SGPC ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਯੂ-ਟਿਊਬ ਚੈਨਲ ਰਾਹੀਂ ਹਫ਼ਤੇ ’ਚ ਕਰੇਗੀ ਲਾਂਚ: ਧਾਮੀ
Saturday, Apr 09, 2022 - 04:25 PM (IST)
ਮਾਛੀਵਾੜਾ ਸਾਹਿਬ (ਟੱਕਰ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਧਾਮੀ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਦੇ ਹੁਕਮ ਨੂੰ ਮੰਨਦੇ ਹੋਏ ਕਮੇਟੀ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਲਈ ਪਹਿਲਾਂ ਯੂ-ਟਿਊਬ ਚੈਨਲ ਇੱਕ ਹਫ਼ਤੇ ਅੰਦਰ ਲਾਂਚ ਕਰ ਦੇਵੇਗੀ। ਫਿਰ ਸੂਚਨਾ ਪ੍ਰਸਾਰਣ ਵਿਭਾਗ ਤੋਂ ਪ੍ਰਵਾਨਗੀ ਉਪਰੰਤ ਜਲਦ ਸੈਟਲਾਈਟ ਚੈਨਲ ਵੀ ਸ਼ੁਰੂ ਕਰ ਦਿੱਤਾ ਜਾਵੇਗਾ, ਜਿਸ ਨਾਲ ਘਰਾਂ ਵਿਚ ਬੈਠੀ ਸੰਗਤ ਵੀ ਟੀ.ਵੀ. ਰਾਹੀਂ ਸੱਚਖੰਡ ਹਰਮਿੰਦਰ ਸਾਹਿਬ ਦੇ ਦਰਸ਼ਨ ਕਰੇਗੀ।
ਐਡਵੋਕੇਟ ਧਾਮੀ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵਿਮੈਨ, ਝਾੜ ਸਾਹਿਬ ਵਿਖੇ ਕਨਵੋਕੇਸ਼ਨ ਵਿਚ ਮੁੱਖ ਮਹਿਮਾਨ ਵਜੋਂ ਪੁੱਜੇ ਸਨ, ਨੇ ਪੱਤਰਕਾਰਾਂ ਵਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਜੋ ਸਿੱਖ ਪਰਿਵਾਰ ਧਰਮ ਪਰਿਵਰਤਨ ਕਰ ਰਹੇ ਹਨ ਉਹ ਸਿੱਖ ਨਹੀਂ, ਕਿਉਂਕਿ ਉਹ ਦੂਜੇ ਧਰਮਾਂ ਵਲੋਂ ਉਨ੍ਹਾਂ ਨੂੰ ਦਿੱਤਾ ਗਿਆ ਲਾਲਚ ਪਰਿਵਰਤਨ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਚੜ੍ਹਦੀਕਲਾ ਵਿਚ ਰੱਖਣ ਲਈ ਸਾਡੇ ਗੁਰੂ ਸਹਿਬਾਨਾਂ ਨੇ ਕੁਰਬਾਨੀਆਂ ਦਿੱਤੀਆਂ ਅਤੇ ਚਰਖੜੀਆਂ ’ਤੇ ਚੜ੍ਹੇ ਤਾਂ ਵੀ ਆਪਣਾ ਧਰਮ ਪਰਿਵਰਤਨ ਨਹੀਂ ਕੀਤਾ। ਜੇਕਰ ਹੁਣ ਕੋਈ ਵਿਅਕਤੀ ਲਾਲਚ ਵਿਚ ਆ ਕੇ ਆਪਣਾ ਧਰਮ ਛੱਡ ਦੇਵੇ, ਉਹ ਸਿੱਖ ਨਹੀਂ।
ਪ੍ਰਧਾਨ ਐਡਵੋਕੇਟ ਧਾਮੀ ਨੇ ਦੂਜੇ ਧਰਮਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਿਸੇ ਤਰ੍ਹਾਂ ਦਾ ਆਰਥਿਕ ਸਹਾਇਤਾ ਜਾਂ ਹੋਰ ਲਾਲਚ ਦੇ ਕੇ ਧਰਮ ਪਰਿਵਰਤਨ ਨਾ ਕਰਵਾਉਣ। ਧਾਮੀ ਨੇ ਦੱਸਿਆ ਕਿ ਗਰੀਬ ਸਿੱਖ ਵਿਦਿਆਰਥੀਆਂ ਲਈ ਇਸ ਸਾਲ ਬਜਟ ਵਿਚ 3 ਕਰੋੜ ਰੁਪਏ ਰੱਖੇ ਗਏ ਹਨ ਤਾਂ ਜੋ ਉਨ੍ਹਾਂ ਨੂੰ ਵਜੀਫ਼ਾ ਦੇ ਕੇ ਉੱਚ ਸਿੱਖਿਆ ਮੁਹੱਈਆ ਕਰਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲਦੇ ਸਕੂਲਾਂ, ਕਾਲਜਾਂ ਵਿਚ ਪੜ੍ਹਦੇ ਲੋੜਵੰਦ ਵਿਦਿਆਰਥੀਆਂ ਦੀ ਆਰਥਿਕ ਸਹਾਇਤਾ ਕਰਨ ਲਈ ਯਤਨਸ਼ੀਲ ਰਹੀ ਹੈ ਤਾਂ ਜੋ ਉਹ ਉੱਚ ਸਿੱਖਿਆ ਤੋਂ ਵਾਂਝੇ ਨਾ ਰਹਿ ਸਕਣ।
ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਕਰਾਰੀ ਹਾਰ ਦਾ ਅਸਰ ਆਉਣ ਵਾਲੀਆਂ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਪਵੇਗਾ ਦੇ ਬਾਰੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਅਜੇ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਸਮਾਂ ਲੱਗ ਸਕਦਾ ਹੈ ਪਰ ਫਿਰ ਵੀ ਅਕਾਲੀ ਦਲ ਵਲੋਂ ਇਸ ਹਾਰ ਲਈ ਸਮੀਖਿਆ ਕੀਤੀ ਜਾ ਰਹੀ ਹੈ।