ਸੰਘਣੀ ਧੁੰਦ ਕਾਰਨ ਫ਼ਿਰੋਜ਼ਪੁਰ ਸਕੂਲਾਂ ਦਾ ਸਮਾਂ ਤਬਦੀਲ
Wednesday, Jan 03, 2018 - 04:34 PM (IST)
ਫ਼ਿਰੋਜ਼ਪੁਰ (ਪਰਮਜੀਤ) : ਜ਼ਿਲਾ ਮੈਜਿਸਟ੍ਰੇਟ ਰਾਮਵੀਰ ਆਈ.ਏ.ਐਸ ਆਈ.ਏ.ਐਸ ਵੱਲੋਂ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦਿਆਂ ਫਿਰੋਜ਼ਪੁਰ ਜ਼ਿਲੇ ਦੇ ਸਾਰੇ ਸਰਕਾਰੀ, ਅਰਧ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦਾ ਸਮਾਂ ਤਬਦੀਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੰਘਣੀ ਧੁੰਦ ਅਤੇ ਸਰਦ ਰੁੱਤ ਮੌਸਮ ਦੇ ਮੱਦੇਨਜ਼ਰ ਜ਼ਿਲਾ ਫ਼ਿਰੋਜ਼ਪੁਰ ਅਧੀਨ ਆਉਂਦੇ ਸਾਰੇ ਸਰਕਾਰੀ, ਅਰਧ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਸਵੇਰੇ 10 ਵਜੇ ਲੱਗਣਗੇ ਜਦ ਕਿ ਛੁੱਟੀ ਸਬੰਧਤ ਸਕੂਲ ਦੇ ਲਾਗੂ ਸ਼ਡਿਊਲ ਅਨੁਸਾਰ ਪਹਿਲਾਂ ਵਾਂਗ ਹੋਵੇਗੀ।
ਉਨ੍ਹਾਂ ਦੱਸਿਆ ਕਿ ਸਰਦ ਰੁੱਤ ਦਾ ਮੌਸਮ ਚੱਲ ਰਿਹਾ ਹੈ ਅਤੇ ਧੁੰਦ ਵੀ ਪੈ ਰਹੀ ਹੈ। ਜਿਸ ਕਾਰਨ ਬੱਚਿਆ ਦੀ ਸਿਹਤ ਖਰਾਬ ਹੋਣ ਦਾ ਜ਼ਿਆਦਾ ਡਰ ਹੁੰਦਾ ਹੈ। ਇਸ ਤੋਂ ਇਲਾਵਾ ਸੰਘਣੀ ਧੁੰਦ ਕਾਰਨ ਕਈ ਥਾਵਾਂ 'ਤੇ ਹਾਦਸੇ ਵਾਪਰ ਚੁੱਕੇ ਹਨ ਅਤੇ ਕਈ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਹਨ, ਜਿਨ੍ਹਾਂ ਵਿਚ ਅਧਿਆਪਕ ਤੇ ਛੋਟੇ ਬੱਚੇ ਵੀ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਅਜਿਹੀਆਂ ਅਣਸੁਖਾਵੀਂ ਘਟਨਾਵਾਂ ਨੂੰ ਰੋਕਣ ਲਈ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ। ਇਨ੍ਹਾਂ ਹਾਲਾਤ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਹੁਕਮ ਜਾਰੀ ਕੀਤਾ ਗਿਆ ਹੈ। ਇਹ ਹੁਕਮ ਮਿਤੀ 3 ਜਨਵਰੀ 2018 ਤੋਂ ਲੈ ਕੇ ਅਗਲੇ ਹੁਕਮਾਂ ਤੱਕ ਲਾਗੂ ਰਹੇਗਾ।
