ਬਾਦਲਾਂ ਨੂੰ ਵੱਡਾ ਝਟਕਾ, ਸੀਨੀਅਰ ਆਗੂ ਰਣਜੀਤ ਸਿੰਘ ਤਲਵੰਡੀ ਢੀਂਡਸਾ ਧੜੇ 'ਚ ਹੋਏ ਸ਼ਾਮਲ

Thursday, Jul 23, 2020 - 11:31 PM (IST)

ਬਾਦਲਾਂ ਨੂੰ ਵੱਡਾ ਝਟਕਾ, ਸੀਨੀਅਰ ਆਗੂ ਰਣਜੀਤ ਸਿੰਘ ਤਲਵੰਡੀ ਢੀਂਡਸਾ ਧੜੇ 'ਚ ਹੋਏ ਸ਼ਾਮਲ

ਮੋਹਾਲੀ/ਸ੍ਰੀ ਮੁਕਤਸਰ ਸਾਹਿਬ (ਰਿਣੀ) — ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਤਲਵੰਡੀ ਸੁਖਦੇਵ ਸਿੰਘ ਢੀਂਡਸਾ ਧੜੇ 'ਚ ਸ਼ਾਮਲ ਹੋ ਗਏ। ਰਣਜੀਤ ਸਿੰਘ ਤਲਵੰਡੀ ਨੇ ਆਪਣੇ ਪੂਰੇ ਸਾਥੀਆਂ ਦੇ ਨਾਲ ਅੱਜ ਤੋਂ ਸੁਖਦੇਵ ਸਿੰਘ ਢੀਂਡਸਾ ਨੂੰ ਸਮਰਥਨ ਦੇ ਦਿੱਤਾ ਹੈ। ਰਣਜੀਤ ਸਿੰਘ ਤਲੰਵਡੀ ਅੱਜ ਤੋਂ ਸੁਖਦੇਵ ਸਿੰਘ ਢੀਂਡਸਾ ਦੀ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਬਣ ਗਏ ਹਨ।

PunjabKesari

ਇਸ ਦੇ ਨਾਲ ਹੀ ਮਲੋਟ ਤੋਂ ਸਾਬਕਾ ਵਿਧਾਇਕ ਬਲਦੇਵ ਸਿੰਘ ਬਲਮਗੜ੍ਹ ਵੀ ਅੱਜ ਢੀਂਡਸਾ ਧੜੇ 'ਚ ਸ਼ਾਮਲ ਹੋ ਗਏ। ਬਲਦੇਵ ਸਿੰਘ ਬਲਮਗੜ੍ਹ ਹੁਣ ਸ੍ਰੋਮਣੀ ਅਕਾਲੀ ਦਲ 'ਚ ਸਨ ਅਤੇ ਪੀ. ਏ. ਸੀ. ਦੇ ਮੈਂਬਰ ਵੀ ਰਹੇ ਹਨ। ਵਰਨਣਯੋਗ ਹੈ ਕਿ ਬਲਮਗੜ੍ਹ ਦੇ ਸਪੁੱਤਰ ਪਰਮਿੰਦਰ ਸਿੰਘ ਪਾਸ਼ਾ ਸ਼੍ਰੋਮਣੀ ਅਕਾਲੀ ਦਲ ਦੇ ਐੱਸ ਸੀ. ਵਿੰਗ ਦੇ ਜ਼ਿਲ੍ਹਾ ਪਰਧਾਨ ਰਹੇ ਹਨ। ਪਰਮਿੰਦਰ ਸਿੰਘ ਪਾਸ਼ਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ 'ਚ ਹਨ ਅਤੇ ਸ਼੍ਰੋਮਣੀ ਅਕਾਲੀ ਦਲ 'ਚ ਹੀ ਸੇਵਾਵਾਂ ਦੇਣਗੇ। ਢੀਂਡਸਾ ਗਰੁੱਪ ਨਾਲ ਜਾਣਾ ਉਨ੍ਹਾਂ ਦੇ ਪਿਤਾ ਬਲਦੇਵ ਸਿੰਘ ਬਲਮਗੜ੍ਹ ਦਾ ਨਿੱਜੀ ਫੈਸਲਾ ਹੈ। 
PunjabKesari

