ਸਰਕਾਰ ਨੂੰ ਲੱਗ ਰਿਹੈ ਅਰਬਾਂ ਰੁਪਏ ਦਾ ਚੂਨਾ, ਲੋਹਾ ਕਾਰੋਬਾਰ ’ਚ ਚਲ ਰਿਹੈ ਇਹ ਘਪਲਾ

Monday, Aug 24, 2020 - 06:27 PM (IST)

ਜਲੰਧਰ (ਖੁਰਾਣਾ) – ਕੁਝ ਸਾਲ ਪਹਿਲਾਂ ਜਲੰਧਰ ਦੀ ਇਕ ਫਰਮ ਨੂੰ ਜੀ. ਐੱਸ. ਟੀ. ਵਿਭਾਗ (ਉਸ ਸਮੇਂ ਵੈਟ) ਦੇ ਅਧਿਕਾਰੀਅਾਂ ਨੇ ਫੜਿਅਾ ਸੀ, ਜਿਸ ਨੇ ਇਕ ਹੀ ਸਾਲ ’ਚ ਲਗਭਗ 370 ਕਰੋੜ ਰੁਪਏ ਦੇ ਬੋਗਸ ਬਿੱਲ ਕੱਟ ਕੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਾਇਆ ਸੀ। ਹੈਰਾਨੀਜਨਕ ਗੱਲ ਇਹ ਹੈ ਕਿ ਉਸ ਫਰਮ ’ਤੇ ਭਾਰੀ ਜੁਰਮਾਨਾ ਕੀਤੇ ਜਾਣ ਦੇ ਬਾਵਜੂਦ ਅਜੇ ਤਕ ਇਹ ਮਾਮਲਾ ਪੂਰੀ ਤਰ੍ਹਾਂ ਹੱਲ ਨਹੀਂ ਹੋਇਆ ਅਤੇ ਨਾ ਹੀ ਇਸ ਮਾਮਲੇ ’ਚ ਦੋਸ਼ੀਅਾਂ ’ਤੇ ਕੋਈ ਕਾਰਵਾਈ ਹੀ ਕੀਤੀ ਗਈ ਹੈ। ਇਹੀ ਕਾਰਣ ਹੈ ਕਿ ਅੱਜ ਪੰਜਾਬ ’ਚ ਬੋਗਸ ਬਿੱਲਾਂ ਦਾ ਧੰਦਾ ਫਿਰ ਵਧ-ਫੁੱਲ ਰਿਹਾ ਹੈ, ਜਿਸ ਨਾਲ ਸਰਕਾਰਾਂ ਨੂੰ ਕਰੋੜਾਂ-ਅਰਬਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ।

