ਲਹਿਰੀ ਸ਼ਾਹ ਮੰਦਿਰ ਰੋਡ ''ਤੇ ਸੀਵਰੇਜ ਦੀ ਰਿਪੇਅਰ ਦਾ ਕੰਮ ਲਟਕਿਆ, ਇਲਾਕਾ ਵਾਸੀ ਪਰੇਸ਼ਾਨ
Wednesday, May 20, 2020 - 04:59 PM (IST)

ਰੋਪਡ਼(ਸੱਜਣ ਸੈਣੀ) - ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦੇ ਪੰਜਾਬ 'ਚ ਲੱਗੇ ਕਰਫ਼ਿਊ ਨੂੰ ਭਾਵੇਂ ਪੰਜਾਬ ਸਰਕਾਰ ਵੱਲੋਂ 18 ਮਈ ਤੋਂ ਹਟਾ ਦਿੱਤਾ ਗਿਆ ਹੈ ਪ੍ਰੰਤੂ ਉਸ ਦੇ ਬਾਵਜੂਦ ਰੂਪਨਗਰ ਦੇ ਲਹਿਰੀ ਸ਼ਾਹ ਮੰਦਿਰ ਰੋਡ 'ਤੇ ਸੀਵਰੇਜ ਦੀ ਰਿਪੇਅਰ ਲਈ ਕਰੀਬ ਦੋ ਮਹੀਨੇ ਤੋਂ ਪੁੱਟੀ ਸੜਕ ਦੇ ਕਾਰਨ ਸਥਾਨਕ ਦੁਕਾਨਦਾਰ ਹਾਲੇ ਵੀ ਆਪਣੀਆਂ ਦੁਕਾਨਾਂ ਬੰਦ ਰੱਖਣ ਲਈ ਮਜਬੂਰ ਹਨ। ਜਿਸ ਕਰਕੇ ਉਨ੍ਹਾਂ ਨੂੰ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸੜਕ ਪੁੱਟੀ ਹੋਣ ਕਰਕੇ ਬੰਦ ਹੋਈ ਆਵਾਜਾਈ ਨੂੰ ਲੈ ਕੇ ਮੁਹੱਲਾ ਵਾਸੀ ਵੀ ਬੇਹੱਦ ਪ੍ਰੇਸ਼ਾਨ ਹਨ । ਜਿਸ ਨੂੰ ਲੈ ਕੇ ਅੱਜ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਵਾਸੀ ਮੱਕੜ ਅਤੇ ਇਲਾਕੇ ਦੀ ਕੌਂਸਲਰ ਰਚਨਾ ਲਾਂਬਾ ਵੱਲੋਂ ਦੁਕਾਨਦਾਰਾਂ ਦੇ ਨਾਲ ਖੜ੍ਹ ਕੇ ਨਗਰ ਕੌਂਸਲ ਦੇ ਖਿਲਾਫ਼ ਮਾੜੀ ਕਾਰਗੁਜ਼ਾਰੀ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ ਗਈ ।
ਤਪਦੀ ਧੁੱਪ ਦੇ ਵਿੱਚ ਨਗਰ ਕੌਂਸਲ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਇਹ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ ਅਤੇ ਮਹਿਲਾ ਕੌਂਸਲਰ ਰਚਨਾ ਲਾਂਬਾ ਅਤੇ ਸਥਾਨਕ ਦੁਕਾਨਦਾਰ ਹਨ । ਇਨ੍ਹਾਂ ਨੂੰ ਤਪਦੀ ਧੁੱਪ ਵਿਚ ਨਾਅਰੇਬਾਜ਼ੀ ਕਰਨ ਲਈ ਇਸ ਲਈ ਮਜਬੂਰ ਹੋਣਾ ਪਿਆ ਕਿਉਂਕਿ ਕਰੀਬ ਦੋ ਮਹੀਨੇ ਤੋਂ ਲਹਿਰੀ ਸ਼ਾਹ ਮੰਦਰ ਤੋਂ ਹਾਸਪਤਾਲ ਨੂੰ ਜਾਂਦੀ ਮੁੱਖ ਸੜਕ ਥੱਲ੍ਹੇ ਪਈ ਸੀਵਰੇਜ, ਦੀ ਰਿਪੇਅਰ ਕਰਨ ਲਈ ਕਰੀਬ ਦੋ ਮਹੀਨੇ ਤੋਂ ਪੁੱਟਿਆ ਹੋਇਆ ਹੈ ਅਤੇ ਬੜੀ ਹੀ ਢਿੱਲੀ ਰਫਤਾਰ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ । ਜਿਸ ਕਾਰਨ ਇਸ ਦੇ ਨਾਲ ਲੱਗਦੇ ਦੁਕਾਨਦਾਰਾਂ ਨੂੰ ਬੜੀ ਹੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਰਸਤਾ ਬੰਦ ਹੋਣ ਕਾਰਨ ਨਾ ਤਾਂ ਦੁਕਾਨਾਂ 'ਤੇ ਗਾਹਕ ਆ ਰਹੇ ਨੇ ਅਤੇ ਪੁੱਟੀ ਮਿੱਟੀ ਦੀ ਧੂੜ ਉਨ੍ਹਾਂ ਦੀਆਂ ਦੁਕਾਨਾਂ ਦੇ ਵਿਚ ਪਏ ਸਾਮਾਨ ਨੂੰ ਖਰਾਬ ਕਰ ਰਹੀ ਹੈ । ਜਿਸ ਨੂੰ ਲੈ ਕੇ ਸਾਬਕਾ ਕੌਂਸਲ ਪ੍ਰਧਾਨ ਅਤੇ ਮਹਿਲਾ ਕੌਂਸਲਰ ਅਤੇ ਦੁਕਾਨਦਾਰਾਂ ਵੱਲੋਂ ਨਗਰ ਕੌਂਸਲ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ।