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ ਐੱਸ. ਐੱਸ. ਸਰੋਨ ਗੁਰਦੁਆਰਾ ਚੋਣ ਕਮਿਸ਼ਨ ਦੇ ਮੁੱਖ ਅਧਿਕਾਰੀ ਹਨ। ਐੱਸ. ਜੀ. ਪੀ. ਸੀ. ਦੇ ਕੁੱਲ 190 ਮੈਂਬਰਾਂ ਦੀ ਚੋਣ ਹੋਣੀ ਹੈ। ਇਕੱਲੇ ਪੰਜਾਬ ਤੋਂ 157 ਮੈਂਬਰ ਚੁਣੇ ਜਾਣੇ ਹਨ, ਬਾਕੀ ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ ਤੋਂ ਹਨ। ਪੰਜਾਬ ’ਚ ਕਾਂਗਰਸ ਸਮੇਤ ਹੋਰ ਪਾਰਟੀਆਂ ਕੇਂਦਰੀ ਗ੍ਰਹਿ ਵਿਭਾਗ ਨੂੰ ਐੱਸ. ਜੀ. ਪੀ. ਸੀ. ਚੋਣਾਂ ਕਰਵਾਉਣ ਦੀ ਲਗਾਤਾਰ ਮੰਗ ਕਰਦੀਆਂ ਆ ਰਹੀਆਂ ਹਨ। ਕਾਂਗਰਸ ਤੇ ਆਮ ਆਦਮੀ ਪਾਰਟੀ ਵੀ ਐੱਸ. ਜੀ. ਪੀ. ਸੀ. ਚੋਣਾਂ ਨੂੰ ਲੈ ਕੇ ਸਰਗਰਮ ਹਨ।
ਉਂਝ ਵੀ ਪਿਛਲੀ ਬਾਦਲ ਸਰਕਾਰ ਦੌਰਾਨ ਵਾਪਰੇ ਬਹਿਬਲ ਕਲਾਂ ਗੋਲੀਕਾਂਡ, ਬੇਅਦਬੀ ਮਾਮਲੇ ਅਤੇ ਉਸ ਤੋਂ ਪਹਿਲਾਂ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦੇਣ ਦੇ ਮਾਮਲੇ ਤੋਂ ਬਾਅਦ ਅਕਾਲੀ ਦਲ ਦਾ ਵੋਟ ਕੱਟ ਕੇ ਜ਼ਿਆਦਾਤਰ ‘ਆਪ’ ਦੇ ਨਾਲ ਅਤੇ ਕੁੱਝ-ਕੁੱਝ ਕਾਂਗਰਸ ਦੇ ਨਾਲ ਜੁੜਿਆ ਹੈ। ਹਾਲਾਂਕਿ ਕਾਂਗਰਸ ਨੇ ਐੱਸ. ਜੀ. ਪੀ. ਸੀ. ਚੋਣਾਂ ’ਚ ਸਿੱਧੇ ਤੌਰ ’ਤੇ ਦਾਖ਼ਲ ਹੋਣ ਤੋਂ ਇਨਕਾਰ ਕੀਤਾ ਹੈ ਪਰ ਅਸਿੱਧੇ ਤੌਰ ’ਤੇ ਕਾਂਗਰਸ ਵੀ ਇਨ੍ਹਾਂ ਚੋਣਾਂ ਲਈ ਤਿਆਰੀ ’ਚ ਹੈ। ਅਕਾਲੀ ਦਲ ਲਈ ਚੁਣੌਤੀ ਬਣੀ ਬੀਬੀ ਜਗੀਰ ਕੌਰ ਬੇਸ਼ੱਕ ਐੱਸ. ਜੀ. ਪੀ. ਸੀ. ਪ੍ਰਧਾਨ ਦੇ ਅਹੁਦੇ ਦੀ ਚੋਣ ਹਾਰ ਗਈ ਹੈ ਪਰ ਉਨ੍ਹਾਂ ਆਪਣੀ ਸਰਗਰਮੀ ਤੇਜ਼ ਕਰ ਦਿੱਤੀ ਹੈ। ਗੱਲਬਾਤ ’ਚ ਬੀਬੀ ਨੇ ਕਿਹਾ ਕਿ ਉਹ ਪਹਿਲਾਂ ਵੀ ਐੱਸ. ਜੀ. ਪੀ. ਸੀ. ਦੀਆਂ ਜਨਰਲ ਚੋਣਾਂ ਦੀ ਮੰਗ ਕਰ ਚੁੱਕੀ ਹੈ ਅਤੇ ਹੁਣ ਮੁੜ ਜਲਦੀ ਜਨਰਲ ਚੋਣਾਂ ਕਰਵਾਉਣ ਦੀ ਮੰਗ ਕਰਦੀ ਹੈ ਕਿਉਂਕਿ ਕਮੇਟੀ ਦੀਆਂ ਚੋਣਾਂ ਦਾ ਸਮਾਂ ਨਿਕਲ ਚੁੱਕਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