ਹੁਣ ਇੰਡਸਟਰੀ ਡਿਪਾਰਟਮੈਂਟ ’ਚ ਕਰੋੜਾਂ ਦੇ ਘਪਲੇ ਨੇ ਕਾਂਗਰਸ ਸਰਕਾਰ ਦੀ ਖੋਲ੍ਹੀ ਪੋਲ : ਕਾਲੀਆ
Wednesday, Jul 28, 2021 - 08:12 PM (IST)
ਜਲੰਧਰ(ਗੁਲਸ਼ਨ)– ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਨੇ ਅੱਜ ਸਥਾਨਕ ਸ਼ੀਤਲਾ ਮੰਦਿਰ ਸਥਿਤ ਭਾਜਪਾ ਦਫਤਰ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਘਪਲਿਆਂ ਦੀ ਸਰਕਾਰ ਬਣ ਚੁੱਕੀ ਹੈ। ਸ਼ਰਾਬ ਘਪਲਾ, ਮਾਲੀਆ ਵਿਭਾਗ ਵਿਚ ਘਪਲਾ, ਪੀ. ਡਬਲਯੂ. ਡੀ. ਵਿਭਾਗ ਵਿਚ ਘਪਲਾ, ਸਥਾਨਕ ਸਰਕਾਰਾਂ ਵਿਭਾਗ ਵਿਚ ਘਪਲਾ, ਕੋਰੋਨਾ ਮਹਾਮਾਰੀ ਦੌਰਾਨ ਫਤਿਹ ਕਿੱਟ ਘਪਲਾ, ਪੋਸਟ ਮੈਟ੍ਰਿਕ ਸਕਾਲਰਸ਼ਿਪ ਘਪਲਾ, ਮਾਈਨਿੰਗ ਘਪਲੇ ਤੋਂ ਬਾਅਦ ਹੁਣ ਇੰਡਸਟਰੀ ਡਿਪਾਰਟਮੈਂਟ ਵਿਚ 125 ਕਰੋੜ ਦਾ ਘਪਲਾ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ- ਨਾਬਾਲਿਗ ਪੋਤਰੇ ਨਾਲ ਦਾਦੇ ਨੇ ਕੀਤੀ ਬਦਫੈਲੀ: ਗ੍ਰਿਫਤਾਰ
ਕਾਲੀਆ ਨੇ ਕਿਹਾ ਕਿ ਪੰਜਾਬ ਸਮਾਲ ਸਕੇਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ਵੱਲੋਂ ਮੋਹਾਲੀ ਵਿਚ ਜੇ. ਸੀ. ਟੀ. ਇਲੈਕਟ੍ਰਾਨਿਕਸ ਦੇ 31 ਏਕੜ ਜ਼ਮੀਨ ਦੀ ਨਿਲਾਮੀ ’ਤੇ ਪੰਜਾਬ ਦੇ ਐਡਵੋਕੇਟ ਜਨਰਲ ਨੇ ਆਪਣੀ ਕਾਨੂੰਨੀ ਰਾਏ ਵਿਚ ਪੰਜਾਬ ਸਰਕਾਰ ਨੂੰ ਇਸ ਬੋਲੀ ਤੋਂ 125 ਕਰੋੜ ਰੁਪਏ ਦਾ ਨੁਕਸਾਨ ਹੋਣ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਉਸ ਸਮੇਂ ਵਿੰਨੀ ਮਹਾਜਨ ਸਹਾਇਕ ਮੁੱਖ ਸਕੱਤਰ ਦੇ ਅਹੁਦੇ ’ਤੇ ਤਾਇਨਾਤ ਸਨ ਅਤੇ ਉਨ੍ਹਾਂ ਦੀ ਪ੍ਰਵਾਨਗੀ ਤੋਂ ਬਾਅਦ ਬੋਲੀ ਸ਼ੁਰੂ ਕੀਤੀ ਗਈ ਸੀ। ਇਸ ਵਿਚ ਜੀ. ਆਰ. ਜੀ. ਡਿਵੈੱਲਪਰਜ਼ ਨੂੰ ਸਫਲ ਬੋਲੀਦਾਤਾ ਐਲਾਨਿਆ ਗਿਆ।
