ਪਿੰਡ ਸੀਚੇਵਾਲ ਦਾ ਸਰਪੰਚ ਬਣਿਆ 27 ਸਾਲਾ ਗਤਕਾ ਖਿਡਾਰੀ

Tuesday, Dec 18, 2018 - 05:57 PM (IST)

ਪਿੰਡ ਸੀਚੇਵਾਲ ਦਾ ਸਰਪੰਚ ਬਣਿਆ 27 ਸਾਲਾ ਗਤਕਾ ਖਿਡਾਰੀ

ਜਲੰਧਰ/ਕਪੂਰਥਲਾ— ਸੀਚੇਵਾਲ ਪਿੰਡ 'ਚ ਚੌਥੀਵਾਰ ਹੋਈ ਸਰਬਸੰਮਤੀ 'ਚ 27 ਸਾਲ ਦੇ ਤੇਜਿੰਦਰ ਸਿੰਘ ਨੂੰ ਸਰਪੰਚ ਚੁਣਿਆ ਗਿਆ। ਤੇਜਿੰਦਰ ਨੇ ਸੰਗੀਤ 'ਚ ਐੱਮ. ਏ. ਕੀਤੀ ਹੋਈ ਹੈ ਅਤੇ ਐੱਮ. ਫਿਲ. ਕਰਨ ਤੋਂ ਬਾਅਦ ਤੇਜਿੰਦਰ ਮੌਜੂਦਾ ਸਮੇਂ 'ਚ ਵਾਤਾਵਰਣ ਅਤੇ ਸੰਗੀਤ ਦੇ ਆਪਸੀ ਸਬੰਧਾਂ ਦੀ ਪੀ. ਐੱਚ. ਡੀ. ਕਰ ਰਹੇ ਹਨ। ਪੰਚਾਇਤ ਘਰ 'ਚ ਬੀਤੇ ਦਿਨ ਹੋਏ ਪਿੰਡ ਦੇ ਇਕੱਠ ਦੌਰਾਨ ਪਹਿਲਾਂ ਤੋਂ ਚੁਣੇ ਹੋਏ ਪੰਚਾਂ ਨੇ ਮੈਰਿਟ ਦੇ ਆਧਾਰ 'ਤੇ ਤੇਜਿੰਦਰ ਸਿੰਘ ਨੂੰ ਸਰਪੰਚ ਚੁਣਿਆ। ਸਰਬਸੰਮਤੀ ਕਰਵਾਉਣ 'ਚ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੁੱਖ ਭੂਮਿਕਾ ਨਿਭਾਈ। ਦੱਸਣਯੋਗ ਹੈ ਕਿ ਉਨ੍ਹਾਂ ਨੇ ਪੰਚਾਇਤ ਦੀ ਚੋਣ ਸਬੰਧੀ ਕਈ ਦਿਨਾਂ ਤੋਂ ਰੋਜ਼ਾਨਾ ਸੱਥ ਲਗਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਸੀ। ਇਸ ਸਬੰਧੀ ਪਿੰਡ ਦੇ ਸਾਰੇ ਵਾਰਡਾਂ ਦੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਸੀ ਕਿ ਜਿਸ ਦੀ ਵੀ ਪੰਚ ਜਾਂ ਸਰਪੰਚ ਬਣਨ ਦੀ ਇੱਛਾ ਹੈ, ਉਹ ਆਪਣਾ ਏਜੰਡਾ ਅਤੇ ਆਪਣੀ ਯੋਗਤਾ ਪਿੰਡ ਦੇ ਲੋਕਾਂ 'ਚ ਰੱਖੇ। ਇਸ ਦੇ ਚਲਦਿਆਂ ਸਾਰੇ ਵਾਰਡਾਂ ਨੇ ਆਪੋ-ਆਪਣੇ ਪੰਚ ਤਾਂ ਚੁਣ ਲਏ ਸਨ ਅਤੇ ਬੀਤੇ ਦਿਨ ਦੋ ਸਰਪੰਚੀ ਦੇ ਦਾਅਵੇਦਾਰਾਂ 'ਚੋਂ ਤੇਜਿੰਦਰ ਸਿੰਘ ਨੂੰ ਸਰਬਸੰਮਤੀ ਨਾਲ ਚੁਣ ਲਿਆ ਗਿਆ।

