ਜਲੰਧਰ ''ਚ ਮਸਾਜ ਪਾਰਲਰਾਂ ਦੀ ਆੜ ''ਚ ਚੱਲ ਰਿਹੈ ਜਿਸਮਫਰੋਸ਼ੀ ਦਾ ਧੰਦਾ!
Monday, Oct 29, 2018 - 11:57 AM (IST)

ਜਲੰਧਰ (ਕਮਲੇਸ਼)— ਮਹਾਨਗਰ 'ਚ ਮਸਾਜ ਪਾਰਲਰਾਂ ਦੀ ਆੜ 'ਚ ਜਿਸਮਫਰੋਸ਼ੀ ਦਾ ਧੰਦਾ ਵੱਡੇ ਪੱਧਰ 'ਤੇ ਚੱਲ ਰਿਹਾ ਹੈ। ਪੁਲਸ ਦੀ ਕਾਰਵਾਈ ਨਾ ਹੁੰਦੀ ਦੇਖ ਕੇ ਮਹਾਨਗਰ 'ਚ ਕਈ ਲੋਕ ਇਸ ਧੰਦੇ 'ਚ ਉਤਰ ਰਹੇ ਹਨ। ਇਹ ਧੰਦਾ ਉਨ੍ਹਾਂ ਲਈ ਆਸਾਨ ਪੈਸਾ ਕਮਾਉਣ ਦਾ ਸਾਧਨ ਬਣ ਗਿਆ ਹੈ। ਜਾਣਕਾਰੀ ਅਨੁਸਾਰ ਮਹਾਨਗਰ 'ਚ ਅਜਿਹੇ ਕਈ ਮਸਾਜ ਸੈਂਟਰ ਵੀ ਹਨ, ਜਿੱਥੇ ਵਿਦੇਸ਼ਾਂ ਤੋਂ ਮੁਟਿਆਰਾਂ ਨੂੰ ਬੁਲਾਇਆ ਜਾਂਦਾ ਹੈ ਅਤੇ ਗਾਹਕਾਂ ਦੇ ਸਾਹਮਣੇ ਪਰੋਸਿਆ ਜਾ ਰਿਹਾ ਹੈ। ਪੁਲਸ ਪ੍ਰਸ਼ਾਸਨ ਇਸ ਸਾਰੇ ਮਾਮਲੇ 'ਚ ਧ੍ਰਿਤਰਾਸ਼ਟਰ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਨਾਰਥ ਈਸਟ ਦੀਆਂ ਲੜਕੀਆਂ ਨੂੰ ਵੀ ਇਸ ਧੰਦੇ 'ਚ ਉਤਾਰਿਆ ਜਾ ਰਿਹਾ ਹੈ। ਨਾਰਥ ਈਸਟ 'ਚ ਬੇਰੋਜ਼ਗਾਰੀ ਹੈ, ਇਸ ਲਈ ਇਥੋਂ ਦੀਆਂ ਲੜਕੀਆਂ ਉਨ੍ਹਾਂ ਲਈ ਆਸਾਨ ਟਾਰਗੈੱਟ ਹੁੰਦੀਆਂ ਹਨ। ਜਾਣਕਾਰੀ ਅਨੁਸਾਰ ਸੈਂਟਰ 'ਚ ਕੰਮ ਕਰਨ ਵਾਲੀਆਂ ਲੜਕੀਆਂ ਨੂੰ 8-10 ਹਜ਼ਾਰ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਂਦੀ ਹੈ।
ਮੁਟਿਆਰਾਂ ਨੂੰ ਸੁੱਟਿਆ ਜਾ ਰਿਹਾ ਹੈ ਦੇਹ ਵਪਾਰ ਦੀ ਦਲਦਲ 'ਚ
