ਜਨਾਨੀ ਨੇ ਪ੍ਰਧਾਨ ਮੰਤਰੀ ਤੋਂ ਮੰਗੀ ਸਵੈ ਇੱਛਾ ਮੌਤ ਦੀ ਮਨਜ਼ੂਰੀ,ਜਾਣੋ ਵਜ੍ਹਾ
Saturday, Jul 11, 2020 - 02:20 PM (IST)
ਬਠਿੰਡਾ (ਵਰਮਾ): ਰਾਮਪੁਰਾ ਵਾਸੀ ਬਜ਼ੁਰਗ ਜਨਾਨੀ ਸੱਤਿਆ ਦੇਵੀ ਨੇ ਸ਼ੁੱਕਰਵਾਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇੱਕ ਲਿਖਤੀ ਪੱਤਰ ਭੇਜ ਕੇ ਸਵੈ ਇੱਛਾ ਮੌਤ ਦੀ ਮਨਜ਼ੂਰੀ ਮੰਗੀ ਹੈ। ਜਨਾਨੀ ਨੇ ਡਿਪਟੀ ਕਮਿਸ਼ਨਰ, ਐੱਸ.ਐੱਸ.ਪੀ. ਬਠਿੰਡਾ ਤੋਂ ਇਨਸਾਫ਼ ਨਾ ਮਿਲਣ ਕਰ ਕੇ ਉਕਤ ਮਨਜ਼ੂਰੀ ਦੀ ਮੰਗ ਕੀਤੀ ਹੈ। ਪ੍ਰਧਾਨ ਮੰਤਰੀ ਨੂੰ ਚਿੱਠੀ ਭੇਜਣ ਵਾਲੀ ਸੀਨੀਅਰ ਸਿਟੀਜ਼ਨ ਜਨਾਨੀ ਸੱਤਿਆ ਦੇਵੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਰਾਮਪੁਰਾ ਵਿਖੇ ਉਸ ਦਾ ਜੱਦੀ ਘਰ ਹੈ। ਜਿਸ 'ਚ ਉਹ ਆਪਣੇ ਮੁੰਡਿਆਂ ਨਾਲ ਰਹਿ ਰਹੀ ਹੈ। ਉਸਨੇ ਦੱਸਿਆ ਕਿ ਉਸ ਦੇ ਗੁਆਂਢੀ ਕੋਲ ਆਪਣੀ ਮਾਲਕੀ ਵਾਲੀ 46 ਗਜ਼ ਜਗ੍ਹਾ ਸੀ। ਇਸ ਜਗ੍ਹਾ ਨੂੰ ਉਸ ਨੇ ਚਾਉਕੇ ਵਾਸੀ ਜਿਊਲਰ ਮਾਲਕ ਨੂੰ ਵੇਚ ਦਿੱਤਾ ਸੀ। ਜਨਾਨੀ ਨੇ ਦੱਸਿਆ ਕਿ ਉਕਤ ਮੁਲਜ਼ਮ ਨੇ ਆਪਣੀ 46 ਗਜ਼ ਜਗ੍ਹਾ ਦੇ ਨਾਲ-ਨਾਲ ਉਸ ਦੀ ਮਾਲਕੀ ਵਾਲੀ 50 ਗਜ਼ ਹੋਰ ਜਗ੍ਹਾ ਜਾਅਲੀ ਤਰੀਕੇ ਨਾਲ ਉਕਤ ਮੁਲਜ਼ਮ ਨੂੰ ਵੇਚ ਕੇ ਦੋ ਜਨਾਨੀਆਂ ਦੇ ਨਾਂ ਵੱਖ-ਵੱਖ ਦੋ ਰਜਿਸਟਰੀਆਂ ਕਰਵਾ ਦਿੱਤੀਆਂ ਸਨ।
ਇਹ ਵੀ ਪੜ੍ਹੋ: ਪੜ੍ਹਾਈ 'ਚ ਮਾਰੀਆਂ ਖੂਬ ਮੱਲਾਂ ਪਰ ਫਿਰ ਵੀ ਨਾ ਮਿਲੀ ਨੌਕਰੀ, ਇੰਝ ਚਲਾ ਰਿਹੈ ਘਰ (ਵੀਡੀਓ)
ਪੀੜਤ ਜਨਾਨੀ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੇ ਇਹ ਸਭ ਕੁੱਝ ਉਸ ਸਮੇਂ ਕੀਤਾ ਜਦ ਉਹ ਆਪਣੇ ਵਿਦੇਸ਼ ਰਹਿੰਦੇ ਮੁੰਡਿਆਂ ਨੂੰ ਮਿਲਣ ਲਈ ਵਿਦੇਸ਼ ਗਈ ਹੋਈ ਸੀ। ਜਦ ਉਸ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਸ ਨੇ ਦੋਵਾਂ ਖ਼ਿਲਾਫ਼ ਨਾਜਾਇਜ਼ ਕਬਜ਼ੇ ਬਾਰੇ ਡਿਪਟੀ ਕਮਿਸ਼ਨਰ, ਐੱਸ.ਐੱਸ.ਪੀ. ਬਠਿੰਡਾ ਨੂੰ ਲਿਖਤੀ ਸ਼ਿਕਾਇਤਾਂ ਦਿੱਤੀਆਂ ਪਰ ਕਿਸੇ ਵੀ ਅਧਿਕਾਰੀ ਨੇ ਕੋਈ ਸੁਣਵਾਈ ਨਹੀਂ ਕੀਤੀ।ਪੀੜਤ ਜਨਾਨੀ ਵਲੋਂ ਰਾਮਪੁਰਾ ਦੇ ਪੁਲਸ ਅਧਿਕਾਰੀਆਂ 'ਤੇ ਵੀ ਕਾਰਵਾਈ ਨਾ ਕਰਨ ਦੇ ਦੋਸ਼ ਲਾਏ ਹਨ। ਜਨਾਨੀ ਨੇ ਕਿਹਾ ਕਿ ਉਸ ਨੂੰ ਹੁਣ ਇਨਸਾਫ਼ ਮਿਲਣ ਦੀ ਉਮੀਦ ਖਤਮ ਹੋ ਗਈ ਸੀ ਤਾਂ ਉਸ ਨੂੰ ਹੁਣ ਮੌਤ ਮੰਗਣ ਲਈ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਣਾ ਪਿਆ। ਇਸ ਸਬੰਧੀ ਐੱਸ. ਐੱਸ. ਪੀ. ਨਾਨਕ ਸਿੰਘ ਨੇ ਕਿਹਾ ਕਿ ਉਨ੍ਹਾਂ ਉਕਤ ਮਾਮਲੇ ਦੀ ਰਿਪੋਰਟ ਡੀ.ਐੱਸ.ਪੀ. ਫੂਲ ਕੋਲੋਂ ਮੰਗੀ ਹੈ ਅਤੇ ਮਾਮਲੇ ਦੀ ਪੜਤਾਲ ਕਰ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਸਾਈਪ੍ਰਸ 'ਚ ਫਸੇ ਨੌਜਵਾਨਾਂ ਦੀ ਵਤਨ ਵਾਪਸੀ ਲਈ ਬੀਬਾ ਬਾਦਲ ਵਲੋਂ ਕੀਤੇ ਯਤਨ ਰੰਗ ਲਿਆਏ