ਕਿਸਾਨਾਂ ਨੂੰ ਮਹਿੰਗੇ ਭਾਅ ''ਤੇ ਬੀਜ ਵੇਚਣ ਦੇ ਮਾਮਲੇ ''ਚ ਪਟਿਆਲਾ ਤੋਂ ਬੀਜ ਵਿਕ੍ਰੇਤਾ ਗ੍ਰਿਫ਼ਤਾਰ

Friday, Jun 05, 2020 - 01:33 PM (IST)

ਕਿਸਾਨਾਂ ਨੂੰ ਮਹਿੰਗੇ ਭਾਅ ''ਤੇ ਬੀਜ ਵੇਚਣ ਦੇ ਮਾਮਲੇ ''ਚ ਪਟਿਆਲਾ ਤੋਂ ਬੀਜ ਵਿਕ੍ਰੇਤਾ ਗ੍ਰਿਫ਼ਤਾਰ

ਪਟਿਆਲਾ  (ਬਲਜਿੰਦਰ) : ਪਟਿਆਲਾ ਪੁਲਸ ਨੇ ਪਟਿਆਲਾ ਤੋਂ ਇਕ ਬੀਜ ਵਿਕ੍ਰੇਤਾ ਨੂੰ ਗ੍ਰਿਫ਼ਤਾਰ ਕਰ ਕੇ ਅਣ-ਅਧਿਕਾਰਤ ਤਰੀਕੇ ਨਾਲ ਤੈਅ ਕੀਮਤ ਨਾਲੋਂ ਜ਼ਿਆਦਾ ਰੇਟ 'ਤੇ ਵੇਚੇ ਜਾ ਰਹੇ ਝੋਨੇ ਦੀ ਕਿਸਮ ਪੀ. ਆਰ. 128 ਅਤੇ ਪੀ. ਆਰ. 129 ਦੇ ਬੀਜਾਂ ਦੇ 93 ਥੈਲੇ ਜ਼ਬਤ ਕੀਤੇ ਹਨ। ਇਹ ਜਾਣਕਾਰੀ ਪਟਿਆਲਾ ਦੇ ਜ਼ਿਲ੍ਹਾ ਪੁਲਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦਿੱਤੀ । ਉਨ੍ਹਾਂ ਦੱਸਿਆ ਕਿ ਬੀਜ ਇੰਸਪੈਕਟਰ-ਕਮ-ਖੇਤੀਬਾੜੀ ਵਿਕਾਸ ਅਫਸਰ ਬਲਾਕ ਪਟਿਆਲਾ ਜਸਪਿੰਦਰ ਕੌਰ ਦੀ ਸ਼ਿਕਾਇਤ 'ਤੇ ਥਾਣਾ ਦਾਣਾ ਮੰਡੀ ਵਿਖੇ ਦਰਜ ਮੁਕੱਦਮੇ 'ਚ ਵਿਸ਼ਨੂੰ ਬੀਜ ਸਟੋਰ ਦਾਣਾ ਮੰਡੀ ਪਟਿਆਲਾ ਦੇ ਮਾਲਕ ਰਾਧੇ ਸ਼ਿਆਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਿੱਧੂ ਨੇ ਦੱਸਿਆ ਕਿ ਇਹ ਬੀਜ ਵਿਕ੍ਰੇਤਾ ਝੋਨੇ ਦੇ ਬੀਜਾਂ ਦੀ ਕਿਸਮ ਪੀ. ਆਰ. 128 (ਜਿਨ੍ਹਾਂ ਦੀ ਕੀਮਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ 70 ਰੁਪਏ ਅਤੇ ਪੀ. ਆਰ. 129 ਦੇ ਬੀਜ ਦੀ ਕੀਮਤ 62.50 ਰੁਪਏ ਨਿਰਧਾਰਤ ਕੀਤੀ ਗਈ ਸੀ) ਨੂੰ ਵੇਚਣ ਦਾ ਅਧਿਕਾਰ ਨਹੀਂ ਸੀ ਰੱਖਦਾ ਪਰ ਇਹ ਕਿਸਾਨਾਂ ਨਾਲ ਧੋਖਾਦੇਹੀ ਕਰਦਿਆਂ ਇਹ ਬੀਜ 100 ਰੁਪਏ ਪ੍ਰਤੀ ਕਿਲੋ ਵੇਚ ਰਿਹਾ ਸੀ।

