ਜਨਤਾ ਨੂੰ ਸਹੂਲਤਾਂ ਦੇਣ ''ਚ ਫਲਾਪ ਹੋਏ ਸੇਵਾ ਕੇਂਦਰ
Monday, Aug 14, 2017 - 06:16 PM (IST)
ਜਲੰਧਰ(ਅਮਿਤ)— ਸੂਬੇ ਦੀ ਸਾਬਕਾ ਅਕਾਲੀ-ਭਾਜਪਾ ਗੱਠਜੋੜ ਸਰਕਾਰ ਵੱਲੋਂ ਆਮ ਜਨਤਾ ਨੂੰ ਹਰ ਤਰ੍ਹਾਂ ਦੀਆਂ ਸਰਕਾਰੀ ਸਹੂਲਤਾਂ ਉਨ੍ਹਾਂ ਦੇ ਘਰ ਨੇੜੇ ਉਪਲੱਬਧ ਕਰਵਾਉਣ ਦੇ ਟੀਚੇ ਨਾਲ ਖੋਲ੍ਹੇ ਗਏ ਸੇਵਾ ਕੇਂਦਰ ਆਪਣੀ ਸ਼ੁਰੂਆਤ ਤੋਂ ਹੀ ਵਿਵਾਦਾਂ 'ਚ ਘਿਰੇ ਰਹੇ ਹਨ। ਨਿੱਜੀ ਕੰਪਨੀ ਬੀ. ਐੱਲ. ਐੱਸ. ਸਾਲਿਊਸ਼ਨਜ਼ ਪ੍ਰਾਈਵੇਟ ਲਿਮਟਿਡ ਵੱਲੋਂ ਪੂਰੇ ਪ੍ਰਦੇਸ਼ 'ਚ ਸੰਚਾਲਿਤ ਸੇਵਾ ਕੇਂਦਰ ਜਨਤਾ ਨੂੰ ਸਹੂਲਤ ਦੇਣ ਦੇ ਨਾਂ 'ਤੇ ਬੁਰੀ ਤਰ੍ਹਾਂ ਫਲਾਪ ਸਾਬਤ ਹੋਏ ਹਨ। ਜ਼ਿਲਾ ਪ੍ਰਸ਼ਾਸਨ ਵੱਲੋਂ ਵਾਰ-ਵਾਰ ਚਿਤਾਵਨੀ ਦੇ ਬਾਵਜੂਦ ਕੰਪਨੀ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਆਪਣੇ ਕੰਮਕਾਜ 'ਚ ਸੁਧਾਰ ਲਿਆਉਣ ਨੂੰ ਲੈ ਕੇ ਕੋਈ ਠੋਸ ਕੋਸ਼ਿਸ਼ ਨਹੀਂ ਕੀਤੀ ਜਾ ਰਹੀ, ਜਿਸ ਦਾ ਨਤੀਜਾ ਇਹ ਹੈ ਕਿ ਆਏ ਦਿਨ ਕਿਸੇ ਨਾ ਕਿਸੇ ਕਾਰਨ ਕੰਪਨੀ ਨੂੰ ਸ਼ੋਅ-ਕਾਜ਼ ਨੋਟਿਸ ਜਾਰੀ ਕਰਨ ਦਾ ਸਿਲਸਿਲਾ ਬਾ-ਦਸਤੂਰ ਜਾਰੀ ਹੈ। ਇਸੇ ਲੜੀ 'ਚ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਵਲੋਂ ਸਖਤ ਰੁਖ ਅਖਤਿਆਰ ਕਰਦੇ ਹੋਏ ਨਿੱਜੀ ਕੰਪਨੀ ਨੂੰ ਇਕੱਠੇ 44 ਸ਼ੋਅ-ਕਾਜ਼ ਨੋਟਿਸ ਜਾਰੀ ਕਰਨ ਦਾ ਫੈਸਲਾ ਲਿਆ ਗਿਆ ਹੈ। ਉਕਤ ਨੋਟਿਸ ਨਕੋਦਰ, ਸ਼ਾਹਕੋਟ ਅਤੇ ਫਿਲੌਰ ਦੇ ਸੇਵਾ ਕੇਂਦਰਾਂ ਅਤੇ ਟਾਈਪ-1 ਸੇਵਾ ਕੇਂਦਰ ਅਤੇ ਸ਼ਹਿਰ ਦੇ 3 ਟਾਈਪ-2, ਅਤੇ 1 ਟਾਈਪ-3 ਸੇਵਾ ਕੇਂਦਰਾਂ ਦੇ ਵੱਖ-ਵੱਖ ਅਧਿਕਾਰੀਆਂ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ ਪਾਈਆਂ ਗਈਆਂ ਖਾਮੀਆਂ ਦੇ ਕਾਰਨ ਜਾਰੀ ਕੀਤੇ ਜਾ ਰਹੇ ਹਨ।
ਕੀ ਹਨ ਖਾਮੀਆਂ, ਜਿਸ ਦੀ ਵਜ੍ਹਾ ਕਰਕੇ ਜਾਰੀ ਹੋਣਗੇ ਨੋਟਿਸ?
