ਸਕੂਲ ਬੱਸ ਤੇ ਕੈਂਟਰ ਵਿਚਕਾਰ ਟੱਕਰ
Saturday, Aug 19, 2017 - 07:52 AM (IST)
ਮੋਗਾ (ਅਜ਼ਾਦ) - ਅੱਜ ਦੇਰ ਸ਼ਾਮ ਮੋਗਾ-ਫਿਰੋਜ਼ਪੁਰ ਜੀ. ਟੀ. ਰੋਡ 'ਤੇ ਪਿੰਡ ਘੱਲ ਕਲਾਂ ਦੇ ਕੋਲ ਇਕ ਪ੍ਰਾਈਵੇਟ ਸਕੂਲ ਦੀ ਬੱਸ ਅਤੇ ਕੈਂਟਰ ਵਿਚਕਾਰ ਹੋਈ ਟੱਕਰ 'ਚ ਸਕੂਲ ਬੱਸ 'ਚ ਸਵਾਰ ਬੱਚੇ ਵਾਲ-ਵਾਲ ਬਚ ਗਏ, ਜਦਕਿ ਕੈਂਟਰ ਚਾਲਕ ਜ਼ਖਮੀ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਣ 'ਤੇ ਐੱਸ. ਡੀ. ਐੱਮ. ਮੋਗਾ ਚਰਨਜੀਤ ਸਿੰਘ ਦੇ ਇਲਾਵਾ ਥਾਣਾ ਸਦਰ ਮੋਗਾ ਦੇ ਸਹਾਇਕ ਥਾਣੇਦਾਰ ਹਰਜਿੰਦਰ ਸਿੰਘ, ਹੌਲਦਾਰ ਗੁਰਦੀਪ ਸਿੰਘ ਮੰਡ ਘਟਨਾ ਸਥਾਨ 'ਤੇ ਪੁੱਜੇ।
ਜਾਣਕਾਰੀ ਅਨੁਸਾਰ ਪਿੰਡ ਖੁਖਰਾਣਾ ਕੋਲ ਸਥਿਤ ਇਕ ਪ੍ਰਾਈਵੇਟ ਸਕੂਲ ਦੀ ਬੱਸ, ਜਿਸ ਨੂੰ ਗੁਰਦੇਵ ਸਿੰਘ ਨਿਵਾਸੀ ਪਿੰਡ ਸਾਫੂਵਾਲਾ ਚਲਾ ਰਿਹਾ ਸੀ, ਸਕੂਲ 'ਚ ਛੁੱਟੀ ਹੋਣ ਦੇ ਬਾਅਦ ਬੱਚਿਆਂ ਨੂੰ ਘਰ ਛੱਡਣ ਲਈ ਆ ਰਹੀ ਸੀ, ਜਦੋਂ ਹੀ ਉਹ ਬੱਚਿਆਂ ਨੂੰ ਘਰਾਂ 'ਚ ਛੱਡਦੇ ਹੋਏ ਅਦਾਨੀ ਕੰਪਨੀ ਦੇ ਗੁਦਾਮਾਂ ਕੋਲ ਪੁੱਜੇ ਤਾਂ ਮੋਗਾ ਵੱਲੋਂ ਆ ਰਹੇ ਇਕ ਕੈਂਟਰ ਨੂੰ ਸਕੂਲ ਬੱਸ ਦੇ ਚਾਲਕ ਨੇ ਕਰਾਸ ਕਰਨ ਦਾ ਯਤਨ ਕੀਤਾ ਤਾਂ ਬੱਸ ਕੈਂਟਰ ਨਾਲ ਜਾ ਟਕਰਾਈ, ਜਿਸ ਕਾਰਨ ਉਕਤ ਹਾਦਸਾ ਹੋਇਆ। ਬੱਸ 'ਚ 15 ਬੱਚੇ ਦੱਸੇ ਜਾ ਰਹੇ ਹਨ, ਜੋ ਵਾਲ-ਵਾਲ ਬਚ ਗਏ ਜਦਕਿ ਕੈਂਟਰ ਚਾਲਕ ਜ਼ਖਮੀ ਹੋ ਗਿਆ। ਇਸ ਹਾਦਸੇ ਦੀ ਜਾਂਚ ਕਰ ਰਹੇ ਥਾਣਾ ਸਦਰ ਦੇ ਸਹਾਇਕ ਥਾਣੇਦਾਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕਰ ਰਹੇ ਹਨ ਅਤੇ ਜ਼ਖਮੀ ਚਾਲਕ ਕਿਸ ਹਸਪਤਾਲ 'ਚ ਦਾਖਲ ਹੈ, ਇਹ ਪਤਾ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਉਸ ਦੇ ਬਿਆਨ ਦਰਜ ਕਰਨ ਦੇ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