PunjabKesari

ਜ਼ਿਕਰਯੋਗ ਹੈ ਕਿ ਤੇਜਿੰਦਰ ਸਿੰਘ ਪਿਛਲੇ 18 ਸਾਲਾਂ ਤੋਂ ਲਗਾਤਾਰ ਗਤਕਾ ਖੇਡ ਰਿਹਾ ਹੈ ਅਤੇ ਉਹ ਕੀਰਤਨੀ ਜਥੇ ਦਾ ਮੋਹਰੀ ਰਾਗੀ ਹੈ। ਤੇਜਿੰਦਰ ਤਿੰਨ ਭਰਾਵਾਂ 'ਚੋਂ ਸਭ ਤੋਂ ਛੋਟਾ ਹੈ। ਤੇਜਿੰਦਰ ਸਿੰਘ ਨੇ ਦੱਸਿਆ ਕਿ ਉਹ ਪੰਚਾਇਤ ਦੀ ਚੋਣ ਲਈ ਸ਼ੁਰੂ ਕੀਤੀ ਸੱਥ 'ਚ ਲਗਾਤਾਰ ਆ ਰਿਹਾ ਸੀ। ਉਨ੍ਹਾਂ ਦੇ ਮਨ 'ਚ ਆਇਆ ਕਿ ਕਿਉਂ ਨਾ ਪਿੰਡ 'ਚ ਚੰਗੇ ਕੰਮ ਕਰਨ ਦੀ ਅਗਵਾਈ ਕੀਤੀ ਜਾਵੇ। ਉਨ੍ਹਾਂ ਨੇ ਦੱਸਿਆ ਕਿ ਇਹ ਫੁਰਨਾ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ 'ਚ ਮੋਹਰੀ ਭੂਮਿਕਾ ਨਿਭਾਉਣ ਤੋਂ ਆਇਆ। ਉਨ੍ਹਾਂ ਨੇ ਦੱਸਿਆ ਕਿ ਨੌਜਵਾਨ ਪਿੰਡਾਂ ਦੀ ਜ਼ਿੰਮੇਵਾਰੀ ਸੰਭਾਲਣ ਦੇ ਸਮਰੱਥ ਹਨ ਪਰ ਮੌਜੂਦਾ ਰਾਜਨੀਤੀ ਉਨ੍ਹਾਂ ਨੂੰ ਮੌਕੇ ਨਹੀਂ ਦਿੰਦੀ। ਇਸ ਦੌਰਾਨ ਜਿਹੜੇ ਪੰਚਾਇਤ ਮੈਂਬਰ ਚੁਣੇ ਗਏ ਹਨ, ਉਨ੍ਹਾਂ 'ਚ ਸੁਰਜੀਤ ਸਿੰਘ ਸ਼ੰਟੀ, ਸਰਬਜੀਤ ਕੌਰ, ਰਾਣੀ, ਰਾਮ ਆਸਰਾ, ਤਰਸੇਮ ਸਿੰਘ ਅਤੇ ਕਰਮਜੀਤ ਸਿੰਘ ਸ਼ਾਮਿਲ ਹਨ। ਸਾਰੇ ਮੈਂਬਰਾਂ ਦਾ ਸੰਤ ਸੀਚੇਵਾਲ ਨੇ ਸਿਰੋਪੇ ਦੇ ਕੇ ਸਨਮਾਨ ਕੀਤਾ। ਇਸ ਮੌਕੇ ਪਿੰਡ ਦੇ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਸੰਤ ਸੀਚੇਵਾਲ ਨੇ ਐਲਾਨ ਕੀਤਾ ਹੋਇਆ ਸੀ ਕਿ ਜੇ ਸਰਬਸੰਮਤੀ ਨਾਲ ਪੰਚਾਇਤ ਚੁਣੀ ਜਾਂਦੀ ਹੈ ਤਾਂ ਨਿਰਮਲ ਕੁਟੀਆ ਵੱਲੋਂ ਤਿੰਨ ਲੱਖ ਰੁਪਏ ਪਿੰਡ ਦੇ ਵਿਕਾਸ ਲਈ ਦਿੱਤੇ ਜਾਣਗੇ। ਇਸ ਲਈ ਪੰਜਾਬ ਸਰਕਾਰ ਵੱਲੋਂ ਵੀ ਦੋ ਲੱਖ ਦੀ ਗਰਾਂਟ ਮਿਲੇਗੀ।


author

shivani attri

Content Editor

Related News