ਟਾਈਪ-1 ਸੇਵਾ ਕੇਂਦਰ 'ਚ ਵਾਧੂ ਸਹਾਇਕ ਕਮਿਸ਼ਨਰ (ਯੂ. ਟੀ.) ਬਬਨਦੀਪ ਸਿੰਘ ਵਾਲੀਆ ਵੱਲੋਂ ਕੀਤੀ ਗਈ ਚੈਕਿੰਗ 'ਚ ਪਾਇਆ ਗਿਆ ਸੀ ਕਿ ਉਥੇ ਸਾਫ-ਸਫਾਈ ਦਾ ਬਹੁਤ ਬੁਰਾ ਹਾਲ ਹੈ। ਕਰਮਚਾਰੀਆਂ ਨੇ ਯੂਨੀਫਾਰਮ ਨਹੀਂ ਪਾਈ ਹੋਈ ਸੀ। ਪੱਖੇ ਅਤੇ ਏ. ਸੀ. ਸਹੀ ਢੰਗ ਨਾਲ ਕੰਮ ਨਹੀਂ ਕਰ ਰਹੇ ਸਨ, ਜਿਸ ਕਾਰਨ ਕੰਮਕਾਜ 'ਚ ਮੁਸ਼ਕਲ ਹੋ ਰਹੀ ਸੀ। ਸੇਵਾ ਕੇਂਦਰ ਦਾ ਮੁੱਖ ਦਰਵਾਜ਼ਾ ਡੈਮੇਜ ਹੋ ਚੁੱਕਾ ਸੀ।
ਇਸੇ ਤਰ੍ਹਾਂ ਟਾਈਪ-2 ਸੇਵਾ ਕੇਂਦਰ ਮਕਸੂਦਾਂ 'ਚ ਵੀ ਸਾਫ-ਸਫਾਈ ਦੀ ਵਿਵਸਥਾ ਬਹੁਤ ਖਰਾਬ ਸੀ ਅਤੇ ਬਾਥਰੂਮਾਂ ਦੀ ਹਾਲਤ ਬਹੁਤ ਖਰਾਬ ਸੀ। ਕਰਮਚਾਰੀਆਂ ਨੇ ਵਰਦੀ ਨਹੀਂ ਪਾਈ ਹੋਈ ਸੀ। ਟੋਕਨ ਮਸ਼ੀਨ ਅਤੇ ਏ. ਸੀ. ਖਰਾਬ ਸਨ। ਸਿਵਲ ਵਰਕਸ ਅਤੇ ਫਰਨੀਚਰ ਦੀ ਹਾਲਤ ਖਰਾਬ ਸੀ।
ਬਸਤੀ ਮਿੱਠੂ ਸੇਵਾ ਕੇਂਦਰ 'ਚ ਡਿਊਟੀ ਸਮੇਂ ਸਟਾਫ ਗੈਰ-ਹਾਜ਼ਰ ਸੀ। ਕਾਊਂਟਰ ਬੰਦ ਪਏ ਹੋਏ ਸਨ। ਸਾਫ-ਸਫਾਈ ਦੀ ਵਿਵਸਥਾ ਨਹੀਂ ਸੀ। ਬਾਥਰੂਮਾਂ ਦਾ ਬੁਰਾ ਹਾਲ ਸੀ। ਕਰਮਚਾਰੀਆਂ ਨੇ ਵਰਦੀ ਨਹੀਂ ਪਾਈ ਸੀ। ਸਿਵਲ ਵਰਕਸ ਅਤੇ ਫਰਨੀਚਰ ਦੀ ਹਾਲਤ ਖਰਾਬ ਸੀ। ਸਰਕਾਰੀ ਫੀਸ ਖਜਾਨੇ 'ਚ ਜਮ੍ਹਾ ਕਰਵਾਉਣ 'ਚ ਦੇਰੀ ਕੀਤੀ ਜਾ ਰਹੀ ਸੀ।
