ਲੋਕਾਂ ਸਭਾ ਚੋਣਾਂ ਸਬੰਧੀ SDM ਨੇ ਜਾਰੀ ਕੀਤੀਆ ਹਦਾਇਤਾਂ, ਨਵੇਂ ਵੋਟਰਾਂ ਨੂੰ ਜਲਦੀ ਵੋਟ ਬਣਾਉਣ ਦੀ ਅਪੀਲ

Tuesday, Mar 19, 2024 - 12:30 PM (IST)

ਭੁਲੱਥ (ਰਜਿੰਦਰ) : ਲੋਕ ਸਭਾ ਚੋਣਾਂ ਸੰਬੰਧੀ ਐੱਸ. ਡੀ. ਐੱਮ. ਭੁਲੱਥ ਕਮ ਅਸਿਸਟੈਂਟ ਰਿਟਰਨਿੰਗ ਅਫ਼ਸਰ ਸੰਜੀਵ ਕੁਮਾਰ ਸ਼ਰਮਾ ਵੱਲੋਂ ਅੱਜ ਆਪਣੇ ਦਫਤਰ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ-2024 ਦਾ ਬੀਤੀ 16 ਮਾਰਚ ਨੂੰ ਐਲਾਨ ਹੁੰਦੇ ਹੀ ਚੋਣਾਂ ਸਬੰਧੀ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਚੁੱਕਾ ਹੈ। ਉਨ੍ਹਾਂ ਦਸਿਆ ਕਿ ਪੰਜਾਬ ਵਿਚ ਚੋਣਾਂ 1 ਜੂਨ ਨੂੰ  ਹੋਣੀਆਂ ਹਨ। ਸਿਆਸੀ ਪਾਰਟੀਆਂ ਨੂੰ ਝੰਡੇ ਤੋਂ ਲੈ ਕੇ ਹਰੇਕ ਸਿਆਸੀ ਸਰਗਰਮੀ ਵਾਸਤੇ ਮਨਜ਼ੂਰੀ ਲੈਣੀ ਪਵੇਗੀ।

ਉਨ੍ਹਾਂ ਦੱਸਿਆ ਕਿ ਚੋਣਾਂ ਨੂੰ ਨਿਰਪੱਖ ਤੇ ਸ਼ਾਂਤੀਪੂਰਵਕ ਢੰਗ ਨਾਲ ਕਰਵਾਉਣ ਲਈ ਪ੍ਰਸ਼ਾਸਨ ਵਚਨਬੱਧ ਹੈ। ਇਸ ਲਈ ਲੋਕ ਸਭਾ ਹਲਕਾ ਹੁਸ਼ਿਆਰਪੁਰ ਵਿਚ ਪੈਂਦੇ ਵਿਧਾਨ ਸਭਾ ਹਲਕਾ ਭੁਲੱਥ ਲਈ 9 ਫਲਾਇੰਗ ਸੁਕਐਡ ਟੀਮਾਂ, ਤਿੰਨ ਸਟੈਟਿਕ ਸਰਵੀਲੈਂਸ ਟੀਮਾਂ, ਇਕ ਵੀਡੀਓ ਸਰਵੀਲੈਂਸ ਟੀਮ, ਵੀਡੀਓ ਤੇ ਭਾਸ਼ਣ ਨੂੰ ਵਾਚਣ ਲਈ ਇਕ ਟੀਮ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਵੇਲੇ 2 ਫਲਾਇੰਗ ਸੁਕਐਡ ਟੀਮਾਂ ਚੋਣਾਂ ਦੇ ਕੰਮ ਲਈ ਲਗਾ ਦਿੱਤੀਆਂ ਗਈਆਂ ਹਨ, ਜਦੋਂ ਕਿ 20 ਮਾਰਚ ਤੋਂ ਬਾਅਦ ਬਾਕੀ ਦੀਆਂ ਟੀਮਾਂ ਵੀ ਤਾਇਨਾਤ ਕਰ ਦਿੱਤੀਆਂ ਜਾਣਗੀਆਂ।

