ਮਾਪਿਆਂ ਵੱਲੋਂ ਤਿਆਗੇ ਗਏ ਨਵ-ਜੰਮੇ ਬਾਲਾਂ ਦੀ ਸੰਭਾਲ ਲਈ ''ਪੰਘੂੜਾ'' 14 ਤੋਂ ਸ਼ੁਰੂ

Sunday, Aug 06, 2017 - 10:32 AM (IST)

ਮਾਪਿਆਂ ਵੱਲੋਂ ਤਿਆਗੇ ਗਏ ਨਵ-ਜੰਮੇ ਬਾਲਾਂ ਦੀ ਸੰਭਾਲ ਲਈ ''ਪੰਘੂੜਾ'' 14 ਤੋਂ ਸ਼ੁਰੂ

ਨਵਾਂਸ਼ਹਿਰ - ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਦੀ ਪਹਿਲਕਦਮੀ 'ਤੇ ਜ਼ਿਲੇ 'ਚ ਮਾਪਿਆਂ ਵੱਲੋਂ ਤਿਆਗੇ ਗਏ ਨਵ-ਜੰਮੇ ਬਾਲਾਂ ਦੀ ਸਾਂਭ-ਸੰਭਾਲ ਲਈ 'ਪੰਘੂੜਾ' 14 ਅਗਸਤ ਤੋਂ ਸ਼ੁਰੂ ਕਰ ਦਿੱਤਾ ਜਾਵੇਗਾ। ਇਹ ਪੰਘੂੜਾ ਉਪਕਾਰ ਕੋਆਰਡੀਨੇਸ਼ਨ ਸੁਸਾਇਟੀ ਵੱਲੋਂ ਗੁਰੂ ਨਾਨਕ ਨਗਰ 'ਚ ਸ਼ਿਵਾਲਿਕ ਪਬਲਿਕ ਸਕੂਲ ਨਵਾਂਸ਼ਹਿਰ ਵਿਖੇ ਆਪਣੇ ਦਫ਼ਤਰ ਵਿਖੇ ਚਲਾਇਆ ਜਾਵੇਗਾ। ਇਸ ਸਬੰਧੀ ਪੰਜਾਬ ਰਾਜ ਬਾਲ ਸੁਰੱਖਿਆ ਸੁਸਾਇਟੀ ਵੱਲੋਂ ਰਸਮੀ ਪ੍ਰਵਾਨਗੀ ਵੀ ਦੇ ਦਿੱਤੀ ਗਈ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜ) ਰਣਜੀਤ ਕੌਰ ਵੱਲੋਂ ਜ਼ਿਲਾ ਬਾਲ ਸੁਰੱਖਿਆ ਯੂਨਿਟ, ਜ਼ਿਲਾ ਪ੍ਰੋਗਰਾਮ ਅਫ਼ਸਰ, ਸੀ.ਡੀ.ਪੀ.ਓਜ਼ ਤੇ ਉਪਕਾਰ ਕੋਆਰਡੀਨੇਸ਼ਨ ਸੁਸਾਇਟੀ ਦੇ ਪ੍ਰਤੀਨਿਧੀਆਂ ਨਾਲ 'ਪੰਘੂੜੇ' ਦੀ ਤਿਆਰੀ ਸਬੰਧੀ ਕੀਤੀ ਗਈ ਮੀਟਿੰਗ ਦੌਰਾਨ ਦਿੱਤੀ ਗਈ। ਇਸ ਮੌਕੇ ਉਪਕਾਰ ਕੋਆਰਡੀਨੇਸ਼ਨ ਦੇ ਜਨਰਲ ਸਕੱਤਰ ਜੇ. ਐੱਸ. ਗਿੱਦਾ ਤੇ ਪ੍ਰਧਾਨ ਨਰਿੰਦਰ ਸਿੰਘ ਭਾਰਟਾ ਨੇ ਏ. ਡੀ. ਸੀ. ਨੂੰ ਆਪਣੇ ਵੱਲੋਂ ਕੀਤੇ ਜਾਣ ਵਾਲੇ ਪ੍ਰਬੰਧਾਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਪੰਘੂੜਾ ਬਣਾਉਣ ਸਬੰਧੀ ਮੋਹਾਲੀ ਦੀ ਇਕ ਫ਼ਰਮ ਨੂੰ ਆਰਡਰ ਦਿੱਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਪੰਘੂੜੇ 'ਚ ਆਉਣ ਵਾਲੇ ਕਿਸੇ ਵੀ ਬੱਚੇ ਦੀ ਸਾਂਭ-ਸੰਭਾਲ ਲਈ (24 ਘੰਟਿਆਂ ਲਈ) ਕੇਅਰ ਟੇਕਰ ਦਾ ਪ੍ਰਬੰਧ ਕੀਤਾ ਜਾਵੇਗਾ।
ਮੀਟਿੰਗ 'ਚ ਜ਼ਿਲਾ ਪ੍ਰੋਗਰਾਮ ਅਫ਼ਸਰ ਸਤੀਸ਼ ਕੁਮਾਰ, ਜ਼ਿਲਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ, ਸੀ. ਡੀ. ਪੀ. ਓਜ਼ ਸਵਿਤਾ ਰਾਣੀ ਤੇ ਜਗਰੂਪ ਸਿੰਘ ਤੇ ਹੋਰ ਮੌਜੂਦ ਸਨ।


Related News