ਢੀਂਡਸਾ ਦਲ 'ਚ ਸ਼ਾਮਲ ਹੋਣ ਤੋਂ ਬਾਅਦ ਰਣਜੀਤ ਸਿੰਘ ਤਲੰਵਡੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਲੱਖਾਂ ਕੁਰਬਾਨੀਆਂ ਕਰਨ ਤੋਂ ਬਾਅਦ ਹੋਂਦ 'ਚ ਆਈ ਸੀ। ਉਨ੍ਹਾਂ ਕਿਹਾ ਕਿ ਨਿੱਜੀ ਤੌਰ 'ਤੇ ਉਨ੍ਹਾਂ ਨੂੰ ਪਾਰਟੀ 'ਚ ਦਿੱਕਤ ਨਹੀਂ ਸੀ ਪਰ ਅੱਜ ਜੋ ਵੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਹਾਲ ਹੋ ਚੁੱਕਾ ਹੈ, ਉਹ ਸਾਰੇ ਹੀ ਜਾਣਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਕਦੇ ਸੁਫ਼ਨੇ 'ਚ ਵੀ ਨਹੀਂ ਸੀ ਸੋਚਿਆ ਸੀ ਕਿ ਸਾਡੀ ਸਰਕਾਰ ਦੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਵੇਗੀ। ਉਨ੍ਹਾਂ ਕਿਹਾ ਕਿ ਬੇਅਦਬੀ ਦੀ ਘਟਨਾ ਵਾਪਰਨ ਤੋਂ ਬਾਅਦ ਸਾਢੇ 17 ਮਹੀਨੇ ਸਰਕਾਰ ਰਹੀ ਅਤੇ ਅਸੀਂ ਕੁਝ ਵੀ ਨਹੀਂ ਕਰ ਸਕੇ। 

ਰਣਜੀਤ ਸਿੰਘ ਤਲਵੰਡੀ ਨੇ ਕਿਹਾ ਕਿ ਬਹੁਤ ਚਿਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ 'ਚ ਅਕਾਲੀ ਦਲ 'ਤੇ ਲੱਗ ਰਹੇ ਦੋਸ਼ਾਂ ਕਾਰਨ ਉਹ ਪਾਰਟੀ 'ਚ ਘੁਟਣ ਮਹਿਸੂਸ ਕਰ ਰਹੇ ਸਨ ਅਤੇ ਪੰਜਾਬ 'ਚ ਜਿੰਨੀਆਂ ਵੀ ਮੰਦਭਾਗੀਆਂ ਘਟਨਾਵਾਂ ਵਾਪਰੀਆਂ ਉਹ ਸਭ ਅਕਾਲੀ ਦਲ ਦੀ ਸਰਕਾਰ ਮੌਕੇ ਹੀ ਵਾਪਰੀਆਂ ਹਨ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਵੱਲੋਂ ਕੁਰਬਾਨੀਆਂ ਵਾਲੇ ਟਕਸਾਲੀ ਪਰਿਵਾਰਾਂ ਦੀ ਅਣਦੇਖੀ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਅੱਗੇ ਕੀਤਾ ਜਾ ਰਿਹਾ ਹੈ। ਤਲਵੰਡੀ ਨੇ ਕਿਹਾ ਕਿ ਕਈ ਵਾਰ ਸੀਨੀਅਰ ਆਗੂਆਂ ਸਮੇਤ ਉਨ੍ਹਾਂ ਵੱਲੋਂ ਸਮੇਂ-ਸਮੇਂ ਸਿਰ ਪ੍ਰਕਾਸ਼ ਸਿੰਘ ਬਾਦਲ ਨੂੰ ਹਾਲਾਤਾਂ ਤੋਂ ਜਾਣੂ ਕਰਵਾਇਆ ਜਾਂਦਾ ਰਿਹਾ ਪਰ ਪੁੱਤਰ ਮੋਹ ਕਾਰਨ ਉਨ੍ਹਾਂ ਨੇ ਵੀ ਆਪਣੇ ਪੁਰਾਣੇ ਸਾਥੀਆਂ ਅਤੇ ਟਕਸਾਲੀ ਪਰਿਵਾਰਾਂ ਦੀਆਂ ਉਸਾਰੂ ਦਲੀਲਾਂ ਨੂੰ ਅਣਡਿੱਠਾ ਕਰ ਦਿੱਤਾ। ਜਿਸ ਕਾਰਨ ਉਹ ਪਿਛਲੇ ਇਕ ਸਾਲ ਤੋਂ ਆਪਣੀਆਂ ਸਿਆਸੀ ਸਰਗਰਮੀਆਂ ਤੋਂ ਕਿਨਾਰਾ ਕਰਕੇ ਘਰ ਬੈਠ ਗਏ ਸਨ ਤੇ ਅਕਾਲੀ ਦਲ ਦੀ ਕਿਸੇ ਮੀਟਿੰਗ 'ਚ ਸ਼ਾਮਲ ਨਹੀਂ ਹੋਏ, ਉਨ੍ਹਾਂ ਕਿਹਾ ਕਿ ਹੁਣ ਸ. ਢੀਂਡਸਾ ਨੇ ਅਸਲ ਅਕਾਲੀ ਦਲ ਦੀ ਹੋਂਦ ਨੂੰ ਬਚਾਉਣ ਲਈ ਪਹਿਲਕਦਮੀ ਕੀਤੀ ਹੈ ਜਿਸ ਕਰਕੇ ਉਹ ਉਨ੍ਹਾਂ ਨਾਲ ਆਏ ਹਨ।

ਤਲਵੰਡੀ ਨੇ ਕਿਹਾ ਕਿ ਅਕਾਲੀ ਸਰਕਾਰ ਵੇਲੇ ਸੌਦਾ ਸਾਧ ਦੀਆਂ ਫਿਲਮਾਂ ਚਲਾਉਣ ਲਈ ਤਾਂ ਪੁਲਸ ਸੁਰੱਖਿਆ ਦਿੱਤੀ ਜਾਂਦੀ ਰਹੀ, ਪ੍ਰੰਤੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਹੁਰਮਤੀ ਕਾਰਨ ਪਸ਼ਚਾਤਾਪ ਲਈ ਅਰਦਾਸ ਤੇ ਸਿਮਰਨ ਕਰ ਰਹੀਆਂ ਸੰਗਤਾਂ 'ਤੇ ਪੁਲਸ ਤੋਂ ਗੋਲੀਆਂ ਵਰ੍ਹਾ ਕੇ ਨੌਜਵਾਨਾਂ ਨੂੰ ਸ਼ਹੀਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਸ ਵੇਲੇ ਹੋਈਆਂ ਸਾਰੀਆਂ ਗਲਤੀਆਂ ਲਈ ਅਸੀਂ ਸਾਰੇ ਹੀ ਪਾਪਾਂ ਦੇ ਭਾਗੀ ਹਾਂ। ਇਸ ਕਰਕੇ ਉਹ ਇਸ ਲਈ ਸਮੁੱਚੀ ਸਿੱਖ ਕੌਮ ਤੋਂ ਮਾਫੀ ਵੀ ਮੰਗਦੇ ਹਨ।

