ਸੁਖਨਾ ’ਚ ਅਜੇ ਵੀ ਆ ਰਿਹੈ ਸੀਵਰੇਜ ਦਾ ਪਾਣੀ

Monday, Aug 20, 2018 - 07:14 AM (IST)

ਸੁਖਨਾ ’ਚ ਅਜੇ ਵੀ ਆ ਰਿਹੈ ਸੀਵਰੇਜ ਦਾ ਪਾਣੀ

ਚੰਡੀਗਡ਼੍ਹ, (ਵਿਜੇ)- ਚੰਡੀਗਡ਼੍ਹ ਪ੍ਰਸ਼ਾਸਨ ਸ਼ਹਿਰ ਦੇ ਸਭ ਤੋਂ ਰੁਝੇਵੇਂ ਵਾਲੇ ਟੂਰਿਸਟ ਸਪਾਟ ਭਾਵ ਸੁਖਨਾ ਲੇਕ ਨੂੰ ਸੁੰਦਰ ਬਣਾਉਣ ਲਈ ਚਾਹੇ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ ਪਰ ਗੁਆਂਢੀ ਰਾਜਾਂ ਦੀ ਲਾਪ੍ਰਵਾਹੀ ਕਾਰਨ ਸਾਰੀ ਮਿਹਨਤ ਬੇਕਾਰ ਸਾਬਿਤ ਹੋ ਰਹੀ ਹੈ। ਇਥੋਂ ਤਕ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਨਿਰਦੇਸ਼ ਮਿਲਣ ਦੇ ਬਾਵਜੂਦ ਕੋਈ ਸੁਧਾਰ ਨਹੀਂ ਹੋ ਰਿਹਾ ਹੈ। 
ਗੱਲ ਹੋ ਰਹੀ ਹੈ ਸੁਖਨਾ ਲੇਕ ਵਿਚ ਆਉਣ ਵਾਲੇ ਸੀਵਰੇਜ ਦੇ ਪਾਣੀ ਦੀ, ਜਿਸ ਲਈ ਵਾਰ-ਵਾਰ ਹਾਈ ਕੋਰਟ ਵਲੋਂ ਹਰਿਆਣਾ ਸਰਕਾਰ ਨੂੰ ਨਿਰਦੇਸ਼ ਦਿੱਤੇ ਜਾ ਚੁੱਕੇ ਹਨ ਕਿ ਸੁਖਨਾ ਲੇਕ ਵਿਚ ਆਉਣ ਵਾਲੇ ਸੀਵਰੇਜ ਦੇ ਪਾਣੀ ਨੂੰ ਤੁਰੰਤ ਬੰਦ ਕਰਵਾਇਆ ਜਾਵੇ ਪਰ  ਇਸ ਦੇ ਬਾਵਜੂਦ ਸਕੇਤਡ਼ੀ ਬ੍ਰਿਜ ਕੋਲੋਂ ਸੀਵਰੇਜ ਦਾ ਪਾਣੀ ਪਹਿਲਾਂ ਦੀ ਹੀ ਤਰ੍ਹਾਂ ਸੁਖਨਾ ਲੇਕ ਤਕ ਆਉਣ ਵਾਲੇ ਵਾਟਰ ਚੈਨਲ ਵਿਚ ਪਾਇਆ ਜਾ ਰਿਹਾ ਹੈ। ਭਾਵ ਲੇਕ ਦਾ ਪਾਣੀ ਹੁਣ ਵੀ ਗੰਦਾ ਹੋ ਰਿਹਾ ਹੈ ਪਰ  ਇਸ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲ ਰਿਹਾ ਹੈ।  ਖਾਸ ਗੱਲ ਇਹ ਹੈ ਕਿ ਇਹ ਸਮੱਸਿਆ ਨਵੀਂ ਨਹੀਂ ਹੈ, ਪਿਛਲੇ ਕਈ ਸਾਲਾਂ ਤੋਂ ਚੰਡੀਗਡ਼੍ਹ ਪ੍ਰਸ਼ਾਸਨ ਵਲੋਂ ਹਰਿਆਣਾ ਸਰਕਾਰ ਕੋਲ ਇਹ ਮਾਮਲਾ ਚੁੱਕਿਆ ਜਾ ਚੁੱਕਿਆ ਹੈ  ਪਰ  ਹਰਿਆਣੇ ਵਲੋਂ ਅਜੇ ਤਕ ਇਸ ਸਮੱਸਿਆ ਨਾਲ ਨਿਪਟਣ ਲਈ ਲਈ ਕੋਈ ਠੋਸ ਪਲਾਨਿੰਗ ਨਹੀਂ ਕੀਤੀ ਗਈ। ਇਹੀ ਕਾਰਨ ਹੈ ਕਿ ਹੁਣ ਚੰਡੀਗਡ਼੍ਹ ਪ੍ਰਸ਼ਾਸਨ ਇਕ ਵਾਰ ਫਿਰ ਇਸ ਮਾਮਲੇ ਨੂੰ ਹਰਿਆਣਾ ਦੇ ਸਾਹਮਣੇ ਚੁੱਕਣ ਦੀ ਤਿਆਰੀ ਕਰ ਰਿਹਾ ਹੈ।  
