ਪਾਵਰਕਾਮ ਦੀ ਸਾਹਨੇਵਾਲ ਡਵੀਜ਼ਨ ’ਚ ਕਰੋਡ਼ਾਂ ਰੁਪਏ ਦਾ ਫਰਜ਼ੀ ਬਿਲਿੰਗ ਘਪਲਾ
Saturday, Jul 28, 2018 - 05:19 AM (IST)
ਲੁਧਿਆਣਾ(ਸਲੂਜਾ)-ਪਾਵਰਕਾਮ ਦੀ ਸੁੰਦਰ ਨਗਰ ਡਵੀਜ਼ਨ ਤੋਂ ਬਾਅਦ ਸਾਹਨੇਵਾਲ ਡਵੀਜ਼ਨ ’ਚ ਵੀ ਕਰੋਡ਼ਾਂ ਰੁਪਏ ਦਾ ਫਰਜ਼ੀ ਬਿਲਿੰਗ ਘਪਲਾ ਹੋਣ ਨਾਲ ਵਿਭਾਗ ’ਚ ਭੱਜ-ਦੌਡ਼ ਮਚ ਗਈ ਹੈ। ਇਸ ਮਾਮਲੇ ’ਚ ਵਿਭਾਗ ਵਲੋਂ ਆਏ. ਏ. ਨੂੰ ਸਸਪੈਂਡ ਕਰਨ ਦੇ ਨਾਲ ਹੀ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਹੈ। ਇਥੇ ਇਹ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੁੰਦਰ ਨਗਰ ਡਵੀਜ਼ਨ ’ਚ ਹੋਏ ਫਰਜ਼ੀ ਬਿਲਿੰਗ ਘਪਲਿਆਂ ’ਚ ਵੀ ਆਰ. ਏ. ਨੂੰ ਸਸਪੈਂਡ ਕਰਨ ਦੇ ਨਾਲ ਹੀ 3 ਪ੍ਰਾਈਵੇਟ ਮੁਲਾਜ਼ਮਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ ਲਈ ਪੁਲਸ ਨੂੰ ਬਾਕਾਇਦਾ ਲਿਖਤ ਤੌਰ ’ਤੇ ਸ਼ਿਕਾਇਤ ਵੀ ਦਿੱਤੀ ਗਈ। ਇਹ ਵੀ ਪਤਾ ਲੱਗਿਆ ਹੈ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਲਈ ਵਿਭਾਗ ਨੇ ਪੀਡ਼ਤ ਉਪਭੋਗਤਾ ਤੋਂ ਐਫੀਡੇਵਟ ਵੀ ਸ਼ਿਕਾਇਤ ਦੇ ਰੂਪ ’ਚ ਐੱਸ. ਪੀ. ਕਰਾਈਮ ਨੂੰ ਦਿੱਤੇ ਹਨ ਪਰ ਅੱਜ ਤੱਕ ਨਾ ਤਾਂ ਕਿਸੇ ਵੀ ਦੋਸ਼ੀ ਮੁਲਾਜ਼ਮ ਦੇ ਖਿਲਾਫ ਐੱਫ. ਆਈ. ਆਰ. ਦਰਜ ਹੋਈ ਅਤੇ ਨਾ ਹੀ ਕਿਸੇ ਨੂੰ ਕਾਬੂ ਕੀਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਕਰੋਡ਼ਾਂ ਰੁਪਏ ਦੇ ਘਪਲੇ ’ਚ ਪਾਵਰਕਾਮ ਵਲੋਂ ਕੀਤੀ ਗਈ ਜਾਂਚ ਦੌਰਾਨ 2 ਆਰ. ਏ. ਸਮੇਤ 15 ਦੇ ਲਗਭਗ ਮੁਲਾਜ਼ਮ, ਜਿਨ੍ਹਾਂ ’ਚ ਜ਼ਿਆਦਾਤਰ ਪ੍ਰਾਈਵੇਟ ਹੀ ਹਨ ਦੀ ਸ਼ਮੂਲੀਅਤ ਨਜ਼ਰ ਆਈ ਹੈ। ਪ੍ਰਾਈਵੇਟ ਮੁਲਾਜ਼ਮਾਂ ਨੂੰ ਤਾਂ ਨੌਕਰੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਜਦ ਕਿ ਆਰ. ਏ. ਤੋਂ ਜਵਾਬ ਤਲਬੀ ਕੀਤੀ ਜਾ ਰਹੀ ਹੈ। ਵਿਭਾਗੀ ਪੱਧਰ ’ਤੇ ਹੋਈ ਹੁਣ ਤੱਕ ਦੀ ਜਾਂਚ ’ਚ ਸੁੰਦਰ ਨਗਰ ਦੇ ਆਰ. ਏ. ਦੀ ਘਪਲੇਬਾਜ਼ੀ ’ਚ ਸਿੱਧੇ ਤੌਰ ’ਤੇ ਸ਼ਮੂਲੀਅਤ ਸਾਹਮਣੇ ਨਹੀਂ ਆ ਰਹੀ। ਜਦਕਿ ਸਾਹਨੇਵਾਲ ਮਾਮਲੇ ’ਚ ਆਰ. ਏ. ਦੇ ਸ਼ਾਮਲ ਹੋਣ ਬਾਰੇ ’ਚ ਸੰਕੇਤ ਮਿਲੇ ਹਨ। ਫਿਲਹਾਲ ਵਿਭਾਗੀ ਅਤੇ ਪੁਲਸ ਜਾਂਚ ਹੋਣ ਦੇ ਬਾਅਦ ਹੀ ਇਹ ਪਤਾ ਲੱਗ ਸਕੇਗਾ ਕਿ ਇਨ੍ਹਾਂ ਮਾਮਲਿਆਂ ’ਚ ਦੋਵੇਂ ਆਰ. ਏ. ਦੀ ਕਿਸ ਹੱਦ ਤੱਕ ਸ਼ਮੂਲੀਅਤ ਰਹੀ।
ਚੈੱਕ ਬਾਊਂਸ ਤੇ ਰਿਵਰਸ ਐਂਟਰੀ ਦੀ ਗੇਮ
ਕਰੋਡ਼ਾਂ ਰੁਪਏ ਦੀ ਘਪਲੇਬਾਜ਼ੀ ’ਚ ਸ਼ਾਤਿਰ ਮੁਲਾਜ਼ਮਾਂ ਨੇ ਚੈੱਕ ਬਾਊਂਸ ਤੇ ਰਿਵਰਸ ਐਂਟਰੀ ਨੂੰ ਇਸ ਤਰ੍ਹਾਂ ਦੀ ਗੇਮ ਖੇਡੀ ਕਿ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਤਾਂ ਕੀ ਆਡਿਟ ਵਿਭਾਗ ਨੂੰ ਵੀ ਕਈ ਮਹੀਨਿਆਂ ਤੱਕ ਇਸ ਦਾ ਪਤਾ ਨਹੀਂ ਲੱਗਿਆ। ਜਦ ਇਕ ਦੇ ਬਾਅਦ ਇਕ ਫਰਜ਼ੀ ਬਿਲਿੰਗ ਦਾ ਮਾਮਲਾ ਸਾਹਮਣੇ ਆਇਆ ਤਾਂ ਇਹ ਗਿਣਤੀ 10 ਹਜ਼ਾਰ ਦਾ ਅੰਕਡ਼ਾਂ ਵੀ ਪਾਰ ਕਰ ਗਈ। ਇਹ ਵੀ ਪਤਾ ਲੱਗਿਆ ਹੈ ਕਿ ਇਸ ਤਰ੍ਹਾਂ ਦੀ ਘਪਲੇਬਾਜ਼ੀ ਕੇਵਲ ਲੁਧਿਆਣਾ ਪਾਵਰਕਾਮ ਦੇ ਆਫਿਸਾਂ ’ਚ ਹੀ ਨਹੀਂ ਸਗੋਂ ਪੰਜਾਬ ਦੇ ਹੋਰ ਸ਼ਹਿਰਾਂ ’ਚ ਵੀ ਸਾਹਮਣੇ ਆਉਣੀ ਸ਼ੁਰੂ ਹੋ ਗਈ ਹੈ।
ਆਰ. ਏ. ਦਾ ਆਈ. ਡੀ. ਪਾਸਵਰਡ ਅਹਿਮ ਕਡ਼ੀ
ਵਿਭਾਗੀ ਸੂਤਰਾਂ ਦੇ ਮੁਤਾਬਕ ਬਿਲਿੰਗ ਦੇ ਮਾਮਲੇ ’ਚ ਤਦ ਤੱਕ ਕਿਸੇ ਵੀ ਪੱਧਰ ’ਤੇ ਕੋਈ ਘਪਲੇਬਾਜ਼ੀ ਸੰਭਵ ਨਹੀਂ ਹੈ, ਜਦ ਤੱਕ ਆਰ. ਏ. ਦਾ ਆਈ. ਡੀ. ਪਾਸਵਰਡ ਲੀਕ ਨਾ ਹੋਇਆ ਹੋਵੇ ਜਾਂ ਉਸ ਦਾ ਦੁਰਉਪਯੋਗ ਨਾ ਹੋਇਆ ਹੋਵੇ। ਇਹ ਵੀ ਪਤਾ ਲੱਗਿਆ ਹੈ ਕਿ ਜੋ ਹੁਣ ਤੱਕ ਕਰੋਡ਼ਾਂ ਰੁਪਏ ਦੇ ਬਿਜਲੀ ਬਿਲਿੰਗ ਦੀ ਘਪਲੇਬਾਜ਼ੀ ਦੇ ਮਾਮਲੇ ਵਿਚ ਸਾਹਮਣੇ ਆਏ ਹਨ, ਉਸ ਵਿਚ ਆਰ. ਏ. ਦਾ ਆਈ. ਡੀ. ਪਾਸਵਰਡ ਤਾਂ ਇਸਤੇਮਾਲ ਹੋਇਆ ਹੀ ਹੈ, ਨਾਲ ਹੀ ਜਾਂਚ ’ਚ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਆਰ. ਏ. ਦੇ ਕੰਪਿਊਟਰ ਤੱਕ ਦਾ ਇਸਤੇਮਾਲ ਵੀ ਸ਼ਾਤਿਰ ਮੁਲਾਜ਼ਮਾਂ ਵਲੋਂ ਕੀਤਾ ਗਿਆ ਹੈ।
