ਸੀਨੀਅਰ ਡਿਪਟੀ ਮੇਅਰ ਯੋਗੀ ਨਹੀਂ ਪਹੁੰਚੇ ਮੋਤੀ ਮਹਿਲ ਦੀ ਮੀਟਿੰਗ ’ਚ

Tuesday, Oct 26, 2021 - 09:34 PM (IST)

ਪਟਿਆਲਾ(ਰਾਜੇਸ਼ ਪੰਜੌਲਾ)- ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਅਹੁਦੇ ਤੋਂ ਹਟਣ ਅਤੇ ਨਵੀਂ ਪਾਰਟੀ ਦਾ ਐਲਾਨ ਕਰਨ ਤੋਂ ਬਾਅਦ ਜਿਥੇ ਪੰਜਾਬ ਸਰਕਾਰ ਨੇ ਪਟਿਆਲਾ ’ਤੇ ਫੋਕਸ ਕਰ ਲਿਆ ਹੈ, ਉਥੇ ਹੀ ਸਖਤੀ ਦੌਰਾਨ ਐੱਮ. ਪੀ. ਮਹਾਰਾਣੀ ਪ੍ਰਨੀਤ ਕੌਰ ਅਤੇ ਉਨ੍ਹਾਂ ਦੀ ਸਪੁੱਤਰੀ ਬੀਬਾ ਜੈਇੰਦਰ ਕੌਰ ਨੇ ਮੀਟਿੰਗਾਂ ਦਾ ਸਿਲਸਿਲਾ ਤੇਜ਼ ਕਰ ਦਿੱਤਾ ਹੈ। ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਪੂਰੀ ਤਰ੍ਹਾਂ ਕਮਾਂਡ ਸੰਭਾਲ ਲਈ ਹੈ ਅਤੇ ਉਹ ਵਾਰਡ ਵਾਈਜ਼ ਮੀਟਿੰਗਾਂ ਕਰਵਾ ਰਹੇ ਹਨ। ਜਿਥੇ ਮੇਅਰ ਸੰਜੀਵ ਬਿੱਟੂ ਡਟ ਕੇ ਸਾਬਕਾ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਧਡ਼ੇ ਨਾਲ ਖਡ਼੍ਹੇ ਹੋ ਗਏ ਹਨ, ਉਥੇ ਹੀ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਨੇ ਮੋਤੀ ਮਹਿਲ ਤੋਂ ਦੂਰੀਆਂ ਬਣਾ ਲਈਆਂ ਹਨ। ਐੱਮ. ਪੀ. ਮਹਾਰਾਣੀ ਪ੍ਰਨੀਤ ਕੌਰ ਅਤੇ ਬੀਬਾ ਜੈਇੰਦਰ ਕੌਰ ਵੱਲੋਂ ਵਾਰਡ ਵਾਈਜ਼ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ : ਅਰੁਣਾ ਚੌਧਰੀ ਵੱਲੋਂ ਫ਼ਸਲਾਂ ਦੇ ਨੁਕਸਾਨ ਲਈ ਵਿਸ਼ੇਸ਼ ਗਿਰਦਾਵਰੀ ਕਰਨ ਦੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼

ਸੂਤਰਾਂ ਅਨੁਸਾਰ ਵਾਰਡ ਨੰਬਰ 48 ਦੇ ਕੌਂਸਲਰ ਅਤੇ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਮੋਤੀ ਮਹਿਲ ਵੱਲੋਂ ਬੁਲਾਉਣ ਦੇ ਬਾਵਜੂਦ ਇਸ ਮੀਟਿੰਗ ’ਚ ਨਹੀਂ ਗਏ, ਜਿਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਉਹ ਕਾਂਗਰਸ ਨਾਲ ਰਹਿਣਗੇ। ਬੇਸ਼ੱਕ ਯੋਗੀ ਨੂੰ ਮਹਾਰਾਣੀ ਪ੍ਰਨੀਤ ਕੌਰ ਨੇ ਸ਼ਹਿਰ ਦਾ ਸੀਨੀਅਰ ਡਿਪਟੀ ਬਣਾ ਦਿੱਤਾ ਸੀ ਪਰ 100 ਫੀਸਦੀ ਸੁਣਵਾਈ ਮੇਅਰ ਸੰਜੀਵ ਸ਼ਰਮਾ ਬਿੱਟੂ ਦੀ ਹੁੰਦੀ ਸੀ, ਜਿਸ ਕਾਰਨ ਯੋਗੀ ਸ਼ੁਰੂ ਤੋਂ ਹੀ ਘੁਟਣ ਮਹਿਸੂਸ ਕਰ ਰਹੇ ਸਨ ਪਰ ਮਜਬੂਰੀ ਹੋਣ ਕਾਰਨ ਉਹ ਚੁੱਪ ਰਹੇ। ਹੁਣ ਸਿਆਸੀ ਮਾਹੌਲ ਬਦਲ ਚੁੱਕਾ ਹੈ, ਜਿਸ ਕਰ ਕੇ ਯੋਗੀ ਨੇ ਮੀਟਿੰਗ ’ਚ ਨਾ ਜਾਣ ਦਾ ਫੈਸਲਾ ਕੀਤਾ।