ਬੰਨ੍ਹ ਬਣਾ ਕੇ ਪਾਣੀ ਦਾ ਫਲੋਅ ਕੀਤਾ ਘੱਟ 
 ਸੀਵਰੇਜ ਦੇ ਪਾਣੀ ਨੂੰ ਰੋਕਣ ਦਾ ਕੰਮ ਤਾਂ ਨਹੀਂ ਹੋ ਸਕਿਆ ਪਰ ਹਰਿਆਣਾ ਸਰਕਾਰ ਨੇ ਪੁਲ ਤੋਂ ਆਉਂਦੇ ਹੋਏ ਪਾਣੀ ਦੇ ਫਲੋਅ ਨੂੰ ਘੱਟ ਕਰ ਦਿੱਤਾ ਹੈ।  ਦਰਅਸਲ ਇਸ ਪੁਲ ’ਤੇ ਛੋਟੇ-ਛੋਟੇ ਬੰਨ੍ਹ ਬਣਾ ਦਿੱਤੇ ਗਏ ਹਨ। ਵਾਟਰ ਚੈਨਲ ’ਤੇ ਬਣਾਏ ਗਏ ਇਸ ਬੰਨ੍ਹ ਕਾਰਨ ਲੇਕ ਵਿਚ ਆਉਣ ਵਾਲੇ ਪਾਣੀ ਦੀ ਰਫ਼ਤਾਰ ਵੀ ਘੱਟ ਹੋ ਗਈ ਹੈ। ਹੁਣ ਇਸ ਮਾਮਲੇ ਨੂੰ ਵੀ ਚੰਡੀਗਡ਼੍ਹ ਪ੍ਰਸ਼ਾਸਨ ਵਲੋਂ ਚੁੱਕਿਆ ਜਾਵੇਗਾ। ਦਰਅਸਲ ਯੂ. ਟੀ. ਦੇ ਅਫ਼ਸਰਾਂ ਦਾ ਕਹਿਣਾ ਹੈ ਕਿ ਲੇਕ ਨੂੰ ਭਰਨ ਲਈ ਇਕ ਪਾਸੇ ਤਾਂ ਕਈ ਕੋਸ਼ਿਸ਼ ਕੀਤੀਆਂ ਜਾ ਰਹੀਆਂ ਹਨ, ਉਥੇ ਹੀ  ਦੂਜੇ ਪਾਸੇ ਪਾਣੀ ਦੇ ਫਲੋਅ ਨੂੰ ਹਰਿਆਣਾ ਵਲੋਂ ਘੱਟ ਕਰ ਦਿੱਤਾ ਗਿਆ ਹੈ, ਜੋ ਕਿ ਗਲਤ ਕਦਮ ਹੈ। 
 ਸੈਂਚੁਰੀ ਤੋਂ ਵੀ ਸਾਰੀਆਂ ਰੁਕਾਵਟਾਂ ਹੋਣਗੀਆਂ ਦੂਰ 
 ਲੇਕ ਵਿਚ ਸਭ ਤੋਂ ਜ਼ਿਆਦਾ ਪਾਣੀ ਸੁਖਨਾ ਵਾਈਲਡ ਲਾਈਫ ਸੈਂਚੁਰੀ ਤੋਂ ਆਉਂਦਾ ਹੈ। ਯੂ. ਟੀ. ਦੇ ਫਾਰੈਸਟ ਐਂਡ ਵਾਈਲਡ ਲਾਈਫ ਡਿਪਾਰਟਮੈਂਟ ਵਲੋਂ ਉਨ੍ਹਾਂ ਇਲਾਕਿਅਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ, ਜਿਸ ਦੇ ਰਸਤੇ ਪਾਣੀ ਲੇਕ ਤਕ ਪੁੱਜਦਾ ਹੈ। ਇਸ ਇਲਾਕੇ  ਦੀ ਇਕ ਵਾਰ ਫਿਰ ਸਫਾਈ ਕਰਵਾਈ ਜਾਵੇਗੀ ਜਿਸਦੇ ਨਾਲ ਕਿ ਅਗਲੇ ਸਾਲ ਮਾਨਸੂਨ ਦੌਰਾਨ ਸੈਂਚੁਰੀ ਤੋਂ ਲੇਕ ਤਕ ਪੁੱਜਣ ਵਾਲੇ ਪਾਣੀ ਵਿਚ ਕੋਈ ਅਡ਼ਚਨ ਨਾ ਆ ਸਕੇ।
 


Related News