ਵਰਿਆਣਾ ਸੇਵਾ ਕੇਂਦਰ 'ਚ ਸਾਫ-ਸਫਾਈ ਦੀ ਵਿਵਸਥਾ ਠੀਕ ਨਹੀਂ ਸੀ, ਬਾਥਰੂਮਾਂ ਦਾ ਬੁਰਾ ਹਾਲ ਸੀ। ਦਮੋਰੀਆ ਪੁਲ ਸੇਵਾ ਕੇਂਦਰ 'ਚ ਟੋਕਨ ਮਸ਼ੀਨ ਅਤੇ ਜਨਰੇਟਰ ਸੈੱਟ (ਬੈਟਰੀ ਨਾ ਹੋਣ ਦੀ ਵਜ੍ਹਾ) ਬੰਦ ਪਏ ਹੋਏ ਸਨ। ਸੇਵਾ ਕੇਂਦਰ ਦਾ ਕੰਮਕਾਜ ਰੁਕ ਰਿਹਾ ਸੀ।
ਇਸੇ ਤਰ੍ਹਾਂ ਸ਼ਾਹਕੋਟ ਦੇ ਦੁਸਹਿਰਾ ਗਰਾਊਂਡ, ਸੋਹਲ ਜਗੀਰ, ਬੱਗਾ, ਪਰਜੀਆਂ ਕਲਾਂ, ਲਸੂੜੀ, ਕੋਹਾੜ ਖੁਰਦ, ਰੂਪੇਵਾਲ, ਕੰਗ ਕਲਾਂ, ਨਸੀਰਪੁਰ, ਨਵਾਂ ਪਿੰਡ ਦੋਨੇਵਾਲ, ਕਮਾਲਪੁਰ, ਬਾਜਵਾ ਕਲਾਂ, ਖੁਰਮਪੁਰ, ਨਾਹਲ ਸੇਵਾ ਕੇਂਦਰਾਂ 'ਚ ਸੀ. ਡੀ. ਐੱਮ. ਸ਼ਾਹਕੋਟ ਨਵਨੀਤ ਕੌਰ ਬੱਲ, ਤਹਿਸੀਲਦਾਰ ਤਰਸੇਮ ਸਿੰਘ ਅਤੇ ਨਾਇਬ ਤਹਿਸੀਲਦਾਰ ਪਰਮਜੀਤ ਸਿੰਘ, ਨਕੋਦਰ ਦੇ ਢੋਰੀਆਂ, ਕੱਚ ਖੁਰਦ, ਕੰਗ ਸਾਬੂ, ਉੱਗੀ, ਮਹੇਸਮਪੁਰ, ਬਾਘੇਲਾ, ਬਾਲੋਕੀ, ਮੱਲੋਵਾਲ ਅਤੇ ਫਿਲੌਰ ਦੇ ਐੱਸ. ਡੀ. ਐੱਮ. ਦਫਤਰ ਸੇਵਾ ਕੇਂਦਰ ਜੀ. ਪੀ. ਗੰਨਾ ਪਿੰਡ, ਲਸਾੜਾ, ਤੇਹਿੰਗ, ਨਗਰ, ਅੱਪਰਾ, ਭਾਰ ਸਿੰਘਪੁਰਾ, ਮੰਡੀ, ਬੈਸਕਾਈਡ ਪਟਵਾਰਖਾਨਾ, ਪੀ. ਡਬਲਿਊ. ਡੀ. ਰੈਸਟ ਹਾਊਸ, ਚਚਰਾੜੀ, ਗੋਰਾਇਆ ਦੇ ਘੁੜਕਾ, ਵਿਰਕ, ਅੱਡਾ ਨੂਰਮਹਿਲ ਦੇ ਭੰਗਾਲਾ, ਜੰਡਿਆਲਾ, ਕੰਦੋਲਾ ਕਲਾਂ ਆਦਿ 'ਚ ਐੱਸ. ਡੀ. ਐੱਮ. ਫਿਲੌਰ ਵਰਿੰਦਰ ਪਾਲ ਸਿੰਘ, ਤਹਿਸੀਲਦਾਰ ਗੋਰਾਇਆ ਐੱਸ. ਪੀ. ਪੰਨੂ, ਨਾਇਬ ਤਹਿਸੀਲਦਾਰ ਨਕੋਦਰ ਰਾਮ ਚੰਦ, ਨਾਇਬ ਤਹਿਸੀਲਦਾਰ ਨੂਰਮਹਿਲ ਧਰਮਿੰਦਰ ਕੁਮਾਰ, ਨਾਇਬ ਤਹਿਸੀਲਦਾਰ ਗੋਰਾਇਆ ਐੱਸ. ਪੀ. ਪੰਨੂ, ਨਾਇਬ ਤਹਿਸੀਲਦਾਰ ਫਿਲੌਰ ਜੋਗਿੰਦਰ ਲਾਲ ਵੱਲੋਂ ਕੀਤੀ ਗਈ ਚੈਕਿੰਗ 'ਚ ਪਾਇਆ ਗਿਆ ਕਿ ਸਾਫ-ਸਫਾਈ ਦੀ ਵਿਵਸਥਾ ਬੇਹੱਦ ਖਰਾਬ ਸੀ, ਲੋਕਾਂ ਨੂੰ ਕਾਊਂਟਰ 'ਤੇ 45 ਮਿੰਟ ਤੋਂ ਜ਼ਿਆਦਾ ਸਮੇਂ ਤਕ ਦਾ ਇੰਤਜ਼ਾਰ ਕਰਨਾ ਪੈ ਰਿਹਾ ਸੀ, ਸਿਵਲ ਵਰਕਸ ਅਤੇ ਫਰਨੀਚਰ ਦੀ ਹਾਲਤ ਖਰਾਬ ਸੀ, ਕੰਮਕਾਜ ਦੇ ਸਮੇਂ ਦਾ ਸਹੀ ਢੰਗ ਨਾਲ ਪਾਲਣ ਨਹੀਂ ਹੋ ਰਿਹਾ ਸੀ। ਪ੍ਰਿੰਟਿੰਗ ਅਤੇ ਸਟੇਸ਼ਨਰੀ ਦੀ ਖਰਾਬ ਕਵਾਲਿਟੀ, ਕਰਮਚਾਰੀਆਂ ਨੇ ਵਰਦੀ ਨਹੀਂ ਪਾਈ ਹੋਈ ਸੀ, ਬਾਥਰੂਮਾਂ ਦੀ ਹਾਲਤ ਖਰਾਬ ਬਣੀ ਹੋਈ ਸੀ, ਸਰਕਾਰੀ ਸਹੂਲਤਾਂ ਨੂੰ ਲੈ ਕੇ ਲਾਪਰਵਾਹੀ ਵਰਤੀ ਜਾ ਰਹੀ ਸੀ, ਪੱਖੇ, ਏ. ਸੀ. ਤੇ ਜਨਰੇਟਰ ਆਦਿ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੇ ਸਨ, ਕੁਝ ਸੇਵਾ ਕੇਂਦਰ ਬੰਦ ਪਏ ਹੋਏ ਸਨ, ਸਰਕਾਰੀ ਸੇਵਾਵਾਂ ਦੇਣ 'ਚ ਦੇਰੀ ਕੀਤੀ ਜਾ ਰਹੀ ਸੀ, ਸਰਕਾਰੀ ਫੀਸ ਨੂੰ ਖਜ਼ਾਨੇ 'ਚ ਜਮ੍ਹਾ ਕਰਵਾਉਣ 'ਚ ਦੇਰ ਕੀਤੀ ਜਾ ਰਹੀ ਸੀ। ਲੋਕਾਂ ਦੇ ਨਾਲ ਕਰਮਚਾਰੀਆਂ ਦਾ ਰਵੱਈਆ ਠੀਕ ਨਹੀਂ ਸੀ।
ਅਜੇ ਨੋਟਿਸਾਂ ਦੀ ਗਿਣਤੀ ਹੋਵੇਗੀ, ਹੋਰ ਥਾਵਾਂ ਤੋਂ ਰਿਪੋਰਟ ਆਉਣਾ ਬਾਕੀ