ਮੀਟਿੰਗ ’ਚ ਮੇਅਰ ਸੰਜੀਵ ਸ਼ਰਮਾ ਬਿੱਟੂ, ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਐੱਸ. ਐੱਸ. ਘੁੰਮਣ, ਬਲਾਕ ਕਾਂਗਰਸ ਪ੍ਰਧਾਨ ਨਰੇਸ਼ ਦੁੱਗਲ, ਬਲਾਕ ਕਾਂਗਰਸ ਪ੍ਰਧਾਨ ਅਤੁਲ ਜੋਸ਼ੀ ਤੋਂ ਇਲਾਵਾ ਇਕ ਦਰਜਨ ਦੇ ਲਗਭਗ ਸ਼ਹਿਰੀ ਕੌਂਸਲਰਾਂ ਨੇ ਸ਼ਿਰਕਤ ਕੀਤੀ। ਮਹਾਰਾਣੀ ਪ੍ਰਨੀਤ ਕੌਰ ਅਤੇ ਬੀਬਾ ਜੈਇੰਦਰ ਕੌਰ ਨੇ ਹਰ ਵਾਰਡ ਦੇ ਬੂਥ ਲੈਵਲ ਵਰਕਰਾਂ ਅਤੇ ਬੂਥ ਸੰਭਾਲਣ ਵਾਲੇ ਵਰਕਰਾਂ ਨਾਲ ਵੱਖਰੇ ਤੌਰ ’ਤੇ ਮੀਟਿੰਗ ਕੀਤੀ। ਜਿਥੇ ਪੰਜਾਬ ਸਰਕਾਰ ਵੱਲੋਂ ਸਖਤੀ ਕੀਤੀ ਜਾ ਰਹੀ ਹੈ, ਉਥੇ ਹੀ ਮਹਾਰਾਣੀ ਪ੍ਰਨੀਤ ਕੌਰ ਵੱਲੋਂ ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਹੁਣ ਤੱਕ ਉਹ ਪਟਿਆਲਾ ਸ਼ਹਿਰ ਵਿਚ ਪੈਂਦੇ 25 ਵਾਰਡਾਂ ਦੀ ਮੀਟਿੰਗ ਕਰ ਚੁੱਕੇ ਹਨ। ਬਾਕੀ ਵਾਰਡਾਂ ਨਾਲ ਵੀ ਇਕ ਦੋ ਦਿਨਾਂ ’ਚ ਮੀਟਿੰਗਾਂ ਦਾ ਸਿਲਸਿਲਾ ਮੁਕੰਮਲ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਕਿਸਾਨ ਸੰਘਰਸ਼ ਦੇ ਹਮਾਇਤੀ ਅਮਰੀਕੀ ਕਾਰੋਬਾਰੀ ਧਾਲੀਵਾਲ ਨੂੰ ਲੈ ਕੇ ਜਥੇਦਾਰ ਹਰਪ੍ਰੀਤ ਸਿੰਘ ਨੇ ਦਿੱਤਾ ਵੱਡਾ ਬਿਆਨ

ਸੂਤਰਾਂ ਅਨੁਸਾਰ ਜ਼ਿਆਦਾਤਰ ਕੌਂਸਲਰਾਂ ਨੇ ਕਿਹਾ ਹੈ ਕਿ ਉਹ ਡਟ ਕੇ ਕੈ. ਅਮਰਿੰਦਰ ਸਿੰਘ ਨਾਲ ਖਡ਼੍ਹਣਗੇ। ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਜਦੋਂ ਪੰਜਾਬ ਸਰਕਾਰ ਦੀਆਂ ਮੰਤਰੀਆਂ ਤੇ ਪੰਜਾਬ ਕਾਂਗਰਸ ਵੱਲੋਂ ਇਨ੍ਹਾਂ ਕੌਂਸਲਰਾਂ ਨੂੰ ਬੁਲਾਇਆ ਜਾਵੇਗਾ, ਕਿੰਨੇ ਕੁ ਕੌਂਸਲਰ ਕਾਂਗਰਸ ਤੇ ਸ਼ਹਿਰ ਦੇ ਕਹਿਣ ਤੋਂ ਉਨ੍ਹਾਂ ਕੋਲ ਜਾਂਦੇ ਹਨ।


Bharat Thapa

Content Editor

Related News