ਸਕੂਲ ਖੁੱਲ੍ਹਣ ਦੇ ਪਹਿਲੇ ਦਿਨ ਪੰਜਾਬ ''ਚ ਬੱਚਿਆਂ ਦੀ ਸਕੂਲ ਵੈਨ ਨਾਲ ਵੱਡਾ ਹਾਦਸਾ, ਮਚ ਗਿਆ ਚੀਕ ਚਿਹਾੜਾ
Wednesday, Jan 08, 2025 - 12:09 PM (IST)
ਭਵਾਨੀਗੜ੍ਹ (ਰਵੀ) : ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਅੱਜ ਪਹਿਲੇ ਦਿਨ ਖੁੱਲ੍ਹੇ ਭਵਾਨੀਗੜ੍ਹ ਵਿਖੇ ਇਕ ਪ੍ਰਾਈਵੇਟ ਸਕੂਲ ਦੀ ਵੈਨ ਨਾਲ ਭਿਆਨਕ ਹਾਦਸਾ ਵਾਪਰ ਗਿਆ। ਇਹ ਹਾਦਸਾ ਕਾਰ ਚਾਲਕ ਦੀ ਗਲਤੀ ਕਾਰਣ ਵਾਪਰਿਆ ਦੱਸਿਆ ਜਾ ਰਿਹਾ ਹੈ। ਜਿਸ ਨੇ ਸਕੂਲ ਵੈਨ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਸਕੂਲ ਵੈਨ ਪਲਟ ਗਈ। ਜਿਸ ਸਮੇਂ ਇਹ ਹਾਦਸਾ ਹੋਇਆ ਉਸ ਸਮੇਂ ਵੈਨ ਵਿਚ ਦਰਜਨ ਦੇ ਕਰੀਬ ਬੱਚੇ ਸਵਾਰ ਸਨ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਅੱਜ ਸਵੇਰੇ ਉਸ ਸਮੇਂ ਵਾਪਰਿਆ ਜਦੋਂ ਭਵਾਨੀਗੜ੍ਹ ਦੇ ਨਿੱਜੀ ਸਕੂਲ ਸੰਸਕਾਰ ਵੈਲੀ ਸਮਾਰਟ ਸਕੂਲ ਦੀ ਵੈਨ ਬੱਚਿਆਂ ਨੂੰ ਸਕੂਲ ਲੈ ਕੇ ਆ ਰਹੀ ਸੀ, ਇਸ ਦੌਰਾਨ ਭਵਾਨੀਗੜ੍ਹ ਨਾਭਾ ਕੈਂਚੀਆਂ ਵਿਖੇ ਇਕ ਆਈ ਟਵੰਟੀ ਕਾਰ ਨੇ ਇਸ ਨੂੰ ਟੱਕਰ ਮਾਰ ਦਿੱਤੀ।
ਇਸ ਹਾਦਸੇ ਵਿਚ 11 ਬੱਚੇ ਜ਼ਖਮੀ ਹੋਏ ਦੱਸੇ ਜਾ ਰਹੇ ਹਨ, ਜਿਨ੍ਹਾਂ ਨੂੰ ਭਵਾਨੀਗੜ੍ਹ ਦੇ ਪ੍ਰਾਈਵੇਟ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਵਿਚ ਜ਼ਖਮੀ ਹੋਏ ਬੱਚਿਆਂ ਨੂੰ ਤੁਰੰਤ ਪਹਿਲਾਂ ਫਸਟ ਏਡ ਦਿੱਤੀ ਗਈ। ਮੌਕੇ 'ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਵੱਲੋਂ ਬੱਚਿਆਂ ਨੂੰ ਹਸਪਤਾਲ ਭਰਤੀ ਕਰਵਾਇਆ। ਇਸ ਹਾਦਸੇ ਸਬੰਧੀ ਨਿੱਜੀ ਸਕੂਲ ਦੇ ਪ੍ਰਿੰਸੀਪਲ ਜਾਂ ਅਧਿਆਪਕ ਦਾ ਕੋਈ ਵੀ ਬਿਆਨ ਨਹੀਂ ਆਇਆ ਹੈ।