ਅਕਾਲੀ ਦਲ ਦੇ ਉੱਘੇ ਆਗੂ ਤੇ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ ਨੇ ਪਾਰਟੀ ਤੋਂ ਦਿੱਤਾ ਅਸਤੀਫ਼ਾ
Saturday, Dec 17, 2022 - 01:12 PM (IST)
ਜਲੰਧਰ (ਜ.ਬ.- ਸ਼੍ਰੋਮਣੀ ਅਕਾਲੀ ਦਲ ਦੇ ਕੱਦਾਵਰ ਆਗੂ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਜ਼ਦੀਕੀ ਮਨਜੀਤ ਸਿੰਘ ਟੀਟੂ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਸ਼ੁੱਕਰਵਾਰ ਸ਼ਾਮ ਅਚਾਨਕ ਅਸਤੀਫ਼ਾ ਦੇ ਦਿੱਤਾ। ਟੀਟੂ ਵੱਲੋਂ ਅਸਤੀਫ਼ਾ ਦੇਣ ਨਾਲ ਜਿੱਥੇ ਪਾਰਟੀ ਆਗੂਆਂ ਵਿਚ ਖਲਬਲੀ ਮਚ ਗਈ ਹੈ, ਉਥੇ ਹੀ ਪਾਰਟੀ ਦੇ ਉੱਚ ਆਗੂਆਂ ਵਿਚ ਉਨ੍ਹਾਂ ਨੂੰ ਅਸਤੀਫ਼ਾ ਵਾਪਸ ਲੈਣ ਸਬੰਧੀ ਮਨਾਉਣ ਦੀ ਕਵਾਇਦ ਵੀ ਸ਼ੁਰੂ ਹੋ ਗਈ।
ਗੱਲਬਾਤ ਦੌਰਾਨ ਇਕ ਸਵਾਲ ਦੇ ਜਵਾਬ ਵਿਚ ਮਨਜੀਤ ਸਿੰਘ ਟੀਟੂ ਨੇ ਕਿਹਾ ਕਿ ਉਨ੍ਹਾਂ ਪਾਰਟੀ ਦੀ 30-35 ਸਾਲ ਤੋਂ ਵੱਧ ਸੇਵਾ ਕੀਤੀ ਹੈ। ਉਹ ਪਾਰਟੀ ਦੇ ਨਾਲ ਹਰ ਸਮੇਂ ਚੱਟਾਨ ਵਾਂਗ ਖੜ੍ਹੇ ਰਹੇ ਅਤੇ ਪਾਰਟੀ ਦੇ ਹਰ ਪ੍ਰੋਗਰਾਮ ਨੂੰ ਈਮਾਨਦਾਰੀ ਅਤੇ ਵਫ਼ਾਦਾਰੀ ਨਾਲ ਨੇਪਰੇ ਚਾੜ੍ਹਿਆ। ਪਾਰਟੀ ਨੇ ਉਨ੍ਹਾਂ ਨੂੰ ਇਸ ਦੌਰਾਨ ਕਾਫ਼ੀ ਮਾਣ-ਸਤਿਕਾਰ ਵੀ ਬਖ਼ਸ਼ਿਆ, ਜਿਸ ਦੇ ਲਈ ਉਹ ਪਾਰਟੀ ਦੇ ਸ਼ੁਕਰਗੁਜ਼ਾਰ ਹਨ ਪਰ ਪਿਛਲੇ ਕੁਝ ਮਹੀਨਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਜਲੰਧਰ ਸ਼ਹਿਰੀ ਦੇ ਪ੍ਰਧਾਨ ਜਥੇ. ਕੁਲਵੰਤ ਸਿੰਘ ਮੰਨਣ ਨੇ ਉਨ੍ਹਾਂ ਨੂੰ ਪਾਰਟੀ ਵਿਚ ਇਕ ਖੂੰਜੇ ਲਾ ਦਿੱਤਾ ਹੈ ਅਤੇ ਕੁਝ ਹੋਰ ਲੋਕ ਉਨ੍ਹਾਂ ਨੂੰ ਕਾਫ਼ੀ ਦੇਰ ਤੋਂ ਪ੍ਰੇਸ਼ਾਨ ਕਰ ਰਹੇ ਸਨ, ਜਿਸ ਕਾਰਨ ਪਾਰਟੀ ਵਿਚ ਉਨ੍ਹਾਂ ਦਾ ਸਾਹ ਘੁਟ ਰਿਹਾ ਸੀ, ਇਸੇ ਕਰਕੇ ਉਹ ਅਸਤੀਫ਼ਾ ਦੇਣ ’ਤੇ ਮਜਬੂਰ ਹੋ ਗਏ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਹੁਣ ਵਫ਼ਾਦਾਰ ਅਤੇ ਪੁਰਾਣੇ ਵਰਕਰਾਂ ਦੀ ਕਦਰ ਨਹੀਂ ਰਹਿ ਗਈ, ਸਗੋਂ ਕੁਝ ਅਜਿਹੇ ਲੋਕਾਂ ਦਾ ਗਲਬਾ ਬਣ ਗਿਆ ਹੈ, ਜਿਹੜੇ ਪਾਰਟੀ ਵਿਚ ਰਹਿ ਕੇ ਆਪਣੇ ਨਿੱਜੀ ਫਾਇਦੇ ਲੈਣ ਵਿਚ ਰੁੱਝੇ ਹੋਏ ਹਨ।