ਅਜਿਹੇ ਕੁਝ ਮਸਾਜ ਪਾਰਲਰ ਮੁਟਿਆਰਾਂ ਨੂੰ ਦੇਹ ਵਪਾਰ ਦੀ ਦਲਦਲ 'ਚ ਸੁੱਟ ਰਹੇ ਹਨ। ਮੁਟਿਆਰਾਂ ਨੂੰ ਇਹ ਕਹਿ ਕੇ ਮਸਾਜ ਪਾਰਲਰ ਜੁਆਇਨ ਕਰਾਇਆ ਜਾਂਦਾ ਹੈ ਕਿ ਉਨ੍ਹਾਂ ਨੂੰ ਚੰਗੀ ਸੈਲਰੀ ਮਿਲੇਗੀ ਅਤੇ ਹੌਲੀ-ਹੌਲੀ ਪੈਸੇ ਦਾ ਲਾਲਚ ਦੇ ਕੇ ਉਨ੍ਹਾਂ ਨੂੰ ਦੇਹ ਵਪਾਰ ਦੀ ਦਲਦਲ 'ਚ ਸੁੱਟ ਦਿੱਤਾ ਜਾਂਦਾ ਹੈ ਅਤੇ ਬਾਹਰ ਗੱਲ ਲੀਕ ਹੋਣ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆ ਹਨ।
ਸਿਆਸੀ ਪਹੁੰਚ ਦਾ ਹੈ ਦਬਦਬਾ
ਮਸਾਜ ਪਾਰਲਰ 'ਚ ਕੰਮ ਕਰਨ ਵਾਲੇ ਇਕ ਵਰਕਰ ਨਾਲ ਗੱਲ ਕੀਤੀ ਗਈ। ਉਸ ਤੋਂ ਜਦੋਂ ਪੁੱਛਿਆ ਗਿਆ ਕਿ ਗੈਰ-ਕਾਨੂੰਨੀ ਕੰਮ ਕਰਨ ਦੇ ਬਾਵਜੂਦ ਪਾਰਲਰ ਮਾਲਕ 'ਤੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਉਸ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਉਹ ਜਲੰਧਰ ਦੇ ਅਜਿਹੇ 5 ਮਸਾਜ ਸੈਂਟਰਾਂ 'ਚ ਕੰਮ ਕਰ ਚੁੱਕਿਆ ਹੈ, ਜਿੱਥੇ ਦੇਹ ਵਪਾਰ ਹੋ ਰਿਹਾ ਹੈ। ਹਰ ਸੈਂਟਰ ਦਾ ਮਾਲਕ ਉਨ੍ਹਾਂ ਨੂੰ ਇਹੀ ਹਿੰਮਤ ਦਿੰਦਾ ਹੈ ਕਿ ਉਸ ਦਾ ਸਿਆਸਤ 'ਚ ਚੰਗਾ ਦਬਦਬਾ ਹੈ ਅਤੇ ਉਸ 'ਤੇ ਕੋਈ ਕਾਰਵਾਈ ਨਹੀਂ ਕਰ ਸਕਦਾ। ਪੁਲਸ ਵੀ ਸਿਆਸੀ ਪਹੁੰਚ ਕਾਰਨ ਉਸ 'ਤੇ ਹੱਥ ਪਾਉਣ ਤੋਂ ਕਤਰਾਉਂਦੀ ਹੈ।
ਵ੍ਹਟਸਐਪ ਗਰੁੱਪ ਬਣਾ ਕੇ ਲੁਭਾਉਂਦੇ ਹਨ ਗਾਹਕਾਂ ਨੂੰ
