ਇਸ ਵਾਰ ਵੀ ਸੈਕਟਰ-7 ''ਚ ਲੱਗਾ ਕਾਰ ਬਾਜ਼ਾਰ, ਕਾਰਵਾਈ ਜ਼ੀਰੋ

Monday, Jun 11, 2018 - 05:59 AM (IST)

ਚੰਡੀਗੜ੍ਹ,  (ਰਾਜਿੰਦਰ)-  ਇਸ ਐਤਵਾਰ ਨੂੰ ਵੀ ਕਾਰ ਡੀਲਰਾਂ ਨੇ ਸੈਕਟਰ-7 ਸਥਿਤ ਮਾਰਕੀਟ ਦੀ ਪਾਰਕਿੰਗ 'ਚ ਹੀ ਕਾਰ ਬਾਜ਼ਾਰ ਲਾਇਆ ਪਰ ਨਗਰ ਨਿਗਮ ਦੀ ਕਾਰਵਾਈ ਜ਼ੀਰੋ ਰਹੀ। ਹਾਲਾਂਕਿ ਮਾਰਕੀਟ ਦਾ ਜਾਇਜ਼ਾ ਲੈਣ ਲਈ ਇਨਫੋਰਸਮੈਂਟ ਵਿੰਗ ਦੇ ਕਰਮਚਾਰੀ ਚੈਕਿੰਗ ਕਰਨ ਗਏ ਸਨ ਪਰ ਦੱਸਿਆ ਜਾ ਰਿਹਾ ਹੈ ਕਿ ਉਹ ਜ਼ਿਆਦਾ ਸਮਾਂ ਉਥੇ ਨਹੀਂ ਰੁਕੇ ਤੇ ਖਾਲੀ ਹੱਥ ਪਰਤ ਗਏ।  
ਡੀਲਰਾਂ ਨੇ ਐਤਵਾਰ ਨੂੰ ਸੈਕਟਰ-7 ਦੀ ਅੱਧੀ ਮਾਰਕੀਟ ਦੀ ਪਾਰਕਿੰਗ 'ਚ ਗੱਡੀਆਂ ਖੜ੍ਹੀਆਂ ਕੀਤੀਆਂ ਹੋਈਆਂ ਸਨ ਤੇ ਪੂਰਾ ਦਿਨ ਇਥੇ ਗੱਡੀਆਂ ਦੀ ਵਿਕਰੀ ਤੇ ਖਰੀਦਦਾਰੀ ਜਾਰੀ ਰਹੀ। ਇਸ ਸਬੰਧੀ ਇਨਫੋਰਸਮੈਂਟ ਇੰਚਾਰਜ ਸੁਨੀਲ ਦੱਤ ਨੇ ਦੱਸਿਆ ਕਿ ਉਨ੍ਹਾਂ ਨੇ ਹੱਲੋਮਾਜਰਾ 'ਚ ਵੀ ਚੈਕਿੰਗ ਕੀਤੀ, ਉਥੇ ਡੀਲਰ ਨਹੀਂ ਸਨ, ਜਦੋਂਕਿ ਸੈਕਟਰ-7 ਦੀ ਮਾਰਕੀਟ 'ਚ ਵੀ ਚੈਕਿੰਗ ਕੀਤੀ। 
ਉਨ੍ਹਾਂ ਕਿਹਾ ਕਿ ਇਥੇ ਕੁਝ ਗੱਡੀਆਂ ਜ਼ਰੂਰ ਖੜ੍ਹੀਆਂ ਸਨ ਪਰ ਉਨ੍ਹਾਂ 'ਤੇ ਕੋਈ ਸੇਲ ਸਟਿੱਕਰ ਨਹੀਂ ਸੀ, ਜਿਸ ਕਾਰਨ ਉਹ ਕਾਰਵਾਈ ਨਹੀਂ ਕਰ ਸਕਦੇ ਹਨ। ਇਸ ਸਬੰਧੀ ਕਾਰ ਬਾਜ਼ਾਰ ਐਸੋਸੀਏਸ਼ਨ ਚੰਡੀਗੜ੍ਹ ਦੇ ਪ੍ਰਧਾਨ ਗੁਲਸ਼ਨ ਕੁਮਾਰ ਨੇ ਦੱਸਿਆ ਕਿ ਉਹ ਸੈਕਟਰ-7 'ਚ ਹੀ ਆਪਣੇ ਦਫ਼ਤਰ ਖੋਲ੍ਹ ਕੇ ਬੈਠੇ ਹਨ ਤੇ ਗਾਹਕਾਂ ਨੂੰ ਅਟੈਂਡ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੇ ਕੰਮ ਤਾਂ ਕਰਨਾ ਹੀ ਹੈ। ਜਦੋਂ ਗੱਡੀਆਂ ਡਿਸਪਲੇ ਕਰਨ ਸਬੰੰਧੀ ਉਨ੍ਹਾਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀਆਂ ਗੱਡੀਆਂ ਨਹੀਂ ਹਨ, ਇਹ ਮਾਰਕੀਟ 'ਚ ਆਉਣ ਵਾਲੇ ਲੋਕਾਂ ਦੀਆਂ ਗੱਡੀਆਂ ਹੋ ਸਕਦੀਆਂ ਹਨ।
ਗੁਲਸ਼ਨ ਨੇ ਦੱਸਿਆ ਕਿ ਸੋਮਵਾਰ ਨੂੰ ਸੰਸਦ ਮੈਂਬਰ ਕਿਰਨ ਖੇਰ ਨੂੰ ਮਿਲਣਾ ਹੈ ਕਿਉਂਕਿ ਖੇਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਪ੍ਰਸ਼ਾਸਕ ਦੇ ਸਲਾਹਕਾਰ ਨਾਲ ਗੱਲ ਕਰਕੇ ਉਨ੍ਹਾਂ ਦੀ ਮੰਗ ਨੂੰ ਪੂਰਾ ਕਰਵਾਉਣ ਦੀ ਕੋਸ਼ਿਸ਼ ਕਰਨਗੇ। ਡੀਲਰ ਸੈਕਟਰ-17 'ਚ ਥਾਂ ਦੇਣ ਦੀ ਮੰਗ ਕਰ ਰਹੇ ਹਨ। ਧਿਆਨਯੋਗ ਹੈ ਕਿ ਨਿਗਮ ਨੇ ਸੈਕਟਰ-7 ਤੋਂ ਹੱਲੋਮਾਜਰਾ 'ਚ ਕਾਰ ਬਾਜ਼ਾਰ ਸ਼ਿਫਟ ਕਰਨ ਦਾ ਫੈਸਲਾ ਲਿਆ ਸੀ ਪਰ ਡੀਲਰ ਉਨ੍ਹਾਂ ਨੂੰ ਸ਼ਹਿਰ ਦੇ ਅੰਦਰੂਨੀ ਸੈਕਟਰਾਂ 'ਚ ਹੀ ਥਾਂ ਦੇਣ ਦੀ ਮੰਗ ਕਰ ਰਹੇ ਹਨ। 


Related News