ਕਾਂਗਰਸ ਨੇ ਵੀ ਖਿੱਚੀ ਐੱਸ. ਜੀ. ਪੀ. ਸੀ. ਚੋਣਾਂ ਦੀ ਤਿਆਰੀ!
Friday, Feb 15, 2019 - 06:57 PM (IST)
ਚੰਡੀਗੜ੍ਹ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਪ੍ਰਣਾਲੀ 'ਤੇ ਸਵਾਲ ਚੁੱਕਦੇ ਹੋਏ ਸੱਤਾਧਾਰੀ ਕਾਂਗਰਸ ਨੇ ਵੀਰਵਾਰ ਨੂੰ ਐੱਸ. ਜੀ. ਪੀ. ਸੀ. ਚੋਣਾਂ ਵਿਚ ਸ਼ਮੂਲੀਅਤ ਕਰਨ ਦੀ ਗੱਲ ਆਖੀ ਹੈ। ਹਲਕਾ ਪੱਟੀ ਤੋਂ ਕਾਂਗਰਸ ਦੇ ਵਿਧਾਇਕ ਹਰਮਿੰਦਰ ਸਿੰਘ ਨੇ ਗਿੱਲ ਐੱਸ. ਜੀ. ਪੀ. ਸੀ. ਚੋਣਾਂ ਵਿਚ ਦਿਲਚਸਪੀ ਜ਼ਾਹਰ ਕਰਦੇ ਹੋਏ ਕਿਹਾ ਕਿ ਮੌਜੂਦਾ ਸਮੇਂ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੀ ਰਾਜਨੀਤੀ ਨਾਲ ਜੁੜੇ ਰਹੇ ਹਨ ਅਤੇ ਵਿਧਾਇਕ ਵੀ ਰਹਿ ਚੁੱਕੇ ਹਨ। ਜਦਕਿ ਸੁੱਚਾ ਸਿੰਘ ਲੰਗਾਹ ਅਤੇ ਦਿਆਲ ਸਿੰਘ ਕੋਲਿਆਂਵਾਲੀ ਵਰਗੇ ਲੀਡਰ ਵੀ ਸ਼੍ਰੋਮਣੀ ਕਮੇਟੀ ਦਾ ਹਿੱਸਾ ਰਹਿ ਚੁੱਕੇ ਹਨ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਸਮੇਤ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਗੁਰਦੁਆਰਿਆਂ ਦੀ ਕਮੇਟੀ ਲਈ ਵੀ ਚੋਣਾਂ ਜਲਦ ਕਰਵਾਉਣ ਦੀ ਮੰਗ ਕੀਤੀ ਹੈ।
ਇਸ ਦੇ ਨਾਲ ਹੀ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਐੱਸ. ਜੀ. ਪੀ. ਸੀ. ਸਿੱਖਾਂ ਦੀਆਂ ਉਮੀਦਾਂ 'ਤੇ ਖਰੀ ਨਹੀਂ ਉਤਰੀ ਹੈ, ਜਿਸ ਕਾਰਨ ਕਈ ਸਿੱਖ ਸੰਸਥਾਨ ਕਮਜ਼ੋਰ ਹੋਏ ਹਨ।
ਇਸ ਦੇ ਜਵਾਬ ਵਿਚ ਅਕਾਲੀ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ 2016 ਵਿਚ ਐੱਸ. ਜੀ. ਪੀ. ਸੀ. ਚੋਣਾਂ ਨਾ ਹੋਣਾ ਕੋਈ ਵੱਡਾ ਮਸਲਾ ਨਹੀਂ ਹੈ, ਇਸ ਤੋਂ ਪਹਿਲਾਂ 19 ਸਾਲ ਦੇ ਵਕਫੇ ਨਾਲ ਐੱਸ. ਜੀ. ਪੀ. ਸੀ. ਚੋਣਾਂ ਕਰਵਾਈਆਂ ਗਈਆਂ ਸਨ। ਵਡਾਲਾ ਨੇ ਕਿਹਾ ਕਿ ਕਾਂਗਰਸ ਜਾਣ ਬੁੱਝ ਕੇ ਐੱਸ. ਜੀ. ਪੀ. ਸੀ. 'ਤੇ ਕਬਜ਼ਾ ਕਰਨ ਲਈ ਅਜਿਹੇ ਬਿਆਨ ਦਾਗ ਰਹੀ ਹੈ ਜਦਕਿ ਅਕਾਲੀ ਦਲ ਮੁੜ ਬਹੁਮਤ ਨਾਲ ਐੱਸ. ਜੀ. ਪੀ. ਸੀ. 'ਤੇ ਕਾਬਜ਼ ਹੋਵੇਗਾ।