ਵੀਜ਼ਾ ਨਹੀਂ ਲੱਗਿਆ ਤਾਂ ਸਬ ਇੰਸਪੈਕਟਰ ਦੇ ਪੁੱਤਰ ਨੇ ਖ਼ੁਦ ਨੂੰ ਮਾਰ ਲਈ ਗੋਲ਼ੀ
Monday, Mar 04, 2019 - 05:51 PM (IST)
ਅਬੋਹਰ (ਰਹੇਜਾ) - ਆਈਲੇਟਸ ਕਰਨ ਦੇ ਬਾਵਜੂਦ ਵੀਜ਼ਾ ਨਾ ਲੱਗਣ ਤੋਂ ਪਰੇਸ਼ਾਨ ਪੰਜਾਬ ਪੁਲਸ 'ਚ ਤਾਇਨਾਤ ਸਬ ਇੰਸਪੈਕਟਰ ਦੇ ਪੁੱਤਰ ਨੇ ਆਪਣੇ ਪਿਤਾ ਦੇ ਸਰਵਿਸ ਰਿਵਾਲਵਰ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈਣ ਤੋਂ ਬਾਅਦ ਉਸ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਐੱਸ.ਐੱਸ.ਪੀ. ਦਫਤਰ ਫਾਜ਼ਿਲਕਾ ਦੇ ਇਲੈਕਸ਼ਨ ਦਫਤਰ 'ਚ ਤਾਇਨਾਤ ਅਤੇ ਅਬੋਹਰ ਦੇ ਗੁਰੂ ਕ੍ਰਿਪਾ ਕਾਲੋਨੀ ਵਾਸੀ ਸਬ ਇੰਸਪੈਕਟਰ ਬਲਜੀਤ ਸਿੰਘ ਆਪਣੀ ਪਤਨੀ ਨਾਲ ਐਤਵਾਰ ਦੀ ਸ਼ਾਮ ਬਾਜ਼ਾਰ 'ਚ ਸਬਜ਼ੀ ਲੈਣ ਗਿਆ ਸੀ।
ਉਸਦਾ 25 ਸਾਲਾ ਪੁੱਤਰ ਨਵਜੋਤ ਸਿੰਘ ਘਰ ਇਕੱਲਾ ਸੀ। ਦੇਰ ਸ਼ਾਮ ਨੂੰ ਜਦੋਂ ਨਵਜੋਤ ਦੀ ਮਾਂ ਘਰ ਆਈ ਤਾਂ ਉਸਨੇ ਵੇਖਿਆ ਕਿ ਨਵਜੋਤ ਆਪਣੇ ਕਮਰੇ 'ਚ ਰਜਾਈ ਲੈ ਕੇ ਪਿਆ ਹੋਇਆ ਸੀ, ਜਿਸ ਦੀ ਰਜਾਈ ਹਟਾਉਣ 'ਤੇ ਉਸ ਨੇ ਦੇਖਿਆ ਕਿ ਨਵਜੋਤ ਖੂਨ ਨਾਲ ਲਿਬੜਿਆ ਪਿਆ ਸੀ। ਉਸਨੇ ਆਪਣੇ ਪਿਤਾ ਦੀ ਸਰਵਿਸ ਰਿਵਾਲਵਰ ਨਾਲ ਸਿਰ 'ਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਮਾਂ ਦੇ ਰੋਣ ਦੀ ਆਵਾਜ਼ ਸੁਣ ਕੇ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਇਸ ਦੀ ਸੂਚਨਾ ਉਸ ਦੇ ਪਿਤਾ ਅਤੇ ਪੁਲਸ ਨੂੰ ਦਿੱਤੀ। ਨਗਰ ਥਾਣਾ ਨੰਬਰ-1 ਦੇ ਐੱਸ. ਐੱਚ. ਓ. ਜਤਿੰਦਰ ਸਿੰਘ ਅਤੇ ਡੀ. ਐੱਸ. ਪੀ. ਕੁਲਦੀਪ ਸਿੰਘ ਭੁੱਲਰ ਘਟਨਾ ਵਾਲੀ ਥਾਂ 'ਤੇ ਮੌਕੇ 'ਤੇ ਪਹੁੰਚ ਗਏ, ਜਿਨ੍ਹਾਂ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ। ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ. ਗੁਰਨਾਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਵਲੋਂ ਦਿੱਤੇ ਬਿਆਨਾਂ ਮੁਤਾਬਕ ਐੱਸ.ਆਈ. ਬਲਜੀਤ ਸਿੰਘ ਦੇ ਦੋ ਬੱਚੇ ਸਨ। ਨਵਜੋਤ ਕੈਨੇਡਾ ਜਾਣਾ ਚਾਹੁੰਦਾ ਸੀ ਅਤੇ ਉਸ ਨੇ ਦੋ ਵਾਰ ਅਪਲਾਈ ਵੀ ਕੀਤਾ ਪਰ ਕਿਸੇ ਕਾਰਨ ਉਸ ਦਾ ਵੀਜ਼ਾ ਦੋਵੇਂ ਵਾਰ ਕੈਂਸਲ ਹੋ ਗਿਆ ਸੀ। ਇਸੇ ਕਾਰਨ ਉਹ ਮਾਨਸਿਕ ਰੂਪ ਤੋਂ ਪਰੇਸ਼ਾਨ ਰਹਿੰਦਾ ਸੀ, ਜਿਸ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ।