ਅਕਾਲੀਆਂ ਦੇ ਬਣਾਏ ਸੇਵਾ ਕੇਂਦਰ ਹੋਏ ਫੇਲ

Saturday, Jan 20, 2018 - 05:25 AM (IST)

ਅਕਾਲੀਆਂ ਦੇ ਬਣਾਏ ਸੇਵਾ ਕੇਂਦਰ ਹੋਏ ਫੇਲ

ਦੋਰਾਹਾ(ਗੁਰਮੀਤ ਕੌਰ)-ਲੋਕਾਂ ਦੀ ਦੂਰ-ਦੁਰਾਡੇ ਦੇ ਏਰੀਏ 'ਚ ਜਾ ਕੇ ਫਾਰਮ ਵਗੈਰਾ ਬਣਾਉਣ ਤੋਂ ਹੁੰਦੀ ਖੱਜਲ-ਖੁਆਰੀ ਤੋਂ ਬਚਾਉਣ ਲਈ ਅਕਾਲੀ ਸਰਕਾਰ ਵੱਲੋਂ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਕਰੋੜਾਂ ਰੁਪਏ ਦੀ ਲਾਗਤ ਨਾਲ ਪਿੰਡਾਂ ਨੇੜੇ ਦੇ ਸ਼ਹਿਰਾਂ 'ਚ ਸੇਵਾ ਕੇਂਦਰਾਂ ਦਾ ਨਿਰਮਾਣ ਕੀਤਾ ਗਿਆ ਸੀ, ਜੋ ਕਿ ਅੱਜ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਬੁਰੀ ਤਰ੍ਹਾਂ ਫੇਲ ਹੋ ਚੁੱਕੇ ਹਨ। ਸੇਵਾ ਕੇਂਦਰਾਂ 'ਚ ਰੱਖਿਆ ਪ੍ਰਾਈਵੇਟ ਸਟਾਫ ਆਮ ਲੋਕਾਂ ਦਾ ਫਾਰਮ ਵਗੈਰਾ ਦਾ ਕੰਮ ਕਰਵਾਉਣ 'ਚ ਕੁਝ ਜ਼ਿਆਦਾ ਦਿਲਚਸਪੀ ਨਹੀਂ ਦਿਖਾ ਰਿਹਾ। ਕਈ ਲੋਕਾਂ ਨੇ ਦੱਸਿਆ ਕਿ ਅੱਜ ਦੇ ਸਮੇਂ 'ਚ ਸਭ ਤੋਂ ਜ਼ਿਆਦਾ ਜ਼ਰੂਰੀ ਆਧਾਰ ਕਾਰਡ ਦੋਰਾਹੇ ਦੇ ਸੇਵਾ ਕੇਂਦਰਾਂ 'ਚ ਨਹੀਂ ਬਣ ਰਹੇ, ਜਿਸ ਕਾਰਨ ਦੂਰ-ਨੇੜੇ ਦੇ ਪਿੰਡਾਂ ਤੋਂ ਆਉਂਦੇ ਲੋਕਾਂ ਨੂੰ ਨਿਰਾਸ਼ ਹੋ ਕੇ ਵਾਪਸ ਮੁੜਨਾ ਪੈਂਦਾ ਹੈ। 'ਜਗ ਬਾਣੀ' ਟੀਮ ਨੇ ਜਦੋਂ ਦੋਰਾਹਾ ਦੇ ਬੀ. ਡੀ. ਪੀ. ਓ. ਦਫਤਰ ਦੇ ਪਿੱਛੇ ਬਣੇ ਸੇਵਾ ਕੇਂਦਰ ਦਾ ਦੌਰਾ ਕੀਤਾ ਤਾਂ ਉਥੇ ਮੌਜੂਦ ਸਟਾਫ ਤੋਂ ਪਤਾ ਲੱਗਾ ਕਿ ਆਧਾਰ ਕਾਰਡ ਬਣਾਉਣ ਵਾਲੇ ਮੈਡਮ ਪਿਛਲੇ ਇਕ ਮਹੀਨੇ ਤੋਂ ਅਸਤੀਫਾ ਦੇ ਕੇ ਚਲੇ ਗਏ ਹਨ, ਜਿਸ ਕਾਰਨ ਇੱਥੇ ਆਧਾਰ ਕਾਰਡ ਬਣਾਉਣ ਵਾਲਾ ਕੋਈ ਨਹੀਂ ਹੈ। ਹੋਰ ਤਾਂ ਹੋਰ ਸੇਵਾ ਕੇਂਦਰ ਦੇ ਬਾਹਰ ਮੇਨ ਗੇਟ ਉਪਰ ਲਿਖਿਆ 'ਰਾਜ ਨਹੀਂ ਸੇਵਾ' ਦੇ ਅਧੂਰੇ ਅੱਖਰ 'ਰਾ ਨਹੀਂ 'ਸੇਵਾ' ਦੇਖ ਕੇ ਬੜੀ ਹੈਰਾਨੀ ਹੋਈ ਕਿ ਲੋਕਾਂ ਦੀ ਸੇਵਾ ਦੇ ਨਾਂ 'ਤੇ 'ਰਾਜ' ਕਰਨ ਵਾਲੇ ਅਕਾਲੀ ਤਾਂ ਸੱਤਾ 'ਚ ਰਹੇ ਨਹੀਂ, ਉਪਰੋਂ ਅਕਾਲੀਆਂ ਦੀ 'ਸੇਵਾ' ਵੀ ਨਹੀਂ ਰਹੀ। ਲੋਕਾਂ ਦਾ ਕਹਿਣਾ ਹੈ ਕਿ ਅਕਾਲੀਆਂ ਦੀਆਂ ਪੱਗਾਂ ਦੇ ਰੰਗ ਨਾਲ ਦੇ ਬਣਾਏ ਸੇਵਾ ਕੇਂਦਰਾਂ ਨੂੰ ਚਲਾਉਣ ਲਈ ਮੌਜੂਦਾ ਕਾਂਗਰਸ ਸਰਕਾਰ ਕੋਈ ਦਿਲਚਸਪੀ ਨਹੀਂ ਦਿਖਾ ਰਹੀ, ਜਿਸ ਕਾਰਨ ਕਰੋੜਾਂ ਦੀ ਲਾਗਤ ਨਾਲ ਬਣਾਏ ਸੇਵਾ ਕੇਂਦਰ ਖੰਡਰ ਪ੍ਰਤੀਤ ਹੋ ਰਹੇ ਹਨ। ਸੇਵਾ ਕੇਂਦਰਾਂ ਦੇ ਬਾਹਰ ਤਰਾਂ੍ਹ-ਤਰ੍ਹਾਂ ਦੇ ਲਗਾਏ ਨੋਟਿਸਾਂ ਬੋਰਡਾਂ ਦਾ ਕੰਮ ਕਰਵਾਉਣ ਲਈ ਵੀ ਲੋਕਾਂ ਨੂੰ ਪੂਰਾ ਖੱਜਲ-ਖੁਆਰ ਹੋਣਾ ਪੈਂਦਾ ਹੈ ਅਤੇ ਸੇਵਾ ਕੇਂਦਰਾਂ 'ਚ ਰੱਖੇ ਪ੍ਰਾਈਵੇਟ ਸਟਾਫ ਦੀ ਮਨਮਰਜ਼ੀ ਅੱਗੇ ਕਿਸੇ ਆਮ ਆਦਮੀ ਦਾ ਵੱਸ ਨਹੀਂ ਚੱਲਦਾ, ਕਿਉਂਕਿ ਸਟਾਫ 'ਤੇ ਕੰਟਰੋਲ ਕਰਨ ਵਾਸਤੇ ਅਤੇ ਆਮ ਲੋਕਾਂ ਨੂੰ ਕੰਮ ਕਰਵਾਉਣ ਲਈ ਆ ਰਹੀ ਪ੍ਰੇਸ਼ਾਨੀ ਦਾ ਹੱਲ ਕਰਨ ਲਈ ਉਥੇ ਸੁਣਨ ਵਾਲਾ ਕੋਈ ਅਫਸਰ ਨਹੀਂ ਹੈ। ਅਜਿਹੇ ਆਲਮ 'ਚ ਜਨਤਾ ਨੂੰ ਸੇਵਾ ਕੇਂਦਰ ਜਾਣ ਦਾ ਕੀ ਫਾਇਦਾ ਹੋ ਸਕਦਾ ਹੈ, ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ।


Related News