ਤਲਵੰਡੀ ਨੇ ਕਿਹਾ ਕਿ ਪਹਿਲਾਂ ਪੰਥ ਨੂੰ ਕੋਈ ਰਾਹ ਨਹੀਂ ਲੱਭ ਰਿਹਾ ਸੀ ਪਰ ਹੁਣ ਸੁਖਦੇਵ ਸਿੰਘ ਢੀਂਡਸਾ ਦੀ ਯੋਗ ਅਗਵਾਈ ਮਿਲੀ ਹੈ, ਜਿਸ ਨਾਲ ਵੱਡੀ ਲਹਿਰ ਬਣਨ ਜਾ ਰਹੀ ਹੈ। ਕਿਉਂਕਿ ਲੋਕ ਸਭ ਕੁੱਝ ਬਰਦਾਸ਼ਤ ਕਰ ਸਕਦੇ ਹਨ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਦਾਚਿਤ ਬਰਦਾਸ਼ਤ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੀ ਸਮੁੱਚੀ ਲੀਡਰਸ਼ਿਪ ਦਾ ਜੋ ਵੀ ਅਗਲਾ ਪ੍ਰੋਗਰਾਮ ਹੋਵੇਗਾ, ਉਸ ਨੂੰ ਘਰ-ਘਰ ਪਹੁੰਚਾਇਆ ਜਾਵੇਗਾ ਅਤੇ ਪੰਜਾਬ ਦੀ ਜਨਤਾ ਨੂੰ ਬਾਦਲ ਪਰਿਵਾਰ ਵੱਲੋਂ ਪੰਥ ਨਾਲ ਕੀਤੀਆਂ ਵਧੀਕੀਆਂ ਬਾਰੇ ਜਾਗਰੂਕ ਕੀਤਾ ਜਾਵੇਗਾ। ਬਾਦਲ ਪਰਿਵਾਰ ਵੱਲੋਂ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਗਿਆ ਹੈ ਅਤੇ ਪ੍ਰਾਈਵੇਟ ਕੰਪਨੀ ਬਣਾ ਕੇ ਰੱਖ ਦਿੱਤੀ ਗਈ। ਉਨ੍ਹਾਂ ਕਿਹਾ ਕਿ ਨਵੇਂ ਹੋਂਦ 'ਚ ਆਏ ਅਕਾਲੀ ਦਲ ਵੱਲੋਂ ਬਾਦਲ ਦਲ ਵੱਲੋਂ ਕੀਤੀਆਂ ਗਲਤੀਆਂ ਨੂੰ ਸੁਧਾਰਨ ਲਈ ਸਮੁੱਚੀ ਸੰਗਤ ਤੋਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਜਾ ਕੇ ਵੀ ਮੁਆਫੀ ਮੰਗੀ ਜਾਵੇਗੀ। ਉਸ ਤੋਂ ਬਾਅਦ ਸ. ਢੀਂਡਸਾ ਦੀ ਅਗਵਾਈ ਹੇਠ ਸਮੁੱਚੀ ਟੀਮ ਵੱਲੋਂ ਉਲੀਕੇ ਏਜੰਡੇ ਨੂੰ ਪੂਰਾ ਕਰਨ ਲਈ ਜਿੱਡੀ ਵੀ ਕੁਰਬਾਨੀ ਕਰਨੀ ਪਈ ਉਸ ਤੋਂ ਉਹ ਪਿੱਛੇ ਨਹੀਂ ਹੱਟਣਗੇ। ਤਲਵੰਡੀ ਨੇ ਕਿਹਾ ਕਿ ਅੱਜ ਅਹੁਦੇ ਲੈਣ ਦੀ ਨਹੀਂ ਕੌਮ ਨਾਲ ਖੜ੍ਹਣ ਦੀ ਲੋੜ ਹੈ।

