ਅਕਾਲੀ ਦਲ ਦੇ ਸੀਨੀਅਰ ਆਗੂ ਕਮਲਜੀਤ ਸਿੰਘ ਘੁੰਮਣ ਦੀ ਕਰੰਟ ਲੱਗਣ ਕਾਰਨ ਮੌਤ

Saturday, Jun 04, 2022 - 01:31 PM (IST)

ਅਕਾਲੀ ਦਲ ਦੇ ਸੀਨੀਅਰ ਆਗੂ ਕਮਲਜੀਤ ਸਿੰਘ ਘੁੰਮਣ ਦੀ ਕਰੰਟ ਲੱਗਣ ਕਾਰਨ ਮੌਤ

ਭੋਗਪੁਰ (ਸੂਰੀ)-  ਹਲਕਾ ਕਰਤਾਰਪੁਰ ਦੇ ਸਰਕਲ ਜਮਾਲਪੁਰ ਦੇ ਅਕਾਲੀ ਦਲ ਬਾਦਲ ਦੇ ਸਰਕਲ  ਜੱਥੇਦਾਰ ਅਤੇ ਸੀਨੀਅਰ ਅਕਾਲੀ ਆਗੂ ਕਮਲਜੀਤ ਸਿੰਘ ਘੁੰਮਣ ਨੂੰ ਬੀਤੀ ਰਾਤ ਜਨਰੇਟਰ ਬੰਦ ਕਰਦੇ ਸਮੇਂ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ। ਬਲਾਕ ਭੋਗਪੁਰ ਦੇ ਪਿੰਡ ਜਮਾਲਪੁਰ ਦੇ ਵਸਨੀਕ ਕਮਲਜੀਤ ਸਿੰਘ ਘੁੰਮਣ ਬੀਤੀ ਰਾਤ ਆਪਣੇ ਖੇਤਾਂ ਵਿੱਚ ਜਰਨੇਟਰ ਚਲਾ ਕੇ ਫ਼ਸਲਾਂ ਨੂੰ ਪਾਣੀ ਲਗਾ ਰਹੇ ਸਨ। ਫ਼ਸਲਾਂ ਨੂੰ ਪਾਣੀ ਲਗਾਉਣ ਲਈ ਦੋ ਟਰੈਕਟਰਾਂ 'ਤੇ ਵੱਖ-ਵੱਖ ਯੂਨਿਟ ਚੱਲ ਰਹੇ ਸਨ। ਬੀਤੀ ਰਾਤ 11 ਵਜੇ ਦੇ ਕਰੀਬ ਜਦੋਂ ਉਨ੍ਹਾਂ ਨੇ ਕੰਮ ਖ਼ਤਮ ਕਰਕੇ ਇਕ ਟਰੈਕਟਰ ਬੰਦ ਕਰ ਦਿੱਤਾ ਅਤੇ ਦੂਜੇ ਟਰੈਕਟਰ ਦੇ ਜਰਨੇਟਰ ਦਾ ਸਵਿੱਚ ਕੱਟ ਕੇ ਤਾਰਾਂ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਸਵਿੱਚ ਵਿੱਚ ਖ਼ਰਾਬੀ ਆ ਜਾਣ ਕਾਰਨ ਬਿਜਲੀ ਸਪਲਾਈ ਚਾਲੂ ਰਹੀ, ਜਿਸ ਕਾਰਨ ਉਨ੍ਹਾਂ ਨੂੰ ਕਰੰਟ ਲੱਗ ਗਿਆ। 

ਉਨ੍ਹਾਂ ਨਾਲ ਕੰਮ ਕਰ ਰਹੇ ਨੌਕਰ ਨੇ ਤੁਰੰਤ ਟਰੈਕਟਰ ਬੰਦ ਕੀਤਾ ਅਤੇ ਉਨ੍ਹਾਂ ਨੂੰ ਤੁਰੰਤ ਭੋਗਪੁਰ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਜਲੰਧਰ ਰੈਫ਼ਰ ਕਰ ਦਿੱਤਾ ਗਿਆ ਪਰ ਜਲੰਧਰ ਪੁੱਜਣ 'ਤੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਜੱਥੇਦਾਰ ਘੁੰਮਣ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਇਲਾਕੇ ਭਰ ਵਿਚੋਂ ਭਾਰੀ ਗਿਣਤੀ ਵਿੱਚ ਅਕਾਲੀ ਆਗੂ ਅਤੇ ਸਮਾਜ ਸੇਵੀ ਲੋਕ ਉਨ੍ਹਾਂ ਦੇ ਘਰ ਅਫਸੋਸ ਕਰਨ ਲਈ ਪੁੱਜ ਗਏ। 

ਇਹ ਵੀ ਪੜ੍ਹੋ: ਪੰਜਾਬ ’ਚ 45 ਗੈਂਗਸਟਰਾਂ ਸਰਗਰਮ, ਗਾਇਕਾਂ ਤੇ ਅਭਿਨੇਤਾਵਾਂ ਤੋਂ ਲੈ ਵੀ ਚੁੱਕੇ ਨੇ 10-10 ਲੱਖ ਦੀ ਰੰਗਦਾਰੀ

ਸਾਬਕਾ ਚੇਅਰਮੈਨ ਅਤੇ ਅਕਾਲੀ ਦਲ ਦੇ ਉੱਪ ਪ੍ਰਧਾਨ ਗੁਰਦੀਪ ਸਿੰਘ ਲਾਹਦੜਾ ਸ਼ਬਦਲ ਸਿਘ ਤਲਵੰਡੀ ਅਵਤਾਰ ਸਿੰਘ ਪਚਰੰਗਾ ਸਾਬਕਾ ਉੱਪ ਚੇਅਰਮੈਨ ਗੁਰਚਰਨ ਕੋਟਲੀ ਸਮੇਤ ਭਾਰੀ ਗਿਣਤੀ ਵਿੱਚ ਆਗੂਆਂ ਨੇ ਘੁੰਮਣ ਦੇ ਘਰ ਪੁੱਜ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਹੈ। ਸਵਰਗੀ ਜੱਥੇਦਾਰ ਕਮਲਜੀਤ ਸਿੰਘ ਘੁੰਮਣ ਦੇ ਭਰਾ ਹਰਪ੍ਰੀਤ ਸਿੰਘ ਘੁੰਮਣ ਨੇ ਦੱਸਿਆ ਹੈ ਕਿ ਘੁੰਮਣ ਦੀ ਬੇਟੀ ਕੈਨੇਡਾ ਵਿੱਚ ਹੈ ਜੋਕਿ ਐਤਵਾਰ ਸ਼ਾਮ ਵਾਪਸ ਪਰਤ ਰਹੀ ਹੈ ਅਤੇ ਸੋਮਵਾਰ ਸਵੇਰੇ ਪਿੰਡ ਜਮਾਲਪੁਰ ਦੇ ਸ਼ਮਸ਼ਾਨਘਾਟ ਵਿੱਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। 

ਇਹ ਵੀ ਪੜ੍ਹੋ: ਪੰਜਾਬ ਦੇ 2700 ਇੱਟਾਂ ਦੇ ਭੱਠੇ ਅਗਸਤ ਤੋਂ ਅਣਮਿੱਥੇ ਸਮੇਂ ਲਈ ਬੰਦ ਕਰਨ ਦਾ ਐਲਾਨ, ਜਾਣੋ ਕਿਉਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News