ਫਿਲਹਾਲ ਸਿਰਫ ਸ਼ਾਹਕੋਟ, ਨਕੋਦਰ, ਫਿਲੌਰ ਅਤੇ ਸ਼ਹਿਰ ਦੇ ਕੁਝ ਸੇਵਾ ਕੇਂਦਰਾਂ ਦੀ ਚੈਕਿੰਗ ਰਿਪੋਰਟ ਦੇ ਆਧਾਰ 'ਤੇ ਸ਼ੋਅ-ਕਾਜ਼ ਨੋਟਿਸ ਜਾਰੀ ਕਰਨ ਦਾ ਹੁਕਮ ਦਿੱਤਾ ਗਿਆ ਹੈ ਪਰ ਜਲਦੀ ਹੀ ਨਿੱਜੀ ਕੰਪਨੀ ਨੂੰ ਜਾਰੀ ਹੋਣ ਵਾਲੇ ਸ਼ੋਅ-ਕਾਜ਼ ਨੋਟਿਸਾਂ ਦੀ ਗਿਣਤੀ 'ਚ ਵਾਧਾ ਹੋਵੇਗਾ ਕਿਉਂਕਿ ਹੋਰ ਥਾਵਾਂ ਦੀ ਚੈਕਿੰਗ ਰਿਪੋਰਟ 'ਚ ਪਾਈਆਂ ਜਾਣ ਵਾਲੀਆਂ ਖਾਮੀਆਂ ਦੇ ਆਧਾਰ 'ਤੇ ਹੋਰ ਨੋਟਿਸ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ।
ਜਨਤਾ ਦੀ ਸੁਵਿਧਾ ਨਾਲ ਕੋਈ ਸਮਝੌਤਾ ਨਹੀਂ : ਡੀ. ਸੀ.
ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਦਾ ਕਹਿਣਾ ਹੈ ਕਿ ਆਮ ਜਨਤਾ ਦੀ ਸੁਵਿਧਾ ਨਾਲ ਕਿਸੇ ਕਿਸਮ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ। ਨਿੱਜੀ ਕੰਪਨੀ ਵਲੋਂ ਵਰਤੀ ਜਾ ਰਹੀ ਲਾਪਰਵਾਹੀ ਅਤੇ ਕੋਤਾਹੀ ਨੂੰ ਲੈ ਕੇ ਡੀ. ਓ. ਜੀ. ਆਰ. ਨੂੰ ਵਿਸਤ੍ਰਿਤ ਰਿਪੋਰਟ ਭੇਜੀ ਜਾਵੇਗੀ ਅਤੇ ਨਾਲ ਹੀ ਕੰਟ੍ਰੈਕਟ ਦੀਆਂ ਸ਼ਰਤਾਂ ਦਾ ਉਲੰਘਣ ਕਰਨ ਨੂੰ ਲੈ ਕੇ ਜੁਰਮਾਨਿਆਂ ਦੀ ਵੀ ਸਿਫਾਰਿਸ਼ ਕੀਤੀ ਜਾਵੇਗੀ। ਡੀ. ਸੀ. ਨੇ ਕਿਹਾ ਕਿ ਚੈਕਿੰਗ ਅਭਿਆਨ ਭਵਿੱਖ 'ਚ ਵੀ ਜਾਰੀ ਰਹੇਗਾ ਅਤੇ ਖਾਮੀਆਂ ਨੂੰ ਜਲਦੀ ਤੋਂ ਜਲਦੀ ਦੂਰ ਕਰਵਾਇਆ ਜਾਵੇਗਾ।
