ਭਾਰਤ ਦੀ ਸੀਨੀਅਰ ਹਾਕੀ ਟੀਮ ਦੇ ਕੈਂਪ ਲਈ ਪੰਜਾਬ ਦੀਆਂ 4 ਖਿਡਾਰਨਾਂ ਨੂੰ ਮਿਲੀ ਜਗ੍ਹਾ
Friday, Apr 26, 2019 - 11:30 AM (IST)
ਬਠਿੰਡਾ— ਹਾਕੀ ਇੰਡੀਆ ਵੱਲੋਂ ਭਾਰਤ ਦੀ ਸੀਨੀਅਰ ਟੀਮ ਦੇ ਕੈਂਪ ਲਈ ਪੰਜਾਬ ਦੀਆਂ 4 ਖਿਡਾਰਨਾਂ ਦੀ ਚੋਣ ਕੀਤੀ ਗਈ ਹੈ, ਇਨ੍ਹਾਂ 'ਚੋਂ 3 ਖਿਡਾਰਨਾਂ ਇਕੱਲੇ ਹਾਕੀ ਸੈਂਟਰ ਬਠਿੰਡਾ ਦੀਆਂ ਹਨ। ਚਾਰੇ ਖਿਡਾਰਨਾਂ ਬੈਂਗਲੁਰੂ ਦੇ ਸਾਈ ਸੈਂਟਰ 'ਚ 26 ਅਪ੍ਰੈਲ ਤੋਂ 9 ਮਈ ਤਕ ਲੱਗਣ ਵਾਲੇ ਸੀਨੀਅਰ ਵੁਮੈਨ ਨੈਸ਼ਨਲ ਕੋਚਿੰਗ ਕੈਂਪ 'ਚ ਹਿੱਸਾ ਲੈਣਗੀਆਂ।
ਕੈਂਪ ਲਈ ਦੇਸ਼ ਭਰ 'ਚੋਂ ਕੁਲ 60 ਖਿਡਾਰਨਾਂ ਲਈਆਂ ਗਈਆਂ ਹਨ। ਬਠਿੰਡਾ ਹਾਕੀ ਸੈਂਟਰ ਦੀਆਂ ਖਿਡਾਰਨਾਂ ਰਾਜਵਿੰਦਰ ਕੌਰ ਤਰਨਤਾਰਨ, ਵੰਦਨਾ ਬਠਿੰਡਾ, ਰਜਨੀ ਬਾਲਾ ਅਤੇ ਗੁਰਜੀਤ ਕੌਰ ਤਰਨਤਾਰਨ ਹਾਕੀ ਇੰਡੀਆ ਵੱਲੋਂ ਹਿਸਾਰ (ਹਰਿਆਣਾ) ਵਿਖੇ ਕਰਵਾਈ ਗਈ ਸੀਨੀਅਰ ਵਰਗ ਦੀ ਕੌਮੀ ਹਾਕੀ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ, ਜਿਸ ਦੀ ਬਦੌਲਤ ਇਨ੍ਹਾਂ ਦੀ ਚੋਣ ਕੀਤੀ ਗਈ ਹੈ।
ਇਨ੍ਹਾਂ 'ਚੋਂ ਤਿੰਨ ਖਿਡਾਰਨਾਂ ਰਜਨੀ ਬਾਲਾ, ਰਾਜਵਿੰਦਰ ਕੌਰ ਅਤੇ ਵੰਦਨਾ ਲਗਤਾਰ ਬਠਿੰਡਾ ਹਾਕੀ ਸੈਂਟਰ 'ਚੋਂ ਸਿਖਲਾਈ ਪ੍ਰਾਪਤ ਕਰ ਰਹੀਆਂ ਹਨ। ਬਠਿੰਡਾ ਹਾਕੀ ਸੈਂਟਰ ਦੀਆਂ 3 ਖਿਡਾਰਨਾਂ ਦਾ ਭਾਰਤੀ ਹਾਕੀ ਟੀਮ ਦੀਆਂ ਸੰਭਾਵਿਤ ਖਿਡਾਰਨਾਂ ਦੇ ਕੈਂਪ 'ਚ ਪੁਜਣਾ ਵੱਡੀ ਪ੍ਰਾਪਤੀ ਹੈ। ਇਸ ਦੌਰਾਨ ਖੇਡ ਜਗਤ ਨਾਲ ਜੁੜੇ ਕਈ ਖੇਡ ਅਧਿਕਾਰੀਆਂ ਨੇ ਪੰਜਾਬ ਦੀਆਂ ਹਾਕੀ ਖਿਡਾਰਨਾਂ ਦੀ ਚੋਣ ਹੋਣ ਲਈ ਉਨ੍ਹਾਂ ਨੂੰ ਵਧਾਈ ਦਿੱਤੀ ਹੈ।