ਸੂਤਰਾਂ ਦੀ ਮੰਨੀਏ ਤਾਂ ਪੰਜਾਬ ਦੇ ਲੋਹਾ ਕਾਰੋਬਾਰ ’ਚ ਬੋਗਸ ਬਿਲਿੰਗ ਦਾ ਧੰਦਾ ਇਸ ਸਮੇਂ ਸਭ ਤੋਂ ਵੱਧ ਹੈ। ਫਰਜ਼ੀ ਬਿੱਲਾਂ ਦੇ ਧੰਦੇ ’ਚ ਲੱਗੇ ਸੂਤਰਧਾਰਾਂ ਤੋਂ ਇਲਾਵਾ ਪੰਜਾਬ ਦੇ ਹਜ਼ਾਰਾਂ ਲੋਹਾ ਕਾਰੋਬਾਰੀਅਾਂ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਪਿਛਲੇ ਕੁਝ ਸਮੇਂ ਤੋਂ ਲੋਹੇ ਦੇ ਬੋਗਸ ਬਿੱਲ ਲੁਧਿਆਣਾ ਤੋਂ ਜੈਨਰੇਟ ਹੋ ਰਹੇ ਹਨ, ਜਦਕਿ ਉਨ੍ਹਾਂ ਬਿੱਲਾਂ ’ਤੇ ਅਸਲ ਮਾਲ ਜਲੰਧਰ ਤੋਂ ਲੋਡ ਹੁੰਦਾ ਹੈ ਅਤੇ ਇਹ ਮਾਲ ਹਿਮਾਚਲ ਦੇ ਬੱਦੀ ਤੇ ਹੋਰ ਇਲਾਕਿਅਾਂ ’ਚ ਪਹੁੰਚਦਾ ਹੈ, ਜਿੱਥੇ ਇਸ ’ਤੇ ਨਕਲੀ ਜੀ. ਐੱਸ. ਟੀ. ਰਿਫੰਡ ਵੀ ਲੈ ਲਿਆ ਜਾਂਦਾ ਹੈ। ਸੂਤਰ ਦੱਸਦੇ ਹਨ ਕਿ ਲੋਹੇ ਦੇ ਕਾਰੋਬਾਰ ’ਚ ਲੱਗੇ ਵੱਡੇ ਵਪਾਰੀਅਾਂ ਨੂੰ ਪਿਛਲੇ ਸਾਲਾਂ ਦੌਰਾਨ ਜੋ ਬੋਗਸ ਬਿੱਲ ਫੜਾਏ ਜਾ ਰਹੇ ਹਨ, ਉਹ ਦਰਅਸਲ ਮੰਡੀ ਗੋਬਿੰਦਗੜ੍ਹ ਤੋਂ ਜੈਨਰੇਟ ਹੁੰਦੇ ਹਨ। ਮੰਡੀ ਗੋਬਿੰਦਗੜ੍ਹ ਤੋਂ ਕੱਟੇ ਗਏ ਇਹ ਬਿੱਲ ਲੁਧਿਆਣਾ ਦੇ ਕੁਝ ਕਾਰੋਬਾਰੀਅਾਂ ਦੇ ਹੱਥਾਂ ’ਚ ਪਹੁੰਚ ਰਹੇ ਹਨ, ਜਿੱਥੋਂ ਬੋਗਸ ਬਿਲਿੰਗ ਕੀਤੀ ਜਾ ਰਹੀ ਹੈ ਅਤੇ ਇਕ-ਇਕ ਦਿਨ ’ਚ ਕਰੋੜਾਂ ਰੁਪਏ ਦੀ ਬਿਲਿੰਗ ਵੀ ਹੋ ਜਾਂਦੀ ਹੈ।

ਇਨ੍ਹਾਂ ਬਿੱਲਾਂ ਦੇ ਆਧਾਰ ’ਤੇ ਲੁਧਿਆਣਾ ਤੋਂ ਕੋਈ ਮਾਲ ਲੋਡ ਨਹੀਂ ਹੁੰਦਾ ਅਤੇ ਇਹ ਸਾਰਾ ਮਾਲ ਜਲੰਧਰ ਦੇ ਕਾਰੋਬਾਰੀਅਾਂ ਵੱਲੋਂ ਭੇਜਿਆ ਜਾਂਦਾ ਹੈ। ਵਧੇਰੇ ਮਾਲ ਹਿਮਾਚਲ ਦੇ ਇਲਾਕੇ ’ਚ ਸਥਿਤ ਬੱਦੀ ਤਾਂ ਜਾਂਦਾ ਹੀ ਹੈ, ਨਾਲ ਹੀ ਨਾਲ ਕਈ ਵਪਾਰੀ ਸੇਲ ਅਤੇ ਪ੍ਰਚੇਜ਼ ’ਚ ਅੈਡਜਸਟਮੈਂਟ ਕਰਨ ਲਈ ਵੀ ਬੋਗਸ ਬਿੱਲਾਂ ਦਾ ਸਹਾਰਾ ਲੈਂਦੇ ਹਨ।


Harinder Kaur

Content Editor

Related News