ਗਾਹਕਾਂ ਨੂੰ ਲੁਭਾਉਣ ਲਈ ਵ੍ਹਟਸਐਪ ਗਰੁੱਪ ਬਣਾਏ ਜਾਂਦੇ ਹਨ। ਗਰੁੱਪ 'ਚ ਮੁਟਿਆਰਾਂ ਦੀਆਂ ਤਸਵੀਰਾਂ ਪਾ ਕੇ ਗਾਹਕਾਂ ਨੂੰ ਆਕਰਸ਼ਿਤ ਕੀਤਾ ਜਾਂਦਾ ਹੈ ਅਤੇ ਇਹ ਵਾਅਦਾ ਕੀਤਾ ਜਾਂਦਾ ਹੈ ਕਿ ਮਸਾਜ ਪਾਰਲਰ 'ਚ ਆਉਣ 'ਤੇ ਮਸਾਜ ਤੋਂ ਇਲਾਵਾ ਉਨ੍ਹਾਂ ਨੂੰ ਸੈਕਸੁਅਲ ਫੇਵਰ ਵੀ ਮਿਲਣਗੇ। ਗਾਹਕਾਂ ਦੀ ਭੀੜ ਵਧਾਉਣ ਲਈ ਮਸਾਜ ਦੇ ਪੈਕੇਜ ਵੀ ਬਣਾਏ ਜਾਂਦੇ ਹਨ।
ਪੀ. ਐੈੱਮ. ਓ. ਨੂੰ ਦਿੱਤੀ ਸ਼ਿਕਾਇਤ
ਜਲੰਧਰ 'ਚ ਚੱਲ ਰਹੇ ਇਸ ਗੋਰਖ-ਧੰਦੇ ਬਾਰੇ ਇਕ ਵਿਅਕਤੀ ਵੱਲੋਂ ਪੀ. ਐੈੱਮ. ਓ. ਨੂੰ ਵੀ ਸ਼ਿਕਾਇਤ ਕੀਤੀ ਗਈ ਹੈ। ਉਕਤ ਸ਼ਿਕਾਇਤ ਨੂੰ ਪੀ. ਐੈੱਮ. ਓ. ਵੱਲੋਂ ਸ਼ਿਕਾਇਤ ਨਿਪਟਾਰਾ ਵਿਭਾਗ ਚੰਡੀਗੜ੍ਹ ਦੇ ਸੈਕਟਰੀ ਕ੍ਰਿਸ਼ਨ ਕੁਮਾਰ ਨੂੰ ਮਾਰਕ ਕੀਤਾ ਗਿਆ ਹੈ। ਸ਼ਿਕਾਇਤ ਦੀ ਜਾਂਚ ਚੱਲ ਰਹੀ ਹੈ।
ਡਿਮ ਲਾਈਟ ਰੂਮ 'ਚ ਕੀਤਾ ਜਾਂਦਾ ਹੈ ਜਿਸਮ ਦਾ ਸੌਦਾ
ਮਸਾਜ ਪਾਰਲਰਾਂ ਦੇ ਅੰਦਰ 10 ਦੇ ਲਗਭਗ ਵੁਡਨ ਰੂਮ ਬਣਾਏ ਜਾਂਦੇ ਹਨ, ਜਿੱਥੇ ਲਾਈਟ ਬਿਲਕੁਲ ਡਿਮ ਹੁੰਦੀ ਹੈ। ਰਿਸੈਪਸ਼ਨ 'ਤੇ ਮਸਾਜ ਦੀ ਡੀਲਿੰਗ ਹੋਣ ਤੋਂ ਬਾਅਦ ਵਰਕਰ ਗਾਹਕ ਨਾਲ ਇਥੇ ਆਉਂਦੇ ਹਨ ਅਤੇ ਸੈਕਸੁਅਲ ਫੇਵਰ ਬਾਰੇ ਪੁੱਛਿਆ ਜਾਂਦਾ ਹੈ, ਜਿਸ ਤੋਂ ਬਾਅਦ ਉਸ ਦੀ ਵੱਖ-ਵੱਖ ਵਸੂਲੀ ਲਈ ਜਾਂਦੀ ਹੈ।
ਜਿਸ ਕੋਲ ਗਾਹਕਾਂ ਦੇ ਜ਼ਿਆਦਾ ਕੰਟ੍ਰੈਕਟਸ ਉਹੀ ਬਣਦਾ ਹੈ ਮੈਨੇਜਰ