ਬੀਜ ਘੁਟਾਲੇ 'ਚ ਇਕ ਹੋਰ ਕਾਬੂ
ਪੰਜਾਬ ਦੇ ਡੀ. ਜੀ. ਪੀ. ਸ੍ਰੀ ਦਿਨਕਰ ਗੁਪਤਾ ਨੇ ਕਿਸਾਨਾਂ ਨੂੰ ਬੀਜ ਵੇਚਣ ਦੇ ਮਾਮਲੇ ਦੀ ਤਹਿ ਤੱਕ ਪਹੁੰਚਣ ਲਈ ਇੱਕ ਰਾਜ ਪੱਧਰੀ ਵਿਸ਼ੇਸ ਜਾਂਚ ਟੀਮ (ਐੱਸ. ਆਈ. ਟੀ.) ਦਾ ਗਠਨ ਕੀਤਾ ਹੈ। ਇਸੇ ਦੌਰਾਨ ਹੀ ਇਸ ਘੁਟਾਲੇ 'ਚ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਲੁਧਿਆਣਾ ਵਿੱਚ ਅਣ ਅਧਿਕਾਰਤ ਤੌਰ 'ਤੇ ਗੈਰ ਪ੍ਰਮਾਣਿਤ ਝੋਨੇ ਦੇ ਬੀਜ ਵੇਚਣ ਦੇ ਦੋਸ਼ ਹੇਠ 12 ਹੋਰ ਡੀਲਰਸ਼ਿਪਾਂ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਏ. ਡੀ. ਜੀ. ਪੀ., ਪੰਜਾਬ ਬਿਓਰੋ ਆਫ ਇਨਵੈਸਟੀਗੇਸ਼ਨ (ਪੀਬੀਆਈ) ਅਤੇ ਰਾਜ ਅਪਰਾਧ ਰਿਕਾਰਡ ਬਿਓਰੋ (ਐੱਸ. ਸੀ. ਆਰ. ਬੀ.) ਨਰੇਸ਼ ਅਰੋੜਾ ਦੀ ਅਗਵਾਈ ਵਾਲੀ ਇਹ ਨਵੀਂ ਐੱਸ. ਆਈ. ਟੀ.(ਸਿੱਟ) ਹੁਣ ਤੱਕ ਲੁਧਿਆਣਾ ਦੀ ਐੱਸ. ਆਈ. ਟੀ. ਵੱਲੋਂ ਕੀਤੀ ਗਈ ਜਾਂਚ ਨੂੰ ਆਪਣੇ ਹੱਥਾਂ ਵਿੱਚ ਲਵੇਗੀ ਅਤੇ ਜਾਅਲੀ ਬੀਜਾਂ ਦੀ ਵਿਕਰੀ ਬਾਰੇ ਮੌਜੂਦਾ/ਭਵਿੱਖ ਦੀਆਂ ਸ਼ਿਕਾਇਤਾਂ ਸਬੰਧੀ ਵੀ ਜਾਂਚ ਕਰੇਗੀ।

ਡੀ.ਜੀ.ਪੀ. ਨੇ ਕਿਹਾ ਕਿ ਐੱਸ. ਆਈ. ਟੀ. ਨੂੰ ਜਲਦ ਹੀ ਜਾਂਚ ਮੁਕੰਮਲ ਕਰਨ ਲਈ ਕੰਮ ਸੌਂਪਿਆ ਗਿਆ ਹੈ ਤਾਂ ਜੋ ਸਾਰੇ ਦੋਸ਼ੀਆਂ ਦੀ ਪਛਾਣ ਕਰਕੇ ਗ੍ਰਿਫਤਾਰੀ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਐੱਸ. ਆਈ. ਟੀ.(ਸਿੱਟ) ਦੇ ਹੋਰ ਮੈਂਬਰਾਂ ਵਿਚ ਆਈ.ਜੀ.ਪੀ. ਕ੍ਰਾਈਮ ਨਾਗੇਸਵਰ ਰਾਓ, ਪੁਲਸ ਕਮਿਸ਼ਨਰ ਲੁਧਿਆਣਾ ਰਾਕੇਸ਼ ਅਗਰਵਾਲ, ਸੰਯੁਕਤ ਡਾਇਰੈਕਟਰ ਖੇਤੀਬਾੜੀ ਸੁਖਦੇਵ ਸਿੰਘ ਅਤੇ ਡਿਪਟੀ ਕਮਿਸ਼ਨਰ ਪੁਲਸ (ਅਮਨ ਤੇ ਕਾਨੂੰਨ) ਲੁਧਿਆਣਾ ਅਸ਼ਵਨੀ ਕਪੂਰ ਸ਼ਾਮਲ ਹਨ। ਇਹ ਸਿੱਟ ਏ. ਡੀ. ਜੀ.ਪੀ.-ਕਮ- ਡਾਇਰੈਕਟਰ, ਬਿਓਰੋ ਆਫ ਇਨਵੈਸਟੀਗੇਸ਼ਨ ਪੰਜਾਬ ਦੀ ਨਿਗਰਾਨੀ ਹੇਠ ਕੰਮ ਕਰੇਗੀ।


author

Anuradha

Content Editor

Related News