ਉਨ੍ਹਾਂ ਕਿਹਾ ਕਿ ਪੰਜਾਬ ਇਨਫੋਟੈੱਕ ਨੇ ਜਦੋਂ 31 ਏਕੜ ਦਾ ਪਲਾਟ 99 ਸਾਲ ਦੀ ਲੀਜ਼ ’ਤੇ ਦਿੱਤਾ ਸੀ ਤਾਂ ਬੋਲੀ ਦੀ ਰਕਮ ਵੀ ਪੰਜਾਬ ਇਨਫੋਟੈੱਕ ਦੇ ਖਾਤੇ ਵਿਚ ਹੀ ਜਾਣੀ ਚਾਹੀਦੀ ਸੀ ਪਰ ਜੀ. ਆਰ. ਜੀ. ਡਿਵੈੱਲਪਰਜ਼ ਨੇ ਸਿੱਧਾ ਪੀ. ਐੱਸ. ਆਈ. ਈ. ਸੀ. ਨੂੰ ਭੁਗਤਾਨ ਕਰਨ ਦੀ ਪੇਸ਼ਕਸ਼ ਕੀਤੀ ਅਤੇ ਪੰਜਾਬ ਇਨਫੋਟੈੱਕ ਨੂੰ ਇਸ ਬਾਰੇ ਭਰੋਸੇ ਵਿਚ ਨਹੀਂ ਲਿਆ। ਇਸ ਦਾ ਮਤਲਬ ਹੈ ਕਿ ਇਸ ਡੀਲ ਵਿਚ ਜ਼ਰੂਰ ਗੜਬੜ ਹੈ। ਉਨ੍ਹਾਂ ਨੇ ਇਸ ਪੂਰੇ ਮਾਮਲੇ ਦੀ ਸੀ. ਬੀ. ਆਈ. ਜਾਂਚ ਕਰਵਾਉਣ ਦੀ ਮੰਗ ਕੀਤੀ।
ਇਹ ਵੀ ਪੜ੍ਹੋ- ਪੁੱਤ ਨੂੰ ਵੇਖਣ ਲਈ ਤਰਸੇ ਮਾਪੇ, ਧੋਖਾਧੜੀ ਦਾ ਸ਼ਿਕਾਰ ਭੋਗਪੁਰ ਦਾ ਲੜਕਾ ਯੂਕਰੇਨ ਦੀ ਜੇਲ੍ਹ 'ਚ ਬੰਦ
ਇਸ ਤੋਂ ਇਲਾਵਾ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਰਾਣਾ ਗੁਰਮੀਤ ਸਿੰਘ ਸੋਢੀ ’ਤੇ 15 ਕਨਾਲ 6 ਮਰਲੇ ਜ਼ਮੀਨ ਦਾ 2 ਵਾਰ ਮੁਆਵਜ਼ਾ ਲੈਣ ਦੇ ਮਾਮਲੇ ਵਿਚ ਵੀ ਕਾਰਵਾਈ ਸ਼ੁਰੂ ਕਰਨ ਦੀ ਮੰਗ ਕੀਤੀ। ਕਾਲੀਆ ਨੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਉਦਯੋਗ ਮੰਤਰੀ ਸ਼ਾਮ ਸੁੰਦਰ ਅਰੋੜਾ ਅਤੇ ਮੁੱਖ ਸਕੱਤਰ ਵਿੰਨੀ ਮਹਾਜਨ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ।
ਇਸ ਮੌਕੇ ਮੁੱਖ ਤੌਰ ’ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ, ਸਾਬਕਾ ਮੇਅਰ ਸੁਨੀਲ ਜੋਤੀ, ਰਮਨ ਪੱਬੀ, ਅਸ਼ਵਨੀ ਦੀਵਾਨ ਹੈਪੀ, ਰਜਤ ਮਹਿੰਦਰੂ, ਅਮਿਤ ਭਾਟੀਆ, ਰਾਜੇਸ਼ ਕਪੂਰ ਅਤੇ ਬ੍ਰਜੇਸ਼ ਸ਼ਰਮਾ ਹਾਜ਼ਰ ਸਨ।