ਐੱਸ. ਡੀ. ਐੱਮ. ਭੁਲੱਥ ਸੰਜੀਵ ਕੁਮਾਰ ਸ਼ਰਮਾ ਨੇ ਦਸਿਆ ਕਿ ਚੋਣਾਂ ਸਬੰਧੀ ਸਿਆਸੀ ਪਾਰਟੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਮਨਜ਼ੂਰੀ ਬਿਨਾਂ ਕਿਸੇ ਦੇਰੀ ਦੇ ਦਿੱਤੀ ਜਾਵੇਗੀ। ਸਬ ਡਵੀਜ਼ਨ ਦਫ਼ਤਰ ਭੁਲੱਥ ਵਿਖੇ ਬਣੇ ਸੁਵਿਧਾ ਸੈੱਲ ਵਿਚ ਮਨਜ਼ੂਰੀ ਲਈ ਅਪਲਾਈ ਕੀਤਾ ਜਾ ਸਕਦਾ ਹੈ ਤੇ ਸਾਡੇ ਵੱਲੋਂ 24 ਘੰਟਿਆ ਅੰਦਰ ਮਨਜ਼ੂਰੀ ਦੇ ਦਿੱਤੀ ਜਾਵੇਗੀ। ਉਨ੍ਹਾਂ ਦਸਿਆ ਕਿ ਚੋਣਾਂ ਸਬੰਧੀ ਸੀ-ਵਿਜ਼ਿਲ 'ਤੇ ਕੀਤੀ ਸ਼ਿਕਾਇਤ ਨੂੰ 100 ਮਿੰਟਾਂ ਵਿਚ ਹੱਲ ਕੀਤਾ ਜਾਵੇਗਾ। ਜੋ ਸ਼ਿਕਾਇਤ ਆਫਲਾਈਨ ਹੋਵੇਗੀ, ਉਸ ਦਾ ਹੱਲ 72 ਘੰਟਿਆਂ ਦੇ ਵਿਚ-ਵਿਚ ਕਰ ਦਿੱਤਾ ਜਾਵੇਗਾ। ਐੱਸ. ਡੀ. ਐੱਮ. ਭੁਲੱਥ ਸੰਜੀਵ ਕੁਮਾਰ ਸ਼ਰਮਾ ਨੇ ਦੱਸਿਆ ਕਿ 'ਸਵੀਪ' ਤਹਿਤ ਸਕੂਲਾਂ, ਕਾਲਜਾਂ ਵਿਚ ਸੈਮੀਨਾਰ ਲਗਾ ਕੇ ਵੋਟਰਾਂ ਨੂੰ ਵੋਟ ਪਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਸਾਰੇ ਵੋਟਰਾਂ, ਖ਼ਾਸਕਰ ਯੁਵਾ ਵੋਟਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਨ। ਉਨ੍ਹਾਂ ਦੱਸਿਆ ਕਿ ਪਹਿਲੀ ਜਨਵਰੀ 2024 ਤੱਕ ਜਿਸ ਨਾਗਰਿਕ ਦੀ ਉਮਰ 18 ਸਾਲ ਹੋ ਚੁੱਕੀ ਹੈ, ਉਹ ਆਪਣੀ ਵੋਟ ਬਣਾ ਲਵੇ। ਪੰਜਾਬ ਦੀਆਂ ਲੋਕ ਸਭਾ ਚੋਣਾਂ ਲਈ ਗਜ਼ਟ ਨੋਟੀਫਿਕੇਸ਼ਨ 7 ਮਈ 2024 ਨੂੰ ਜਾਰੀ ਹੋਣਾ ਤੈਅ ਹੋਇਆ ਹੈ। ਨੋਟੀਫਿਕੇਸ਼ਨ ਤੋਂ ਪਹਿਲਾਂ-ਪਹਿਲਾਂ ਸਾਰੇ ਨਵੇਂ ਵੋਟਰ ਆਪਣੀ ਵੋਟ ਸਮੇਂ ਸਿਰ ਬਣਵਾ ਲੈਣ।

ਐੱਸ. ਡੀ. ਐੱਮ. ਭੁਲੱਥ ਸੰਜੀਵ ਕੁਮਾਰ ਸ਼ਰਮਾ ਨੇ ਦਸਿਆ ਕਿ ਲੋਕ ਸਭਾ ਚੋਣਾਂ ਸੰਬੰਧੀ ਲੱਗੇ ਚੋਣ ਜ਼ਾਬਤੇ ਦੌਰਾਨ  50 ਹਜ਼ਾਰ ਰੁਪਏ ਤੋਂ ਵੱਧ ਦੀ ਨਕਦ ਰਾਸ਼ੀ ਕਿਤੇ ਲਿਜਾਂਦੇ ਸਮੇਂ ਸਬੰਧਿਤ ਰਾਸ਼ੀ ਨਾਲ ਜੁੜੇ ਸਬੂਤ ਨਾਲ ਜ਼ਰੂਰ ਰੱਖੋ। ਇਸ ਮੌਕੇ ਤਹਿਸੀਲਦਾਰ ਸੰਦੀਪ ਕੁਮਾਰ ਤੇ ਇਲੈਕਸ਼ਨ ਸੈੱਲ ਦੇ ਕਰਮਚਾਰੀ ਕਰਮਜੀਤ ਸਿੰਘ ਵੀ ਮੌਜੂਦ ਸਨ। 


Babita

Content Editor

Related News