ਨੈਤਿਕ ਕਦਰਾਂ-ਕੀਮਤਾਂ ਦਾ ਸੋਮਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਬਾਣੀ :ਲੌਂਗੋਵਾਲ
Thursday, Feb 14, 2019 - 09:56 AM (IST)
ਅੰਮ੍ਰਿਤਸਰ (ਦੀਪਕ) - ਵਿਸ਼ਵ ਪੰਜਾਬੀ ਕਾਨਫਰੰਸ ਕੈਨੇਡਾ ਦੇ ਪ੍ਰਬੰਧਕਾਂ ਤੇ ਪੰਜਾਬੀ ਪੀਪਲ ਵੈੱਲਫੇਅਰ ਆਰਗੇਨਾਈਜ਼ੇਸ਼ਨ ਪਟਿਆਲਾ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਜੀਵਨ 'ਚ ਨੈਤਿਕਤਾ' ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ। ਸਥਾਨਕ ਭਾਈ ਗੁਰਦਾਸ ਹਾਲ ਵਿਖੇ ਕਰਵਾਏ ਗਏ ਇਸ ਸੈਮੀਨਾਰ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਵਿਸ਼ੇਸ਼ ਮਹਿਮਾਨ ਵਜੋਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਸ਼ਿਰਕਤ ਕੀਤੀ। ਸੈਮੀਨਾਰ ਦੌਰਾਨ ਆਪਣੇ ਸੰਬੋਧਨ 'ਚ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ 'ਚ ਨੈਤਿਕ ਕਦਰਾਂ-ਕੀਮਤਾਂ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਵਿਚਾਰਧਾਰਾ ਬ੍ਰਹਿਮੰਡੀ ਵਿਚਾਰਧਾਰਾ ਹੈ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਗੁਰਬਾਣੀ ਵਿਚ ਨੈਤਿਕਤਾ ਸੱਚ, ਆਚਾਰ, ਸਹਿਜ, ਸੰਜਮ, ਹਲੀਮੀ ਆਦਿ ਗੁਣਾਂ 'ਤੇ ਅਧਾਰਿਤ ਹੈ। ਇਸ ਮੌਕੇ ਵਿਸ਼ਵ ਪੰਜਾਬੀ ਕਾਨਫਰੰਸ ਕੈਨੇਡਾ 2019 ਦੇ ਚੇਅਰਮੈਨ ਅਜੈਬ ਸਿੰਘ ਚੱਠਾ ਨੇ ਕਿਹਾ ਕਿ ਪੰਜਾਬੀ ਪੀਪਲ ਵੈੱਲਫੇਅਰ ਆਰਗੇਨਾਈਜ਼ੇਸ਼ਨ ਨਾਲ ਮਿਲ ਕੇ ਜੀਵਨ ਵਿਚ ਨੈਤਿਕਤਾ ਸਬੰਧੀ ਸੈਮੀਨਾਰਾਂ ਤੇ ਲੈਕਚਰਾਂ ਦੀ ਇਕ ਲੜੀ ਆਰੰਭ ਕੀਤੀ ਗਈ ਹੈ, ਜਿਸ ਦਾ ਮੰਤਵ ਮਨੁੱਖ ਦੀ ਸ਼ਖਸੀਅਤ ਦਾ ਸਰਬਪੱਖੀ ਵਿਕਾਸ ਕਰਨਾ ਹੈ।