ਜਾਣਕਾਰੀ ਅਨੁਸਾਰ ਮਸਾਜ ਪਾਰਲਰ 'ਚ ਜਿਸ ਕਿਸੇ ਕਰਮਚਾਰੀ ਕੋਲ ਗਾਹਕਾਂ ਦੇ ਜ਼ਿਆਦਾ ਕਾਂਟ੍ਰੈਕਟਸ ਹੁੰਦੇ ਹਨ ਉਸ ਨੂੰ ਮੈਨੇਜਰ ਬਣਾਇਆ ਜਾਂਦਾ ਹੈ ਅਤੇ ਮੋਟੀ ਸੈਲਰੀ ਨਾਲ ਇਹ ਲਾਲਚ ਵੀ ਦਿੱਤਾ ਜਾਂਦਾ ਹੈ ਕਿ ਹਰ ਗਾਹਕ ਪਿੱਛੇ ਉਸ ਨੂੰ ਚੰਗਾ ਕਮਿਸ਼ਨ ਵੀ ਦਿੱਤਾ ਜਾਵੇਗਾ। ਮੈਨੇਜਰ ਹੀ ਗਾਹਕਾਂ ਨੂੰ ਲੜਕੀਆਂ ਦਿਖਾਉਂਦਾ ਹੈ, ਮਸਾਜ ਲਈ ਲੜਕੀ ਚੂਜ਼ ਕਰਨ ਨੂੰ ਕਹਿੰਦਾ ਹੈ। ਸਾਰੀ ਡੀਲਿੰਗ ਮੈਨੇਜਰ ਰਾਹੀਂ ਹੁੰਦੀ ਹੈ। ਕਿਸੇ ਵੱਡੀ ਕੰਪਨੀ ਦੀ ਤਰ੍ਹਾਂ ਮੈਨੇਜਰ ਵੱਲੋਂ ਗਾਹਕਾਂ ਨੂੰ ਕਾਲ ਕੀਤੀ ਜਾਂਦੀ ਹੈ ਕਿ ਉਹ ਅਗਲੀ ਵਾਰ ਕਦੋਂ ਵਿਜ਼ਿਟ ਕਰੇਗਾ।
ਪੁਲਸ ਦੀ ਇਕ ਕਾਰਵਾਈ ਨਾਲ ਡਰ ਗਏ ਸਨ ਮਸਾਜ ਪਾਰਲਰ ਦੀ ਆੜ 'ਚ ਦੇਹ ਵਪਾਰ ਚਲਾਉਣ ਵਾਲੇ
ਗੌਰਤਲਬ ਹੈ ਕਿ ਪੁਲਸ ਵੱਲੋਂ ਮਾਡਲ ਟਾਊਨ 'ਚ ਇਕ ਮਸਾਜ ਸੈਂਟਰ 'ਤੇ ਰੇਡ ਕੀਤੀ ਗਈ ਸੀ, ਜਿਸ ਤੋਂ ਬਾਅਦ ਉਥੇ ਕੰਮ ਕਰਨ ਵਾਲੀਆ ਮੁਟਿਆਰਾਂ ਨੂੰ ਪੁਲਸ ਨੇ ਗ੍ਰਿਫਤਾਰ ਵੀ ਕਰ ਲਿਆ ਸੀ। ਪੁਲਸ ਦੀ ਇਸ ਕਾਰਵਾਈ ਤੋਂ ਬਾਅਦ ਮਸਾਜ ਪਾਰਲਰ ਦੀ ਆੜ 'ਚ ਦੇਹ ਵਪਾਰ ਚਲਾਉਣ ਵਾਲੇ ਵਿਅਕਤੀ ਕੁਝ ਸਮੇਂ ਲਈ ਡਰ ਗਏ ਸਨ ਅਤੇ ਕੁਝ ਸਮੇਂ ਲਈ ਉਨ੍ਹਾਂ ਨੇ ਆਪਣੇ ਧੰਦਿਆਂ 'ਤੇ ਤਾਲੇ ਵੀ ਲਗਾ ਦਿੱਤੇ ਸਨ ਪਰ ਸਮਾਂ ਗੁਜ਼ਰ ਗਿਆ ਅਤੇ ਉਨ੍ਹਾਂ ਦਾ ਡਰ ਵੀ ਖਤਮ ਹੋ ਗਿਆ ਅਤੇ ਹੁਣ ਸ਼ਹਿਰ 'ਚ ਦੇਹ ਵਪਾਰ ਨੂੰ ਅੰਜਾਮ ਦੇਣ ਵਾਲੇ ਅਜਿਹੇ ਸੈਂਟਰਾਂ ਦੀ ਗਿਣਤੀ 25 ਦੇ ਕਰੀਬ ਹੋ ਗਈ ਹੈ।