PunjabKesari

ਇਸ ਮੌਕੇ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਅਣਦੇਖੀ ਦਾ ਸ਼ਿਕਾਰ ਹੋਏ ਸਾਰੇ ਪੁਰਾਣੇ ਸਾਥੀਆਂ ਅਤੇ ਵਫਾਦਾਰ ਵਰਕਰਾਂ ਨੂੰ ਪੰਥ ਦੀ ਸੇਵਾ ਕਰਨ ਲਈ ਮਨਾਉਣ ਲਈ ਉਹ ਘਰ-ਘਰ ਜਾਣਗੇ। ਇਸ ਤੋਂ ਪਹਿਲਾਂ ਬੀਬੀ ਮਹਿੰਦਰ ਕੌਰ ਤਲਵੰਡੀ ਨੇ ਸੁਖਦੇਵ ਸਿੰਘ ਢੀਂਡਸਾ ਨੂੰ ਲੋਈ ਅਤੇ ਸਿਰੋਪਾਓ ਦੇ ਕੇ ਸਨਮਾਨਤ ਵੀ ਕੀਤਾ। ਇਸ ਮੌਕੇ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ, ਬੀਬੀ ਪਰਮਜੀਤ ਕੌਰ ਗੁਲਸ਼ਨ, ਨਿਧੱੜਕ ਸਿੰਘ ਬਰਾੜ, ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ, ਗਗਨਪ੍ਰੀਤ ਸਿੰਘ ਬੈਂਸ, ਹਰਸ਼ਰਨ ਸਿੰਘ ਭਾਤਪੁਰ ਜੱਟਾਂ, ਸੁਖਜੀਤ ਸਿੰਘ, ਗੁਰਸੇਵ ਸਿੰਘ ਹਰਪਾਲਪੁਰ, ਅਮਨਦੀਪ ਸਿੰਘ ਅਬਿਆਨਾ, ਮਨਜੀਤ ਸਿੰਘ ਭੋਮਾਂ, ਸਰਬਜੀਤ ਸਿੰਘ ਜੰਮੂ, ਸ਼ਵਿੰਦਰ ਸਿੰਘ ਬਰਾੜ ਐਡਵੋਕੇਟ ਬਠਿੰਡਾ ਸਮੇਤ ਹੋਰ ਆਗੂ ਅਤੇ ਵਰਕਰ ਮੌਜੂਦ ਸਨ।

ਇਥੇ ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਬਣੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਨਵੀਂ ਸਿਆਸੀ ਪਾਰੀ ਲਈ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਉਨ੍ਹਾਂ ਵੱਲੋਂ ਆਪਣੀ ਅਣਦੇਖੀ ਦਾ ਸ਼ਿਕਾਰ ਹੋ ਕੇ ਘਰਾਂ 'ਚ ਸ਼ਾਂਤ ਬੈਠੇ ਟਕਸਾਲੀ ਅਕਾਲੀ ਪਰਿਵਾਰਾਂ ਨੂੰ ਮਨਾ ਕੇ ਆਪਣੇ ਨਾਲ ਤੋਰਨ ਲਈ ਆਰੰਭੇ ਯਤਨਾਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਇਸੇ ਤਹਿਤ ਅੱਜ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਅਤੇ ਲੋਹ ਪੁਰਸ਼ ਵਜੋਂ ਜਾਣੇ ਜਾਂਦੇ ਰਹੇ ਮਰਹੂਮ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਪੁੱਤਰ ਅਤੇ ਸਾਬਕਾ ਅਕਾਲੀ ਵਿਧਾਇਕ ਜਥੇਦਾਰ ਰਣਜੀਤ ਸਿੰਘ ਤਲਵੰਡੀ ਆਪਣੇ ਸਾਥੀਆਂ ਸਮੇਤ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋ ਗਏ ਹਨ। ਇਸ ਸਬੰਧੀ ਕੋਵਿਡ-19 ਸਬੰਧੀ ਜ਼ਰੂਰੀ ਹਦਾਇਤਾਂ ਅਤੇ ਸਮਾਜਿਕ ਦੂਰੀ ਨੂੰ ਧਿਆਨ 'ਚ ਰੱਖਦੇ ਮੋਹਾਲੀ ਸਥਿਤ ਗੁਰਦੁਆਰਾ ਸਾਹਿਬ ਸ਼੍ਰੋਮਣੀ ਭਗਤ ਸ੍ਰੀ ਨਾਮਦੇਵ ਜੀ ਫੇਜ਼-11 'ਚ ਇਕ ਸਾਧਾਰਨ ਜਿਹਾ ਪ੍ਰੋਗਰਾਮ ਰੱਖਿਆ ਗਿਆ ਸੀ, ਜਿਸ 'ਚ ਬਹੁਤ ਹੀ ਘੱਟ ਵਿਅਕਤੀਆਂ ਨੂੰ ਪਹੁੰਚਣ ਲਈ ਸੱਦਾ ਗਿਆ ਸੀ।


author

shivani attri

Content Editor

Related News