ਬਿਨਾਂ ਪ੍ਰਿੰਸੀਪਲ ਤੇ ਅਧਿਆਪਕਾਂ ਦੇ ਰਾਮ ਭਰੋਸੇ ਕਈ ਸਕੂਲ
Tuesday, Oct 03, 2017 - 02:16 PM (IST)

ਚੰਡੀਗੜ੍ਹ (ਰੋਹਿਲਾ) : ਸਿੱਖਿਆ ਵਿਭਾਗ ਨੇ ਸਕੂਲਾਂ 'ਚ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕਰਕੇ ਆਪਣਾ ਪੱਲਾ ਝਾੜ ਲਿਆ ਹੈ ਕਿ ਕਿਤੇ ਉਨ੍ਹਾਂ 'ਤੇ ਕੋਈ ਗੱਲ ਨਾ ਆਵੇ ਪਰ ਐਡਵਾਈਜ਼ਰੀ ਜਾਰੀ ਕੀਤੇ ਜਾਣ ਤੋਂ ਬਾਅਦ ਸਕੂਲਾਂ ਦੀ ਸੁਧ ਤੱਕ ਨਹੀਂ ਲਈ ਗਈ ਕਿ ਸਕੂਲਾਂ ਵਲੋਂ ਇਸ 'ਤੇ ਧਿਆਨ ਦਿੱਤਾ ਜਾ ਰਿਹਾ ਹੈ ਜਾਂ ਨਹੀਂ, ਜਿਸ ਦੇ ਚੱਲਦਿਆਂ ਐਡਵਾਈਜ਼ਰੀ ਜਾਰੀ ਕਰਨਾ ਸਿਰਫ ਦਿਖਾਵਾ ਹੀ ਲੱਗ ਰਿਹਾ ਹੈ ਕਿਉਂਕਿ ਸ਼ਹਿਰ ਦੇ 114 ਸਕੂਲਾਂ 'ਚੋਂ 24 ਅਜਿਹੇ ਸਕੂਲ ਹਨ, ਜਿਨ੍ਹਾਂ 'ਚ ਨਾ ਤਾਂ ਪ੍ਰਿੰਸੀਪਲ ਹੈ ਅਤੇ ਨਾ ਹੀ ਹੈੱਡਮਾਸਟਰ। ਜੇਕਰ ਅਜਿਹੇ ਸਕੂਲਾਂ 'ਚ ਕਿਸੇ ਤਰ੍ਹਾਂ ਦੀ ਘਟਨਾ ਹੁੰਦੀ ਹੈ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ। ਸਿੱਖਿਆ ਵਿਭਾਗ ਵਲੋਂ ਹੈੱਡ ਮਾਸਟਰਾਂ ਅਤੇ ਪ੍ਰਿੰਸੀਪਲਾਂ ਦੀ ਕਮੀ ਨੂੰ ਦੂਰ ਕਰਨ ਲਈ ਸਕੂਲਾਂ 'ਚ ਟੀ. ਜੀ. ਟੀ. ਅਧਿਆਪਕਾਂ ਅਤੇ ਲੈਕਚਰਾਰਾਂ ਨੂੰ ਹੀ ਡੀ. ਡੀ. ਓ. ਦੀ ਪਾਵਰ ਦੇ ਦਿੱਤੀ ਗਈ ਹੈ।