ਇਹ ਵੀ ਪੜ੍ਹੋ : ਐੱਨ. ਆਰ. ਆਈਜ਼ ਦੇ ਮਸਲੇ ਨਿਪਟਾਉਣ ਲਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਵੱਡਾ ਬਿਆਨ
ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਆਪਣੇ ਵਾਰਡ ਤੋਂ ਕੌਂਸਲਰ ਵੀ ਰਹੇ ਹਨ ਅਤੇ ਉਨ੍ਹਾਂ ਅਸਤੀਫਾ ਦੇਣ ਤੋਂ ਪਹਿਲਾਂ ਆਪਣੇ ਵਾਰਡ ਵਾਸੀਆਂ ਅਤੇ ਹੋਰ ਆਗੂਆਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਹੀ ਇਹ ਕਦਮ ਚੁੱਕਿਆ ਹੈ। ਆਪਣੇ ਅਸਤੀਫੇ ਦੀ ਕਾਪੀ ਉਨ੍ਹਾਂ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਮੰਨਣ ਨੂੰ ਵ੍ਹਟਸਐਪ ਅਤੇ ਮੇਲ ਕਰ ਦਿੱਤੀ ਹੈ।
ਅਕਾਲੀ ਦਲ ਦੇ ਚੋਣ ਨਿਸ਼ਾਨ ’ਤੇ ਨਿਗਮ ਚੋਣ ਜਿੱਤ ਕੇ ਬਣੇ ਸਨ ਕੌਂਸਲਰ
ਟੀਟੂ ਨੇ ਦੱਸਿਆ ਕਿ ਉਹ ਮੌਜੂਦਾ ਦੌਰ ਵਿਚ ਅਕਾਲੀ ਦਲ ਦੇ ਜ਼ਿਲ੍ਹਾ ਵਪਾਰ ਸੈੱਲ ਦੇ ਪ੍ਰਧਾਨ ਹਨ ਅਤੇ ਇਸ ਤੋਂ ਪਹਿਲਾਂ ਉਹ ਵਾਰਡ ਨੰਬਰ 44 ਤੋਂ ਅਕਾਲੀ ਦਲ ਦੇ ਚੋਣ ਨਿਸ਼ਾਨ ’ਤੇ ਜਿੱਤ ਕੇ ਕੌਂਸਲਰ ਵੀ ਚੁਣੇ ਗਏ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਨਾਲ-ਨਾਲ ਅਜੋਕੇ ਸਮੇਂ ਕਈ ਹੋਰ ਪਾਰਟੀ ਆਗੂ ਤੇ ਵਰਕਰ ਵੀ ਪਾਰਟੀ ਛੱਡਣ ’ਤੇ ਮਜਬੂਰ ਹੋ ਚੁੱਕੇ ਹਨ ਕਿਉਂਕਿ ਹੁਣ ਨਿੱਜੀ ਫਾਇਦੇ ਲੈਣ ਵਾਲਿਆਂ ਨੇ ਅਕਾਲੀ ਦਲ ਵਿਚ ਜਗ੍ਹਾ ਬਣਾ ਲਈ ਹੈ।
ਇਹ ਵੀ ਪੜ੍ਹੋ : ਝਾਰਖੰਡ ਤੋਂ ਕੋਲੇ ਦੀ ਰੇਲਵੇ ਰੈਕ ਪਹੁੰਚੀ ਰੂਪਨਗਰ, CM ਮਾਨ ਦਾ ਦਾਅਵਾ ਹੁਣ 30 ਸਾਲ ਤੱਕ ਨਹੀਂ ਹੋਵੇਗੀ ਕੋਲੇ ਦੀ ਘਾਟ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