ਲੁਧਿਆਣਾ : ਸਕੂਲ ''ਚ ਵਿਦਿਆਰਥਣ ਨੇ ਤੀਜੀ ਮੰਜ਼ਿਲ ਤੋਂ ਮਾਰੀ ਛਾਲ
Wednesday, Oct 23, 2019 - 06:50 PM (IST)

ਲੁਧਿਆਣਾ (ਵਿੱਕੀ) : ਲੁਧਿਆਣਾ ਦੇ ਭਾਈ ਰਣਧੀਰ ਸਿੰਘ ਨਗਰ ਸਥਿਤ ਡੀ. ਏ. ਵੀ. ਸਕੂਲ 'ਚ ਅੱਜ ਦੁਪਹਿਰੇ ਇਕ 9ਵੀਂ ਜਮਾਤ ਦੀ ਵਿਦਿਆਰਥਣ ਨੇ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਘਟਨਾ ਲਗਭਗ ਦੁਪਹਿਰ 12 ਵਜੇ ਦੀ ਹੈ। ਇਸ ਹਾਦਸੇ ਤੋਂ ਬਾਅਦ ਸਕੂਲ 'ਚ ਹਫ਼ੜਾ-ਦਫੜੀ ਮਚ ਗਈ ਅਤੇ ਵਿਦਿਆਰਥਣ ਨੂੰ ਤੁਰੰਤ ਡੀ. ਐੱਮ. ਸੀ. ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਸੂਚਨਾ ਮਿਲਦੇ ਹੀ ਏ. ਸੀ. ਪੀ. ਵੈਸਟ ਸਮੀਰ ਵਰਮਾ ਅਤੇ ਸਰਾਭਾ ਨਗਰ ਦੀ ਪੁਲਸ ਡੀ. ਏ. ਵੀ. ਸਕੂਲ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਦੂਜੇ ਪਾਸੇ ਸਕੂਲ ਪ੍ਰਿੰਸੀਪਲ ਅਤੇ ਵਿਦਿਆਰਥਣ ਦੇ ਪਰਿਵਾਰ ਵਾਲੇ ਵੀ ਹਸਪਤਾਲ 'ਚ ਮੌਜੂਦ ਸਨ। ਵਿਦਿਆਰਥਣ ਵਲੋਂ ਇਹ ਕਦਮ ਕਿਉਂ ਚੁੱਕਿਆ ਗਿਆ, ਫਿਲਹਾਲ ਇਸ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਏ. ਸੀ. ਪੀ. ਸਮੀਰ ਵਰਮਾ ਨੇ ਦੱਸਿਆ ਕਿ ਸਕੂਲ ਦੀ ਉਕਤ ਮੰਜ਼ਿਲ ਦੇ ਕੋਰੀਡੋਰ 'ਚ ਬਣੀ ਖਿੜਕੀ ਤੋਂ ਵਿਦਿਆਰਥਣ ਨੇ ਛਾਲ ਮਾਰੀ ਹੈ। ਉਨ੍ਹਾਂ ਦੱਸਿਆ ਕਿ ਉਕਤ ਘਟਨਾ ਦੀ ਸੂਚਨਾ ਵੀ ਪ੍ਰਿੰਸੀਪਲ ਜਸਵਿੰਦਰ ਕੌਰ ਸਿੱਧੂ ਨੇ ਪੁਲਸ ਨੂੰ ਦਿੱਤੀ ਅਤੇ ਸਕੂਲ ਵਲੋਂ ਹੀ ਵਿਦਿਆਰਥਣ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।